Punjabi Story: ਅੱਠ ਕੁ ਵਜੇ ਦਾ ਸਮਾਂ ਸੀ। ਮਜ਼ਦੂਰ ਗੋਰਾ ਸਿੰਘ ਮਾਸਟਰ ਰਵਿੰਦਰ ਸਿੰਘ ਕੋਲ ਆ ਗਿਆ। ਉਸ ਦੇ ਆਉਂਦੇ ਹੀ ਮਾਸਟਰ ਜੀ ਨੇ ਆਪਣੀ ਘਰਵਾਲੀ ਨੂੰ ਕਿਹਾ, ਗੋਰਾ ਆ ਗਿਆ ਚਾਹ ਬਣਾਓ.। ਕੁੱਝ ਸਮੇਂ ਬਾਅਦ ਚਾਹ ਆ ਗਈ । ਦੋਹੇਂ ਚਾਹ ਪੀਣ ਲੱਗ ਪਏ। ਚਾਹ ਪੀਣ ਤੋਂ ਬਾਅਦ ਗੋਰੇ ਨੇ ਮਾਸਟਰ ਜੀ ਨੂੰ ਪੁੱਛਿਆ ਮਾਸਟਰ ਜੀ ਕੀ ਕੰਮ ਕਰਨੈ? ਕੰਮ ਤਾਂ ਯਾਰ ਕਈ ਨੇ ਖੇਤ ’ਚ ਕਰਨ ਵਾਲੇ । ਘਾਹ ਫੂਸ ਸਾਫ ਕਰਨ ਵਾਲੈ, ਸਬਜੀ ਗੁੱਡਣ ਵਾਲੀ ਪਈ ਹੈ ।ਫਲਦਾਰ ਬੂਟਿਆ ਦੀ ਕਾਂਟ ਛਾਂਟ ਵੀ ਕਰਨੀ ਹੈ। ਤੁਸੀਂ ਦੱਸੋ ਜੀ ਮੈਂ ਤਾਂ ਦਿਹਾੜੀ ਤੇ ਆਂ, ਜੋ ਤੁਸੀਂ ਕਹੋਗੇ ਉਹੀ ਕਰਾਂਗਾ।
ਚਲ ਪਹਿਲਾਂ ਘਾਹ ਖੱਬਲ ਸਾਫ ਕਰਦੇ।
ਰਵਿੰਦਰ ਨੇ ਕਿਹਾ
ਕੋਈ ਕਹੀ, ਕਸੀਆ?
ਆਹ ਕੋਠੇ ਚੋਂ ਕੱਢ ਲੈ।
ਮਾਸਟਰ ਜੀ ਦਾ ਘਰ ਖੇਤ ਵਿੱਚ ਹੀ ਸੀ । ਇਸ ਖੇਤ ਨੂੰ ਨਿਆਈਂ ਵਾਲਾ ਖੇਤ ਕਹਿੰਦੇ ਸਨ। ਕੁੱਝ ਦੇਰ ਪਹਿਲਾਂ ਉਸਨੇ ਇਹ ਘਰ ਬਣਾਇਆ ਸੀ। ਖੁੱਲ੍ਹਾ ਡੁੱਲ੍ਹਾ ਘਰ ਅੰਦਰਲਾ ਘਰ ਭੀੜਾ ਹੋਣ ਕਰਕੇ ਉਥੇ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਹੁੰਦਾ ਸੀ। ਗੋਰਾ ਕਹੀ ਤੇ ਕਸੀਆ ਦੋਂਵੇਂ ਹੀ ਕੋਠੇ ਅੰਦਰੋਂ ਕੱਢ ਲਿਆਇਆ ਤੇ ਕਸੀਆ ਚੁੱਕ ਕੇ ਸਫਾਈ ਕਰਨ ਲੱਗਾ। ਮਾਸਟਰ ਜੀ ਨੂੰ ਸ਼ਹਿਰ ਕੋਈ ਕੰਮ ਸੀ।
ਇਸ ਲਈ ਉਹ ਕਹਿਣ ਲੱਗੇ ,ਗੋਰਾ ਸਿੰਘ ਮੈਂ ਸ਼ਹਿਰ ਜਾ ਆਵਾਂ, ਜੇ ਤੈਨੂੰ ਕਿਸੇ ਚੀਜ਼ ਦੀ ਲੋੜ ਹੋਈ ਤਾਂ ਘਰੇ ਬੋਲ ਮਾਰ ਲਈਂ। ਕਹਿ ਕੇ ਉਹ ਘਰ ਅੰਦਰ ਚਲਾ ਗਿਆ। ਗੋਰਾ ਆਪਣੀ ਚਾਲ ਅਨੁਸਾਰ ਕੰਮ ਕਰਨ ਲੱਗਾ । ਉਸ ਦੇ ਮਨ ਵਿੱਚ ਤਰ੍ਹਾਂ ਤਰ੍ਹਾਂ ਦੇ ਖਿਆਲ ਆ ਰਹੇ ਸਨ। ਸਭ ਤੋਂ ਪਹਿਲਾਂ ਉਸਦੇ ਦਿਮਾਗ ਵਿੱਚ ਆਇਆ ਤਕੜੇ ਲੋਕ ਮਜ਼ਦੂਰਾਂ ਦੇ ਮੁਕਾਬਲੇ ਕਿੰਨੀਆਂ ਮੌਜਾਂ ਕਰਦੇ ਤੇ ਚੰਗਾ ਖਾਂਦੇ ਤੇ ਪੀਂਦੇ ਹਨ। ਉਸ ਨੂੰ ਮਾਸਟਰ ਰਵਿੰਦਰ ਮੂਰਖ ਲੱਗਿਆ ।
Punjabi Story
ਉਹ ਮਨ ਹੀ ਮਨ ਸੋਚ ਰਿਹਾ ਸੀ, ਕਿੱਡਾ ਮੂਰਖ ਆਦਮੀ ਹੈ, ਜਿਹੜਾ ਐਵੇਂ ਸਾਡੇ ਚਾਰ ਸੌ ਦਿਹਾੜੀ ਤੇ ਗਾਲੂ। ਖੱਬਲ ਨੂੰ ਕਹੀ ਜਾਂ ਕਸੀਏ ਨਾਲ ਘੜਨ ਨਾਲ, ਨਾਲੇ ਪੱਕਾ ਹੱਲ ਨਹੀਂ ਹੋਣਾ ।ਚਾਰ ਦਿਨਾਂ ਨੂੰ ਇਹ ਫਿਰ ਉੱਘਰ ਆਊ ਉਹ ਮਨ ਹੀ ਮਨ ਸੋਚਣ ਲੱਗਾ ਜੇ ਇਹ ਮੂਰਖ ਸੌ ਰੁਪਏ ਦੀ ਪੁੜੀ ਲਿਆ ਕੇ ਸਪਰੇਅ ਕਰ ਦੇਵੇ ਤਾਂ ਆਂਚਾ ਹੀ ਮੁੱਕ ਜਾਵੇ । ਇਸੇ ਉਧੇੜ ਬੁਣ ਵਿੱਚ ਅੱਧਾ ਦਿਨ ਬੀਤ ਗਿਆ। ਉਸਨੇ ਕਾਫੀ ਥਾਂ ਸਾਫ ਕਰ ਦਿੱਤਾ । ਰਵਿੰਦਰ ਵੀ ਸ਼ਹਿਰੋਂ ਵਾਪਸ ਆ ਗਿਆ। ਸਾਫ ਕੀਤੇ ਥਾਂ ਨੂੰ ਦੇਖ ਕੇ ਉਸਦੀ ਰੂਹ ਖੁਸ਼ ਹੋ ਗਈ। ਗੋਰੇ ਦੀ ਨਜ਼ਰ ਵਿੱਚ ਮਾਸਟਰ ਅਜੇ ਵੀ ਮੂਰਖ ਹੀ ਸੀ। ਉਸਦੇ ਅੰਦਰਲੇ ਮਨ ਤੋ ਰਿਹਾ ਨਾ ਗਿਆ ਤੇ ਉਸਨੇ ਕਿਹਾ, ਮਾਸਟਰ ਜੀ ਤੁਹਾਡੇ ਕੋਲ ਪੈਸੇ ਵਾਧੂ ਨੇ?
ਕਿਉਂ ?
ਆਹ ਖੱਬਲ ਤੇ ਕਿੰਨੇ ਵਾਰ ਦਿਹਾੜੀ ਲਾ ਦਿੱਤੀ, ਜੇ ਤੁਸੀਂ ਸਿਆਣੇ ਹੁੰਦੇ ਤਾਂ ਇੱਕ ਪੁੜੀ ਸਪਰੇਅ ਦੀ ਕਰਦੇ ਤੇ ਆਂਚਾ ਈ ਮੁੱਕ ਜਾਂਦਾ ।
ਮਾਸਟਰ ਜੀ ਹੱਸ ਪਏ ਗੋਰਾ ਸਿੰਹਾਂ ਗੱਲਾਂ ਕਈ ਨੇ।
ਮੈਂ ਸਮਝਿਆ ਨਹੀਂ ਜੀ।
ਦੇਖ ਪਹਿਲੀ ਗੱਲ ਹੈ ਜੇ ਸਪਰੇਅ ਕਰਾਂਗਾ ਤਾਂ ਜਮੀਨ ਚ ਜ਼ਹਿਰ ਮਿਲੂ।
ਹਾਂ ਜੀ।
Punjabi Story
ਦੂਜੀ ਗੱਲ ਜੇ ਤੂੰ ਸੋਚੇ ਤਾਂ ਇਹ ਖੱਬਲ ਤੇਰੇ ਲਈ ਵਰਦਾਨ ਹੈ, ਜਿਸ ਕਰਕੇ ਤੈਨੂੰ ਦਿਹਾੜੀ ਮਿਲੀ ਹੈ। ਤੇਰੇ ਘਰ ਦਾ ਗੁਜ਼ਾਰਾ ਚੱਲੂ। ਜੇ ਸਾਰੇ ਕੰਮ ਹੀ ਮੁੱਕ ਗਏ ਤਾਂ ਤੁਸੀਂ ਕੀ ਕਰੋਗੇ। ਗੋਰੇ ਦੀਆਂ ਅੱਖਾਂ ਖੁੱਲ੍ਹ ਗਈਆਂ । ਉਸ ਨੂੰ ਲੱਗਾ ਜਿਵੇਂ ਮਾਸਟਰ ਨਹੀਂ ਉਹ ਖੁਦ ਹੀ ਮੂਰਖ ਹੋਵੇ, ਜੋ ਆਪਣੇ ਕਿੱਤੇ ਤੇ ਲੱਤ ਮਾਰ ਰਿਹਾ ਹੈ। ਉਸਨੂੰ ਧਰਤੀ ਵੀ ਘੂਰਦੀ ਲੱਗੀ ਜਿਵੇਂ ਕਹਿ ਰਹੀ ਹੋਵੇ, ਮੂਰਖਾ ਮੈਨੂੰ ਤਾਂ ਮਾਰਨ ਨੂੰ ਫਿਰਦਾ ਹੀ ਹੈਂ, ਆਪਣੇ ਆਪ ਨੂੰ ਤਾਂ ਸੰਭਾਲ ਲੈ। ਇਹੀ ਲੋਕ ਨੇ ਜਿਨ੍ਹਾਂ ਕਰਕੇ ਤੇਰਾ ਗੁਜਾਰਾ ਚਲਦੈ, ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਖੇਡ ਖਤਮ ਹੈ।ਉਸਨੇ ਕਸੀਆ ਛੱਡ ਕੇ ਖੱਬਲ ਰੋਲਣਾ ਸ਼ੁਰੂ ਕਰ ਦਿੱਤਾ। ਮਾਸਟਰ ਰਵਿੰਦਰ ਆਪਣੇ ਘਰ ਚਲਾ ਗਿਆ।
ਜਤਿੰਦਰ ਮੋਹਨ
ਮੋ. 94630-20766