ਸਕੂਲੀ ਬੱਚਿਆਂ ਨਾਲ ਭਰੀ ਗੱਡੀ ਪਲਟੀ , ਡਰਾਈਵਰ ਤੇ 15 ਬੱਚੇ ਜ਼ਖਮੀ
ਕੋਟਕਪੂਰਾ 6 ਮਈ ( ਅਜੈ ਮਨਚੰਦਾ)। ਨੇੜਲੇ ਪਿੰਡ ਹਰੀਨੋ ਵਿਖੇ ਇਕ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਲੈ ਕੇ ਜਾ ਰਿਹਾ ਛੋਟਾ ਹਾਥੀ ਪਲਟ ਜਾਣ ਕਾਰਨ ਡਰਾਈਵਰ ਤੋਂਂ ਇਲਾਵਾ 15 ਵਿਦਿਆਰਥੀਆਂ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਸਰਕਾਰੀ ਹਾਈ ਸਕੂਲ ਕੁਹਾਰਵਾਲਾ ਦੇ 30 ਦੇ ਕਰੀਬ ਵਿਦਿਆਰਥੀ ਰੋੜੀ ਕਪੂਰਾ ਵਿਖੇ ਦਸਵੀਂ ਜਮਾਤ ਦਾ ਪੇਪਰ ਦੇਣ ਜਾ ਰਹੇ ਸੀ ਤੇ ਜਦੋਂ ਉਹ ਪਿੰਡ ਹਰੀਨੌ ਨੇੜੇ ਪਹੁੰਚੇ ਤਾਂ ਅਚਾਨਕ ਸੰਤੁਲਨ ਵਿਗੜ ਜਾਣ ਕਾਰਨ ਇਹ ਵਾਹਨ ਪਲਟ ਗਿਆ ਜਿਸ ਕਾਰਨ ਡਰਾਈਵਰ ਤੋਂ ਇਲਾਵਾ ਪੰਦਰਾਂ ਵਿਦਿਆਰਥੀ ਜ਼ਖ਼ਮੀ ਹੋ ਗਏ। (School Car Accident)
ਸਾਰੇ ਜ਼ਖਮੀਆਂ ਨੂੰ ਲੋਕਾਂ ਦੀ ਮੱਦਦ ਨਾਲ ਸਿਵਿਲ ਹਸਪਤਾਲ ਕੋਟਕਪੂਰਾ ਵਿਖੇ ਭਰਤੀ ਕਰਵਾਇਆ ਗਿਆ ਜਿਥੇ ਉਹ ਜ਼ੇਰੇ ਇਲਾਜ ਹਨ। ਜ਼ੇਰੇ ਇਲਾਜ ਵੈਨ ਡਰਾਈਵਰ ਕੁਲਵੰਤ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਵੈਨ ਦਾ ਅਚਾਨਕ ਸੰਤੁਲਨ ਵਿਗੜਨ ਕਾਰਨ ਹੋਇਆ ਹੈ। ਸੀਨੀਅਰ ਮੈਡੀਕਲ ਅਫ਼ਸਰ ਡਾ ਹਰਿੰਦਰ ਸਿੰਘ ਗਾਂਧੀ ਨੇ ਦੱਸਿਆ ਕਿ ਡਰਾਈਵਰ ਸਮੇਤ ਚਾਰ ਵਿਦਿਆਰਥੀਆਂ ਦੇ ਕੁਝ ਜ਼ਿਆਦਾ ਸੱਟਾਂ ਲੱਗੀਆਂ ਹਨ, ਹੁਣ ਦੀ ਸਥਿਤੀ ਅਨੁਸਾਰ ਸਾਰੇ ਵਿਦਿਆਰਥੀ ਖਤਰੇ ਤੋਂ ਬਾਹਰ ਹਨ। ਹਾਦਸੇ ਦਾ ਪਤਾ ਲੱਗਦੇ ਹੀ ਸੁਖਜੀਤ ਸਿੰਘ ਨਾਇਬ ਤਹਿਸੀਲਦਾਰ, ਗੁਲਜਿੰਦਰ ਸਿੰਘ ਐੱਸ.ਐੱਚ.ਓ ਥਾਣਾ ਸਿਟੀ ਆਦਿ ਸਮਾਜ ਸੇਵੀ ਮੌਕੇ ‘ਤੇ ਪੁੱਜੇ ਅਤੇ ਬਚਾਅ ਕਾਰਜਾਂ ਤੇ ਇਲਾਜ ‘ਚ ਸਹਾਇਤਾ ਕੀਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ