ਗਊਸ਼ਾਲਾ ‘ਚ ਮਨਰੇਗਾ ਤਹਿਤ ਬਣੇ ਪਾਰਕ ਲਈ ਜ਼ਿਲ੍ਹਾ ਪ੍ਰੀਸ਼ਦ ਦੀ ਕੌਮੀ ਪੁਰਸਕਾਰ ਲਈ ਚੋਣ
- 21 ਜੂਨ ਨੂੰ ਨਵੀਂ ਦਿੱਲੀ ‘ਚ ਹੋਣ ਵਾਲੇ ਸਮਾਗਮ ‘ਚ ਅਧਿਕਾਰੀ ਪ੍ਰਾਪਤ ਕਰਨਗੇ ਇਹ ਪੁਰਸਕਾਰ
ਮਾਨਸਾ, (ਸੁਖਜੀਤ ਮਾਨ/ਸੱਚ ਕਹੂੰ ਨਿਊਜ਼)। ਪਿੰਡ ਖੋਖਰ ਕਲਾਂ ‘ਚ ਬਣੀ ਗਊਸ਼ਾਲਾ ਸਿਰਫ ਗਊਆਂ ਹੀ ਨਹੀਂ ਸਗੋਂ ਸੰਭਾਲਦੀ ਸਗੋਂ ਇਸ ਖੇਤਰ ਦੇ ਲੋਕਾਂ ਲਈ ਸੈਰ ਸਪਾਟੇ ਲਈ ਵਧੀਆ ਥਾਂ ਵੀ ਬਣੀ ਹੋਈ ਹੈ। ਗਊਸ਼ਾਲਾ ‘ਚ ਬਣਿਆ ਪਾਰਕ, ਪੰਜਾਬੀ ਸੱਭਿਆਚਾਰ ਦੀਆਂ ਝਲਕੀਆਂ ਪੇਸ਼ ਕਰਦੇ ਆਦਮ ਕੱਦ ਬੁੱਤ ਇੱਥੇ ਆਉਣ ਵਾਲਿਆਂ ਦੀ ਖਿੱਚ ਦਾ ਕੇਂਦਰ ਬਣਦੇ ਹਨ। ਇਸ ਪਾਰਕ ਦੀ ਸੁੰਦਰਤਾ ਅਤੇ ਲੋਕਾਂ ਦੀ ਚਾਹਤ ਬਣਨ ਕਾਰਨ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦਾ ਨਾਂਅ ਦੇਸ਼ ਭਰ ‘ਚ ਚਮਕ ਗਿਆ ਹੈ। ਜਿਸਦੇ ਸਿੱਟੇ ਵਜੋਂ ਪ੍ਰੀਸ਼ਦ ਨੂੰ ਦੋ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ।
21 ਜੂਨ ਨੂੰ ਨਵੀਂ ਦਿੱਲੀ ‘ਚ ਹੋ ਰਹੇ ਇੱਕ ਸਮਾਗਮ ਦੌਰਾਨ ਇਹ ਪੁਰਸਕਾਰ ਮਾਨਸਾ ਦੇ ਅਧਿਕਾਰੀ ਪ੍ਰਾਪਤ ਕਰਨਗੇ। ਇਹ ਪੁਰਸਕਾਰ ਸਕੌਚ ਗਰੁੱਪ ਵੱਲੋਂ ਦਿੱਤਾ ਜਾਵੇਗਾ। ਇਸ ਗਰੁੱਪ ਨੇ ਇਨ੍ਹਾਂ ਪੁਰਸਕਾਰਾਂ ਲਈ ਅਰਜ਼ੀਆਂ ਮੰਗੀਆਂ ਸਨ। ਉਨ੍ਹਾਂ ਅਰਜੀਆਂ ਦੇ ਅਧਾਰ ‘ਤੇ ਕਾਰਜ਼ਾਂ ਦੀ ਚੋਣ ਮਗਰੋਂ ਹੋਰ ਪ੍ਰਕ੍ਰਿਆ ਮੁਕੰਮਲ ਹੋਣ ਮਗਰੋਂ ਇਸ ਪੁਰਸਕਾਰ ਲਈ ਚੋਣ ਕੀਤੀ ਜਾਂਦੀ ਹੈ। ਇਸ ਗਊਸ਼ਾਲਾ ਤੋਂ ਇਲਾਵਾ ਜ਼ਿਲ੍ਹੇ ‘ਚ ਮਨਰੇਗਾ ਤਹਿਤ ਕਰਵਾਏ ਹੋਰ ਕਾਰਜ਼ ਵੀ ਪੁਰਸਕਾਰ ਲਈ ਸਹਾਈ ਸਿੱਧ ਹੋਏ ਹਨ।
ਹਾਸਿਲ ਹੋਏ ਵੇਰਵਿਆਂ ਮੁਤਾਬਿਕ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਨੂੰ ਇਹ ਪੁਰਸਕਾਰ ਪਿੰਡ ਖੋਖਰ ਕਲਾਂ ‘ਚ ਬਣੀ ਗਊਸ਼ਾਲਾ ਤੇ ਸਵੱਛ ਭਾਰਤ ਮੁਹਿੰਮ ਤਹਿਤ ਪ੍ਰਧਾਨ ਮੰਤਰੀ ਆਵਾਸ ਯਜਨਾ ਤਹਿਤ ਮਕਾਨ ਬਣਾਉਣ, ਪਖਾਨੇ ਬਣਾਵੁਣ ਤੇ ਮਨਰੇਗਾ ਮਜ਼ਦੂਰਾਂ ਨੂੰ 90 ਦਿਨ ਰੁਜ਼ਗਾਰ ਮੁਹੱਈਆ ਕਰਵਾਉਣ ਕਰਕੇ ਮਿਲ ਰਹੇ ਹਨ। ਪਿੰਡ ਖੋਖਰ ਕਲਾਂ ‘ਚ ਬਣੀ ਗਊਸ਼ਾਲਾ ‘ਚ ਸਿਰਫ ਗਊਆਂ ਹੀ ਨਹੀਂ ਰੱਖੀਆਂ ਜਾਂਦੀਆਂ ਸਗੋਂ ਇੱਥੇ ਬਣੇ ਪਾਰਕ, ਝੂਲੇ ਅਤੇ ਊਠ ਦੀ ਸਵਾਰੀ ਆਦਿ ਕਾਰਨ ਇਹ ਸੈਰ ਸਪਾਟੇ ਵਜੋਂ ਵੀ ਪ੍ਰਸਿੱਧ ਹੋਈ ਹੈ। ਇਸ ਥਾਂ ‘ਤੇ ਪੰਜਾਬੀ ਸੱਭਿਆਚਾਰ ਦੀਆਂ ਝਲਕੀਆਂ ਨੂੰ ਦਰਸਾਉਂਦੇ ਗੇਟ ਵੀ ਬਣਾਏ ਗਏ ਹਨ।
ਇਸ ਪਾਰਕ ਨੂੰ ਮਨਰੇਗਾ ਕਾਰਜਾਂ ਤਹਿਤ 22 ਲੱਖ 81 ਹਜ਼ਾਰ ਰੁਪਏ ਨਾਲ ਬਣਵਾਇਆ ਗਿਆ ਹੈ। ਇਸ ਗਊਸ਼ਾਲਾ ਤੋਂ ਇਲਾਵਾ ਸਵੱਛ ਭਾਰਤ ਮੁਹਿੰਮ ਤਹਿਤ ਬਣਾਏ ਗਏ ਮਕਾਨ, ਸਵੱਛ ਭਾਰਤ ਮੁਹਿੰਮ ਤਹਿਤ ਪਖਾਨੇ, ਮਨਰੇਗਾ ਤਹਿਤ ਮਿਲਿਆ ਰੁਜ਼ਗਾਰ, ਪ੍ਰਧਾਨ ਮੰਤਰੀ ਆਵਸ ਯੋਜਨਾ ਤਹਿਤ ਬਣਾ ਕੇ ਦਿੱਤ।ੇ ਮਕਾਨਾਂ ਦਾ ਵੀ ਪੁਰਸਕਾਰ ਹਾਸਿਲ ਕਰਵਾਉਣ ‘ਚ ਅਹਿਮ ਯੋਗਦਾਨ ਹੈ। ਜ਼ਿਲ੍ਹੇ ਭਰ ‘ਚ 1210 ਮਕਾਨ ਬਣਾ ਕੇ ਦਿੱਤੇ ਗਏ ਹਨ ਜਿੰਨਾਂ ‘ਚ 861.96 ਲੱਖ ਰੁਪਏ ਖਰਚ ਕੀਤੇ ਗਏ ਹਨ।
ਇਸ ਤੋਂ ਇਲਾਵਾ ਮਨਰੇਗਾ ਤਹਿਤ 1210 ਪਰਿਵਾਰਾਂ ਨੂੰ 114.225 ਲੱਖ ਰੁਪਏ ਮਜ਼ਦੂਰਾਂ ਨੂੰ ਦਿੱਤੇ ਗਏ ਮਨਰੇਗਾ ਦੇ ਜ਼ਿਲ੍ਹਾ ਕੋਆਰਡੀਨੇਟਰ ਮਨਦੀਪ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਭਰ ‘ਚ ਮਨਰੇਗਾ ਤਹਿਤ ਜੋ ਕੰਮ ਚੱਲ ਰਹੇ ਹਨ। ਉਨ੍ਹਾਂ ‘ਚ ਪਾਰਕ ਬਣਾਉਣਾ, ਗਲੀਆਂ-ਨਾਲੀਆਂ, ਮਕਾਨ, ਪੌਦੇ ਲਾਉਣਾ ਤੇ ਮਨਰੇਗਾ ਮਜ਼ਦੂਰਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣਾ ਸ਼ਾਮਲ ਹੈ। ਉਨ੍ਹਾ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਿਲ ਰਹੇ ਸਹਿਯੋਗ ਸਦਕਾ ਹੀ ਜ਼ਿਲ੍ਹੇ ਭਰ ‘ਚ ਵਿਕਾਸ ਕਾਰਜ ਸਹੀ ਢੰਗ ਨਾਲ ਚੱਲ ਰਹੇ ਹਨ।
ਇਸ ਤੋਂ ਪਹਿਲਾਂ ਮਿਲ ਚੁੱਕੇ ਨੇ ਇਹ ਪੁਰਸਕਾਰ
ਮਾਨਸਾ ਜ਼ਿਲ੍ਹੇ ਨੂੰ ਜ਼ਿਲ੍ਹਾ ਪ੍ਰੀਸ਼ਦ ਤਹਿਤ ਕਰਵਾਏ ਕੰਮਾਂ ਸਬੰਧੀ ਦੋ ਪੁਰਸਕਾਰ 2015-16 ਤੇ 2016-17, ਦੋ ਸਕੌਚ ਪੁਰਸਕਾਰ 2017-18, ਮਨਰੇਗਾ ਤਹਿਤ ਪਿੰਡ ਤਾਮਕੋਟ ਦੀ ਪੰਚਾਇਤ ਨੂੰ 2015 ‘ਚ ਪੁਰਸਕਾਰ, ਗ੍ਰਾਮ ਸਭਾ ਤਹਿਤ ਤਾਮਕੋਟ ਪੰਚਾਇਤ ਨੂੰ 2015-16 ਤੇ 2016-17 ‘ਚ ਪੁਰਸਕਾਰ ਤੋਂ ਇਲਾਵਾ ਸੋਕਪਿਟ ਬਣਾਉਣ ਲਈ ਪਿੰਡ ਮਾਨ ਅਸਪਾਲ ਦੀ ਪੰਚਾਇਤ ਨੂੰ 2017 ‘ਚ ਪੁਰਸਕਾਰ ਮਿਲਿਆ ਸੀ।
ਸਮੁੱਚੇ ਸਟਾਫ ਦਾ ਹੈ ਸਹਿਯੋਗ : ਏਡੀਸੀ (ਵਿਕਾਸ)
ਏਡੀਸੀ ਵਿਕਾਸ ਗੁਰਮੀਤ ਸਿੰਘ ਸਿੱਧੂ ਨੇ ਇਸ ਪੁਰਸਕਾਰ ਲਈ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੀ ਚੋਣ ਹੋਣ ‘ਤੇ ਖੁਸ਼ੀ ਪ੍ਰਗਟਾਉਂਦਿਆਂ ਆਖਿਆ ਕਿ ਇਸ ਪ੍ਰਾਪਤੀ ਲਈ ਸਮੁੱਚੇ ਸਟਾਫ ਦਾ ਸਹਿਯੋਗ ਸਦਕਾ ਹੈ, ਜਿਸ ਸਦਕਾ ਹੀ ਇਹ ਪ੍ਰਾਪਤੀ ਮਿਲੀ ਹੈ। ਉਨ੍ਹਾਂ ਖਾਸ ਤੌਰ ‘ਤੇ ਆਖਿਆ ਕਿ ਮਨਰੇਗਾ ਦੇ ਜ਼ਿਲ੍ਹਾ ਕੋਆਰਡੀਨੇਟਰ ਮਨਦੀਪ ਸਿੰਘ ਦੀ ਖਾਸ ਮਿਹਨਤ ਇਸ ‘ਚ ਸ਼ਾਮਲ ਹੈ।