ਭਗਵੰਤ ਮਾਨ ਹੋਣਗੇ ਪੰਜਾਬ ਦੇ ਸਭ ਤੋਂ ਛੋਟੀ ਉਮਰ ਦੇ ਮੁੱਖ ਮੰਤਰੀ

MANN-RESIGN

(Bhagwant Mann) 48 ਸਾਲ ਦੀ ਉਮਰ ਵਿੱਚ ਮਾਨ ਨੇ ਹਾਸਲ ਕੀਤੀ ਇਹ ਉਪਲਬਧੀ

  • ਕਾਂਗਰਸ, ਅਕਾਲੀ ਦਲ ਤੋਂ ਬਿਨਾਂ ਪਹਿਲੀ ਵਾਰ ਬਣੇਗਾ ਕਿਸੇ ਹੋਰ ਪਾਰਟੀ ਦਾ ‘ਸੀਐਮ’

(ਗੁਰਪ੍ਰੀਤ ਸਿੰਘ) ਸੰਗਰੂਰ। ਪਿਛਲੇ ਦਿਨੀਂ ਨੇਪਰੇ ਚੜ੍ਹੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਹੱਕ ’ਚ ਵੱਡਾ ਫ਼ਤਵਾ ਦਿੱਤਾ ਹੈ ਆਮ ਆਦਮੀ ਪਾਰਟੀ ਦੇ ਸਰਕਾਰ ਬਣਾਉਣ ਦਾ ਰਾਹ ਬਿਲਕੁਲ ਸਾਫ਼ ਹੋ ਚੁੱਕਿਆ ਹੈ ਤੇ ਆਉਂਦੀ 16 ਮਾਰਚ ਨੂੰ ਖਟਕਲ ਕਲਾਂ ਵਿਖੇ ਪਾਰਟੀ ਵੱਲੋਂ ਸਹੁੰ ਚੁੱਕ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਭਗਵੰਤ ਮਾਨ (Bhagwant Mann) ਮੁੱਖ ਮੰਤਰੀ ਦੇ ਤੌਰ ’ਤੇ ਸਹੁੰ ਚੁੱਕਣ ਦੇ ਨਾਲ-ਨਾਲ ਮੰਤਰੀ ਮੰਡਲ ਵੀ ਸਹੁੰ ਚੁੱਕ ਸਕਦਾ ਹੈ।

ਇਸ ਸਮਾਗਮ ਦੀਆਂ ਮੁੱਢਲੀਆਂ ਤਿਆਰੀਆਂ ਆਰੰਭ ਹੋ ਚੁੱਕੀਆਂ ਹਨ ਆਮ ਆਦਮੀ ਪਾਰਟੀ ਨੂੰ ਆਪਣੇ ਬਲਬੂਤੇ ਜਿਤਾਉਣ ਵਾਲੇ ਭਗਵੰਤ ਮਾਨ ਪੰਜਾਬ ਦੇ 17ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ ਭਗਵੰਤ ਮਾਨ ਦੇ ਸਹੁੰ ਚੁੱਕਣ ਨਾਲ ਦੋ ਵੱਡੀਆਂ ਪ੍ਰਾਪਤੀਆਂ ਇਨ੍ਹਾਂ ਦੇ ਨਾਲ ਹੋਰ ਜੁੜ ਜਾਣਗੀਆਂ, ਜਿਨ੍ਹਾਂ ਵਿੱਚੋਂ ਇੱਕ ਭਗਵੰਤ ਮਾਨ ਪੰਜਾਬ ਦੇ ਸਭ ਤੋਂ ਛੋਟੀ ਉਮਰ ਦੇ ਮੁੱਖ ਮੰਤਰੀ ਹੋਣਗੇ, ਦੂਜਾ ਇਹ ਕਿ ਇਸ ਅਹੁਦੇ ’ਤੇ ਉਹ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਤੋਂ ਬਾਅਦ ਪੁੱਜਣ ਵਾਲੇ ਪਹਿਲੇ ਲੀਡਰ ਹੋਣਗੇ ਇਸ ਤੋਂ ਪਹਿਲਾਂ ਪੰਜਾਬ ਵਿੱਚ ਹੁਣ ਤੱਕ ਸਿਰਫ਼ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਪਾਰਟੀ ਨਾਲ ਸਬੰਧਿਤ ਹੀ ਮੁੱਖ ਮੰਤਰੀ ਬਣਦੇ ਰਹੇ।

  • ਕਾਂਗਰਸ, ਅਕਾਲੀ ਦਲ ਤੋਂ ਬਿਨਾਂ ਪਹਿਲੀ ਵਾਰ ਬਣੇਗਾ ਕਿਸੇ ਹੋਰ ਪਾਰਟੀ ਦਾ ‘ਸੀਐਮ’ (Bhagwant Mann)

ਜੇਕਰ ਪੰਜਾਬ ਵਿੱਚ ਹੁਣ ਤੱਕ ਦੇ ਮੁੱਖ ਮੰਤਰੀਆਂ ਦੀ ਉਮਰ ’ਤੇ ਨਜ਼ਰ ਦੌੜਾਈ ਜਾਵੇ ਤਾਂ ਭਗਵੰਤ ਮਾਨ ਇਨ੍ਹਾਂ ਸਾਰਿਆਂ ਵਿੱਚੋਂ ਨੌਜਵਾਨ ਨਜ਼ਰ ਆਉਣਗੇ ਜਿਵੇਂ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਗੋਪੀ ਚੰਦ ਭਾਰਗਵ ਨੇ 58 ਸਾਲ ਦੀ ਉਮਰ ਤੱਕ ਪਹੁੰਚਦਿਆਂ ਹੀ ਮੁੱਖ ਮੰਤਰੀ ਦਾ ਅਹੁਦਾ ਹਾਸਲ ਕੀਤਾ ਉਹ 1947 ਤੋਂ 1949 ਤੱਕ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ’ਤੇ ਰਹੇ ਇਸ ਤੋਂ ਬਾਅਦ ਭੀਮ ਸੈਨ ਸੱਚਰ ਨੇ 1949 ਵਿੱਚ ਆ ਕੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਕਮਾਨ ਸੰਭਾਲੀ, ਉਦੋਂ ਸ੍ਰੀ ਸੱਚਰ ਦੀ ਉਮਰ 56 ਸਾਲ ਦੇ ਲਗਭਗ ਸੀ

ਪੰਜਾਬ ਦੇ ਪ੍ਰਸਿੱਧ ਮੁੱਖ ਮੰਤਰੀ ਰਹੇ ਗਿਆਨੀ ਗੁਰਮੁਖ ਸਿੰਘ ਮੁਸਾਫ਼ਰ

ਇਸ ਤੋਂ ਬਾਅਦ ਮੁੜ ਗੋਪੀ ਚੰਦ ਭਾਰਗਵ ਅਤੇ ਭੀਮ ਸੈਨ ਸੱਚਰ ਵਾਰੋ ਵਾਰੀ ਪੰਜਾਬ ਦੇ ਮੁੱਖ ਮੰਤਰੀ ਬਣਦੇ ਰਹੇ 1964 ਵਿੱਚ ਬਦਲਾਅ ਹੋਇਆ ਤਾਂ ਰਾਮ ਕਿਸ਼ਨ ਵੱਲੋਂ ਪੰਜਾਬ ਦੇ ਪੰਜਵੇਂ ਮੁੱਖ ਮੰਤਰੀ ਦੇ ਰੂਪ ਵਿੱਚ ਕਾਰਜ ਭਾਰ ਸੰਭਾਲਿਆ, ਉਦੋਂ ਰਾਮ ਕਿਸ਼ਨ ਦੀ ਉਮਰ 51 ਵਰ੍ਹਿਆਂ ਦੇ ਲਗਭਗ ਸੀ ਇਸ ਤੋਂ ਬਾਅਦ ਪੰਜਾਬ ਦੇ ਪ੍ਰਸਿੱਧ ਮੁੱਖ ਮੰਤਰੀ ਰਹੇ ਗਿਆਨੀ ਗੁਰਮੁਖ ਸਿੰਘ ਮੁਸਾਫ਼ਰ ਨੇ 1966 ਤੋਂ 1967 ਤੱਕ 60 ਸਾਲ ਦੀ ਉਮਰ ਵਿੱਚ ਪੰਜਾਬ ਦੇ ਮੁੁੱਖ ਮੰਤਰੀ ਦਾ ਅਹੁਦਾ ਸਾਂਭਿਆ ਗਿਆਨੀ ਗੁਰਮੁਖ ਸਿੰਘ ਤੋਂ ਬਾਅਦ ਗੁਰਨਾਮ ਸਿੰਘ ਨੇ 1967 ਵਿੱਚ 65 ਸਾਲ ਦੀ ਉਮਰ ਵਿੱਚ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ।

ਪੰਜਾਬੀ ਸੂਬਾ ਬਣਨ ਤੋਂ ਬਾਅਦ ਲਛਮਣ ਸਿੰਘ ਗਿੱਲ ਹੀ ਇੱਕ ਅਜਿਹੇ ਮੁੱਖ ਮੰਤਰੀ ਬਣੇ, ਜਿਨ੍ਹਾਂ ਨੇ ਆਪਣੇ ਤੋਂ ਪਹਿਲਾਂ ਵਾਲੇ ਸਾਰੇ ਮੁੱਖ ਮੰਤਰੀਆਂ ਤੋਂ ਘੱਟ ਉਮਰ ਭਾਵ 50 ਸਾਲ ਦੀ ਉਮਰ ਵਿੱਚ ਇਸ ਅਹੁਦੇ ’ਤੇ ਬੈਠੇ ਇਨ੍ਹਾਂ ਤੋਂ ਬਾਅਦ 1967-68 ਵਿੱਚ ਮੁੜ ਗੁਰਨਾਮ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣੇ ਗੁਰਨਾਮ ਸਿੰਘ ਦੇ ਅਹੁਦਾ ਛੱਡਣ ਤੋਂ ਬਾਅਦ ਗਿਆਨੀ ਜ਼ੈਲ ਸਿੰਘ ਕਾਂਗਰਸ ਦੇ ਵੱਡੇ ਆਗੂ ਜਿਹੜੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਬਹੁਤ ਨੇੜਲੇ ਆਗੂਆਂ ਵਿੱਚੋਂ ਇੱਕ ਸਨ, ਨੂੰ 1972-73 ਵਿੱਚ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਗਿਆ, ਉਦੋਂ ਗਿਆਨੀ ਜ਼ੈਲ ਸਿੰਘ ਦੀ ਉਮਰ 56 ਵਰ੍ਹਿਆਂ ਦੇ ਕਰੀਬ ਸੀ ਗਿਆਨੀ ਜ਼ੈਲ ਸਿੰਘ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸਿਰਕੱਢ ਆਗੂ ਪ੍ਰਕਾਸ਼ ਸਿੰਘ ਬਾਦਲ ਨੂੰ 50 ਵਰ੍ਹਿਆਂ ਦੀ ਉਮਰ ਵਿੱਚ ਪਹਿਲੀ ਵਾਰ ਮੁੱਖ ਮੰਤਰੀ ਬਣਨ ਦਾ ਮੌਕਾ ਮਿਲਿਆ।

ਬੀਬੀ ਰਾਜਿੰਦਰ ਕੌਰ ਭੱਠਲ ਨੂੰ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਹੋਣ ਦਾ ਮਾਣ

ਇਸ ਤੋਂ ਬਾਅਦ ਸਮੇਂ ਸਮੇਂ ’ਤੇ ਪੰਜ ਵਾਰ ਸ: ਬਾਦਲ ਪੰਜਾਬ ਦੇ ਮੁੱਖ ਮੰਤਰੀ ਬਣਦੇ ਰਹੇ 1980 ਵਿੱਚ ਦਰਬਾਰਾ ਸਿੰਘ ਨੂੰ ਜਦੋਂ ਪੰਜਾਬ ਦਾ ਮੁੱਖ ਮੰਤਰੀ ਬਣਾਇਆ, ਉਦੋਂ ਉਨ੍ਹਾਂ ਦੀ ਉਮਰ 64 ਸਾਲਾਂ ਦੀ ਸੀ ਇਸ ਤੋਂ ਬਾਅਦ 60 ਸਾਲਾ ਸੀਨੀਅਰ ਅਕਾਲੀ ਆਗੂ ਸੁਰਜੀਤ ਸਿੰਘ ਬਰਨਾਲਾ ਨੂੰ 1985 ਵਿੱਚ ਪੰਜਾਬ ਦਾ ਮੁੱਖ ਮੰਤਰੀ ਥਾਪਿਆ ਗਿਆ

ਸੁਰਜੀਤ ਸਿੰਘ ਬਰਨਾਲਾ ਤੋਂ ਬਾਅਦ ਕਾਂਗਰਸ ਦੇ ਬੇਅੰਤ ਸਿੰਘ ਨੂੰ ਅੱਤਵਾਦ ਦੇ ਸਮੇਂ 1992 ਵਿੱਚ 70 ਵਰ੍ਹਿਆਂ ਦੀ ਉਮਰ ’ਚ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਗਿਆ ਸ: ਬੇਅੰਤ ਸਿੰਘ ਦੀ ਬੰਬ ਧਮਾਕੇ ਨਾਲ ਹੋਈ ਮੌਤ ਤੋਂ ਬਾਅਦ ਕਾਂਗਰਸ ਦੇ ਮੁਕਤਸਰ ਇਲਾਕੇ ਦੇ ਸੀਨੀਅਰ ਆਗੂ ਹਰਚਰਨ ਸਿੰਘ ਬਰਾੜ 73 ਸਾਲ ਦੀ ਉਮਰ ਵਿੱਚ ਪੰਜਾਬ ਦੇ ਮੁੱਖ ਮੰਤਰੀ ਬਣੇ ਸ: ਬਰਾੜ ਤੋਂ ਬਾਅਦ ਕਾਂਗਰਸ ਦੀ ਹੀ ਬੀਬੀ ਰਾਜਿੰਦਰ ਕੌਰ ਭੱਠਲ ਨੂੰ 52 ਸਾਲ ਦੀ ਉਮਰ ਵਿੱਚ ਮੁੱਖ ਮੰਤਰੀ ਬਣਾਇਆ ਗਿਆ, ਬੀਬੀ ਰਾਜਿੰਦਰ ਕੌਰ ਭੱਠਲ ਨੂੰ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਹੋਣ ਦਾ ਮਾਣ ਵੀ ਹਾਸਲ ਹੈ।

2002 ਵਿੱਚ ਕੈਪਟਨ ਅਮਰਿੰਦਰ ਸਿੰਘ 75 ਸਾਲ ਦੀ ਉਮਰ ਵਿੱਚ ਮੁੱਖ ਮੰਤਰੀ ਬਣੇ ਕਾਂਗਰਸ ਪਾਰਟੀ ਵਿੱਚ ਕਲੇਸ਼ ਪੈਣ ਤੋਂ ਬਾਅਦ 2022 ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਥਾਂ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਗਿਆ, ਚੰਨੀ 58 ਸਾਲਾਂ ਦੇ ਹਨ ਹੁਣ 2022 ਵਿੱਚ ਆਮ ਆਦਮੀ ਪਾਰਟੀ ਦੇ ਸੂਬਾ ਕਨਵੀਨਰ ਭਗਵੰਤ ਸਿੰਘ ਮਾਨ ਨੂੰ ਪੰਜਾਬ ਦਾ 17ਵਾਂ ਮੁੱਖ ਮੰਤਰੀ ਬਣਾਇਆ ਜਾ ਰਿਹਾ ਹੈ ਭਗਵੰਤ ਮਾਨ ਦਾ ਜਨਮ 1973 ਵਿਖੇ ਪਿੰਡ ਸਤੌਜ ਵਿਖੇ ਮਾਸਟਰ ਮਹਿੰਦਰ ਸਿੰਘ ਤੇ ਮਾਤਾ ਹਰਪਾਲ ਕੌਰ ਦੇ ਘਰ ਹੋਇਆ ਭਗਵੰਤ ਮਾਨ ਦੀ ਉਮਰ 48 ਸਾਲ ਦੇ ਕਰੀਬ ਬਣਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ