ਕਰਿਆਨੇ ਦੀ ਦੁਕਾਨ ’ਚ ਸਪਰੇਅ ਵੇਚਣ ਵਾਲੇ ਖਿਲਾਫ਼ ਮੁਕੱਦਮਾ ਦਰਜ਼

Grocery Store

(ਸੁਖਜੀਤ ਮਾਨ) ਬਠਿੰਡਾ। ਜ਼ਿਲ੍ਹੇ ਦੇ ਪਿੰਡ ਵਿਰਕ ਕਲਾਂ ਵਿਖੇ ਇੱਕ ਵਿਅਕਤੀ ਵੱਲੋਂ ਕਰਿਆਨੇ ਦੀ ਦੁਕਾਨ ( Grocery Store) ’ਤੇ ਮੈਡੀਕਲ ’ਤੇ ਬਿਨ੍ਹਾਂ ਲਾਇਸੰਸ ਤੋਂ ਕੀਟਨਾਸ਼ਕ ਦਵਾਈਆਂ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਮਾਮਲੇ ’ਚ ਖੇਤੀਬਾੜੀ ਵਿਭਾਗ ਵੱਲੋਂ ਟੀਮ ਬਣਾ ਕੇ ਕੀਤੀ ਜਾਂਚ ਦੌਰਾਨ ਸਾਰਾ ਭੇਦ ਖੁੱਲ੍ਹਿਆ ਤਾਂ ਗੈਰ ਕਾਨੂੰਨੀ ਕੰਮ ਕਰਨ ਵਾਲੇ ਖਿਲਾਫ਼ ਮੁਕੱਦਮਾ ਦਰਜ਼ ਕਰਵਾਇਆ ਗਿਆ ਹੈ।

ਖੇਤੀਬਾੜੀ ਵਿਭਾਗ ਵੱਲੋਂ ਦਿੱਤੀ ਜਾਣਕਾਰੀ ਮੁਤਾਬਿਕ ਪਿੰਡ ਵਿਰਕ ਕਲਾਂ ਵਿਖੇ ਇੱਕ ਮੈਡੀਕਲ ਅਤੇ ਕਰਿਆਨਾ ਸਟੋਰ ਦਾ ਮਾਲਕ ਬਿਨ੍ਹਾਂ ਲਾਇਸੰਸ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਦੀ ਵਿਕਰੀ ਚੋਰੀ ਛੁਪੇ ਗੈਰ ਕਾਨੂੰਨੀ ਢੰਗ ਨਾਲ ਕਰ ਰਿਹਾ ਸੀ। ਸੂਚਨਾ ਮਿਲਦੇ ਹੀ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾ.ਦਿਲਬਾਗ ਸਿੰਘ ਵੱਲੋਂ ਖੇਤੀਬਾੜੀ ਵਿਭਾਗ ਬਠਿੰਡਾ ਦੇ ਅਧਿਕਾਰੀਆਂ ਦੀ ਟੀਮ ਗਠਿਤ ਕਰਕੇ ਜਾਂਚ ਲਈ ਭੇਜੀ ਗਈ ਟੀਮ ’ਚ ਸ਼ਾਮਲ ਡਾ. ਬਲਜਿੰਦਰ ਸਿੰਘ ਖੇਤੀਬਾੜੀ ਅਫਸਰ ਬਲਾਕ ਬਠਿੰਡਾ,

ਡਾ. ਡੂੰਗਰ ਸਿੰਘ ਬਰਾੜ ਸਹਾਇਕ ਪੌਦ ਸੁਰੱਖਿਆ ਅਫਸਰ ਬਠਿੰਡਾ, ਡਾ. ਦਵਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ(ਇੰਨਫੋਰਸਮੈਂਟ) ਬਠਿੰਡਾ, ਡਾ. ਮਨਜਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ (ਪੌਦ ਸੁਰੱਖਿਆ) ਬਠਿੰਡਾ, ਡਾ. ਲਵਪ੍ਰੀਤ ਕੌਰ ਖੇਤੀਬਾੜੀ ਵਿਕਾਸ ਅਫਸਰ ਬਲਾਕ ਬਠਿੰਡਾ, ਡਾ. ਜਗਪਾਲ ਸਿੰਘ ਖੇਤੀਬਾੜੀ ਵਿਕਾਸ ਅਫਸਰ ਬਲਾਕ ਬਠਿੰਡਾ, ਡਾ. ਨਰਿੰਦਰ ਕੌਰ ਖੇਤੀਬਾੜੀ ਸਬ-ਇੰਸਪੈਕਟਰ ਬਠਿੰਡਾ ਆਦਿ ਨੇ ਪਿੰਡ ਵਿਰਕ ਕਲਾਂ ਵਿਖੇ ਜਾ ਕੇ ਪੜਤਾਲ ਕੀਤੀ ਤਾਂ ਦੇਖਿਆ ਗਿਆ ਕਿ ਰੋਹਿਤ ਮੈਡੀਕਲ ਅਤੇ ਕਰਿਆਨਾ ਸਟੋਰ ਦੇ ਮਾਲਕ ਘਣਸ਼ਾਮ ਵਾਸੀ ਪਿੰਡ ਵਿਰਕ ਕਲਾਂ ਵੱਲੋਂ ਵੱਡੀ ਮਾਤਰਾ ਵਿੱਚ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਬਿਨ੍ਹਾਂ ਲਾਇਸੰਸ ਸਟੋਰ ਕੀਤੀਆਂ ਹੋਈਆਂ ਸਨ।

ਟੈਸਟਿੰਗ ਲਈ ਵਿਭਾਗ ਵੱਲੋਂ ਲਏ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਦੇ ਸੈਂਪਲ

ਦੁਕਾਨ ਸੰਚਾਲਕ ਕੋਲ ਨਾ ਹੀ ਖਾਦਾਂ ਦੀ ਵਿਕਰੀ ਕਰਨ ਦਾ ਅਤੇ ਨਾ ਹੀ ਕੀਟਨਾਸ਼ਕ ਦਵਾਈਆਂ ਦੀ ਵਿਕਰੀ ਕਰਨ ਦਾ ਲਾਇਸੰਸ ਮੌਜੂਦ ਸੀ। ਵਿਭਾਗ ਵੱਲੋਂ ਕਾਨੂੰਨੀ ਕਾਰਵਾਈ ਕਰਦਿਆਂ ਬਿਨ੍ਹਾਂ ਲਾਇਸੰਸ ਖਾਦਾਂ ਅਤੇ ਦਵਾਈਆਂ ਖ੍ਰੀਦਕੇ ਰੱਖਣ ਅਤੇ ਵੇਚਣ ਕਰਕੇ ਫਰਟੇਲਾਈਜਰ ਕੰਟਰੋਲ ਆਰਡਰ 1985 ਦੀ ਧਾਰਾ 7,8 ਅਤੇ ਜ਼ਰੂਰੀ ਵਸਤਾਂ ਐਕਟ 1955 ਦੀ ਧਾਰਾ 7 ਤਹਿਤ ਮੁਕੱਦਮਾ ਦਰਜ ਕਰਵਾਇਆ ਗਿਆ।ਇਸੇ ਤਰ੍ਹਾਂ ਬਿਨ੍ਹਾਂ ਲਾਇਸੰਸ ਕੀਟਨਾਸ਼ਕ ਵੇਚਣ ਕਰਕੇ ਇੰਨਸੈਕਟੀਸਾਈਡ ਐਕਟ 1968 ਦੀ ਧਾਰਾ 13 ਅਤੇ ਰੂਲਜ਼ 1971 ਦੀ ਧਾਰਾ 10 ਦੀ ਉਲੰਘਣਾ ਤਹਿਤ ਮੁਕੱਦਮਾ ਦਰਜ ਕਰਵਾਇਆ ਗਿਆ। ਮੌਜੂਦ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਦੇ ਸੈਂਪਲ ਟੈਸਟਿੰਗ ਲਈ ਵਿਭਾਗ ਵੱਲੋਂ ਲੈ ਲਏ ਗਏ ਹਨ।

ਗੈਰ ਮਿਆਰੀ ਵਿਕਰੀ ਵਾਲਿਆਂ ਖਿਲਾਫ਼ ਹੋਵੇਗੀ ਸਖਤ ਕਾਰਵਾਈ : ਖੇਤੀਬਾੜੀ ਅਫ਼ਸਰ

ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾ. ਦਿਲਬਾਗ ਸਿੰਘ ਵੱਲੋਂ ਦੱਸਿਆ ਗਿਆ ਕਿ ਜ਼ਿਲ੍ਹੇ ਵਿੱਚ ਕਿਸਾਨਾਂ ਨੂੰ ਮਿਆਰੀ ਖਾਦਾਂ,ਕੀਟਨਾਸ਼ਕ ਦਵਾਈਆਂ ਅਤੇ ਬੀਜ ਮੁਹੱਈਆ ਕਰਵਾੳਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਗੈਰ ਕਾਨੂੰਨੀ ਢੰਗ ਨਾਲ ਅਤੇ ਗੈਰ ਮਿਆਰੀ ਖਾਦਾਂ ਕੀਟਨਾਸ਼ਕ ਦਵਾਈਆਂ ਅਤੇ ਬੀਜਾਂ ਦੀ ਵਿਕਰੀ ਕਰਨ ਵਾਲਿਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ