ਨਕਲੀ ਗਹਿਣੇ ਦੇ ਕੇ 12 ਲੱਖ ਦੀ ਠੱਗੀ ਮਾਰਨ ਦੇ ਦੋਸ਼ ’ਚ 4 ਖਿਲਾਫ਼ ਮਾਮਲਾ ਦਰਜ਼

Fraud Sachkahoon

ਨਕਲੀ ਗਹਿਣੇ ਦੇ ਕੇ 12 ਲੱਖ ਦੀ ਠੱਗੀ ਮਾਰਨ ਦੇ ਦੋਸ਼ ’ਚ 4 ਖਿਲਾਫ਼ ਮਾਮਲਾ ਦਰਜ਼

(ਸੁਰੇਸ਼ ਗਰਗ) ਸ੍ਰੀ ਮੁਕਤਸਰ ਸਾਹਿਬ। ਬੈਂਕ ਅਧਿਕਾਰੀਆਂ ਵੱਲੋਂ ਇਕ ਵਿਅਕਤੀ ਨੂੰ ਨਕਲੀ ਸੋਨੇ ਦੇ ਗਹਿਣੇ ਦੇ ਕੇ ਉਸ ਨਾਲ ਕਰੀਬ 12 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਚਾਰ ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦਵਿੰਦਰ ਸਿੰਘ ਵਾਸੀ ਬੁਢਲਾਡਾ, ਜ਼ਿਲ੍ਹਾ ਮਾਨਸਾ ਨੇ ਦੱਸਿਆ ਕਿ ਉਹ ਬੁਢਲਾਡਾ ਅਤੇ ਟੋਹਾਣਾ (ਹਰਿਆਣਾ) ਵਿਖੇ ਸੁਨਿਆਰੇ ਦਾ ਕੰਮ ਕਰਦਾ ਹੈ।

ਬੀਤੀ 11 ਅਗਸਤ 2021 ਨੂੰ ਉਹ ਮੁਕਤਸਰ ਵਿਖੇ ਆਪਣੀ ਭੂਆ ਦਾ ਹਾਲ ਚਾਲ ਜਾਣਨ ਲਈ ਪਰਿਵਾਰ ਸਣੇ ਆਇਆ ਹੋਇਆ ਸੀ। ਉਸ ਦੀ ਭੂਆ ਦਾ ਲੜਕਾ ਰਛਪਾਲ ਸਿੰਘ ਉਰਫ ਸੋਨੂੰ ਨੂੰ ਆਈ ਆਈ ਐਫ ਐਲ ਫਾਇਨਾਂਸ ਬੈਂਕ ਕੋਟਕਪੂਰਾ ਰੋਡ, ਸ੍ਰੀ ਮੁਕਤਸਰ ਸਾਹਿਬ ਵਿਖੇ ਕੋਈ ਆਪਣਾ ਕੰਮ ਸੀ, ਜਿਸ ਨਾਲ ਉਹ ਉਸ ਦਿਨ ਉਕਤ ਬੈਂਕ ਵਿਚ ਉਸਦੇ ਨਾਲ ਚਲਾ ਗਿਆ। ਉਪਰੋਕਤ ਬੈਂਕ ਗੋਲਡ ਲੋਨ ਅਤੇ ਸੋਨੇ ਦੇ ਗਹਿਣੇ ਵੀ ਦਿੰਦੇ ਸਨ। ਉਹ ਵੀ ਸੋਨੇ ਦੇ ਗਹਿਣੇ ਵਿਚ ਦਿਲਚਸਪੀ ਰੱਖਦਾ ਸੀ ਕਿਉਂਕਿ ਉਹ ਬੁਢਲਾਡਾ ਅਤੇ ਟੋਹਾਣਾ ਵਿਖੇ ਸੁਨਿਆਰ ਦਾ ਕੰਮ ਕਰਦਾ ਹੈ। ਉਸ ਨੇ ਸੋਨੇ ਦੇ ਗਹਿਣੇ ਲੈਣ ਸਬੰਧੀ ਬੈਂਕ ਦੇ ਅਧਿਕਾਰੀ ਨਾਲ ਗੱਲਬਾਤ ਕੀਤੀ ਸੀ ਤੇ ਉਸ ਤੋਂ ਬਾਅਦ ਉਹ ਆਪਣੇ ਸ਼ਹਿਰ ਵਾਪਸ ਚਲਾ ਗਿਆ, ਉਸੇ ਦਿਨ ਬੈਂਕ ਅਧਿਕਾਰੀ ਮਨਪ੍ਰੀਤ ਸਿੰਘ, ਸ਼ਿਲਪਾ ਮੋਰੀਆ, ਜੀਨੀਆ ਮੈਡਮ, ਅਮਨਦੀਪ ਅਰੋੜਾ ਨੇ ਆਪਣੇ ਵਿਸਟਿੰਗ ਕਾਰਡ ਉਸ ਨੂੰ ਦਿੱਤੇ ਸਨ। ਅਗਲੇ ਦਿਨ 12 ਅਗਸਤ ਨੂੰ ਉਸ ਨੇ ਜੀਨੀਆ ਮੈਡਮ ਨਾਲ ਫੋਨ ’ਤੇ ਗੱਲ ਕੀਤੀ, ਜੋ ਕਿ ਉਕਤ ਬੈਂਕ ਦੀ ਅਧਿਕਾਰੀ ਸੀ। ਉਕਤ ਨਾਲ ਸੋਨੇ ਦੇ ਗਹਿਣੇ ਲੈਣ ਸਬੰਧੀ ਗੱਲਬਾਤ ਹੋਈ ਸੀ ਤਾਂ ਉਪਰੋਕਤ ਅਧਿਕਾਰੀ ਨੇ ਉਸ ਦੇ ਵੱਟਸਅੱਪ ਨੰਬਰ ’ਤੇ ਸੋਨੇ ਦੇ ਗਹਿਣਿਆਂ ਦੀ ਤਸਵੀਰ ਵੀ ਭੇਜੀ ਸੀ, ਪਰ ਉਸ ਨੂੰ ਇਸ ਦੇ ਰੇਟ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ।

ਉਸੇ ਦਿਨ 12 ਅਗਸਤ ਨੂੰ ਉਹ, ਉਸ ਦਾ ਪੁੱਤਰ ਮੁਨੀਸ਼ ਮੁਕਤਸਰ ਵਿਖੇ ਸੋਨੇ ਦੇ ਗਹਿਣੇ ਲੈਣ ਸਬੰਧੀ ਦੁਪਹਿਰ ਸਮੇਂ ਆਏ ਅਤੇ ਉਸ ਵਕਤ ਉਹ ਆਪਣੇ ਨਾਲ 5 ਲੱਖ ਰੁਪਏ ਨਗਦ ਆਪਣੇ ਘਰਵਾਲੀ ਦੇ ਖਾਤੇ ਵਿੱਚੋਂ ਕਢਵਾਕੇ ਲਿਆਇਆ ਸੀ। ਉਹ ਤੇ ਉਸ ਦਾ ਲੜਕਾ ਦੁਪਹਿਰ ਢਾਈ ਵਜੇ ਆਈ ਆਈ ਐਫ ਐਲ ਫਾਇਨਾਂਸ ਬੈਂਕ ਕੋਟਕਪੂਰਾ ਰੋਡ, ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚ ਗਏ ਅਤੇ ਗਹਿਣੇ ਲੈਣ ਸਬੰਧੀ ਗੱਲਬਾਤ ਕੀਤੀ ਤਾਂ ਸਾਨੂੰ ਸੋਨੇ ਦੇ ਚਾਰ ਪੈਕਟ ਕੱਢ ਦਿੱਤੇ ਅਤੇ ਇਹ ਤਸੱਲੀ ਦਿੱਤੀ ਕਿ ਇਹ ਅਸਲ ਸੋਨਾ ਹੈ ਅਤੇ ਕਿਹਾ ਕਿ ਪੈਕਟ ਖੋਲਣ ਦੀ ਆਗਿਆ ਨਹੀਂ ਹੈ, ਪਰੰਤੂ ਫਿਰ ਉਕਤ ਬੈਂਕ ਅਧਿਕਾਰੀਆਂ ਅਮਨਦੀਪ ਅਰੋੜਾ ਤੇ ਸਾਰੇ ਅਧਿਕਾਰੀਆਂ ਨੇ ਤਸੱਲੀ ਦਿੱਤੀ ਕਿ ਤੁਸੀਂ ਸੋਨੇ ਦੇ ਪੈਕੇਟਾਂ ਦਾ ਸੀਰੀਅਲ ਨੰਬਰ ’ਤੇ ਵਜਨ ਨੋਟ ਕਰ ਲਵੋ ਇਹ ਬਿਲਕੁੱਲ ਅਸਲ ਸੋਨਾ ਹੈ। ਇਸ ਤੋਂ ਬਾਅਦ ਸੁਮਿਤ ਮਨਚੰਦਾ ਤੇ ਅਮਨ ਅਰੋੜਾ ਨੇ ਸਾਨੂੰ ਸੋਨੇ ਦੇ 6 ਪੈਕਟ ਹੋਰ ਦਿਖਾਏ ਤੇ ਸੀਰੀਅਲ ਨੰਬਰ ’ਤੇ ਵਜਨ ਨੋਟ ਕਰਵਾਇਆ।

ਉਕਤ ਸਾਰੇ ਗਹਿਣਿਆਂ ਦੀ ਕੀਮਤ 11, 83, 015 ਰੁਪਏ ਦੱਸੀ ਅਤੇ ਇਸ ਦਾ ਵਜਨ 391 ਗ੍ਰਾਮ 200 ਮਿਲੀਗਰਾਮ ਦੱਸਿਆ। ਉਸ ਨੇ ਇਨ੍ਹਾਂ ਨੂੰ 5 ਲੱਖ ਨਗਦ ਦੇ ਦਿੱਤੇ ਤੇ ਬਾਕੀ ਦੇ 7 ਲੱਖ ਰੁਪਏ ਆਪਣੇ ਰਿਸ਼ਤੇਦਾਰ ਰਮਨ ਉਰਫ ਰਿੰਕੂ ਪਾਸੋਂ ਉਕਤ ਅਧਿਕਾਰੀਆਂ ਨੂੰ ਦਿੱਤੇ ਤੇ ਸੋਨੇ ਦੇ ਗਹਿਣੇ ਲੈ ਲਏ। ਇਸ ਤੋਂ ਬਾਅਦ ਮੈਂ ਰਮਨ ਉਰਫ ਰਿੰਕੂ ਜੋ ਮੁਕਤਸਰ ਵਿਖੇ ਸੁਨਿਆਰੇ ਦਾ ਕੰਮ ਕਰਦਾ ਹੈ, ਪਾਸ ਸੋਨਾ ਢਲਵਾਉਣ ਲਈ ਚਲਾ ਗਿਆ ਤਾਂ ਉਨ੍ਹਾਂ ਦੇ ਕਾਰੀਗਰ ਨੇ ਕਿਹਾ ਸੋਨਾ ਨਕਲੀ ਹੈ । ਉਸ ਨੇ ਇਸ ਸਬੰਧੀ ਤੁਰੰਤ ਬੈਂਕ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਹ ਇਸ ਸਬੰਧੀ ਟਾਲ ਮਟੋਲ ਕਰਨ ਲੱਗੇ। ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਤੇ ਕੀਤੀ ਪੜਤਾਲ ਤੋਂ ਬਾਅਦ ਅਮਨਦੀਪ ਅਰੋੜਾ ਵਾਸੀ ਫਿਰੋਜਪੁਰ, ਸ਼ਿਲਪਾ ਮੋਰੀਆ ਵਾਸੀ ਮੰਡੀ ਬਰੀਵਾਲਾ, ਮੁਕਤਸਰ, ਜਸਵਿੰਦਰ ਸਿੰਘ ਵਾਸੀ ਪਿੰਡ ਮਲੋਟ ਅਤੇ ਸੁਖਵਿੰਦਰ ਸਿੰਘ ਵਾਸੀ ਜ਼ਿਲ੍ਹਾ ਫਿਰੋਜਪੁਰ ਵਿਰੁੱਧ ਆਈਪੀਸੀ ਦੀ ਧਾਰਾ 420 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ