ਉਕਤ ਬਿਲਡਿੰਗ ਦੀ ਨਹੀਂ ਲਈ ਗਈ ਸੀ ਪ੍ਰਵਾਨਗੀ : ਨਿਗਮ ਕਮਿਸ਼ਨਰ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਮੁੱਖ ਮੰਤਰੀ ਦੇ ਸ਼ਹਿਰ ’ਚ ਨਜਾਇਜ਼ ਉਸਾਰੀਆਂ ਕਥਿਤ ਮਿਲੀਭੁਗਤ ਨਾਲ ਲਗਾਤਾਰ ਜਾਰੀ ਹਨ। ਅੱਜ ਇੱਕ ਉਸਾਰੀ ਅਧੀਨ ਬਣ ਰਹੀ ਬਿਲਡਿੰਗ ਦਾ ਲੈਂਟਰ ਡਿੱਗਣ ਕਾਰਨ ਇੱਥੇ ਕੰਮ ਕਰ ਰਹੇ ਅੱਧੀ ਦਰਜ਼ਨ ਤੋਂ ਵੱਧ ਮਜ਼ਦੂਰ ਜ਼ਖਮੀ ਹੋ ਗਏ। ਇਨ੍ਹਾਂ ਮਜ਼ਦੂਰਾਂ ਨੂੰ ਕਾਫ਼ੀ ਜੱਦੋਂ-ਜਹਿਦ ਤੋਂ ਬਾਅਦ ਹੇਠੋਂ ਕੱਢਿਆ ਗਿਆ। ਇਸ ਦੌਰਾਨ ਇੱਕ ਰਾਹੁਲ ਨਾ ਦੇ ਮਜ਼ਦੂਰ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਸ ਨੂੰ ਰਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਸੀਆਈਏ ਸਟਾਫ਼ ਦੇ ਨੇੜੇ ਕਾਫ਼ੀ ਦਿਨਾਂ ਤੋਂ ਉਸਾਰੀ ਦਾ ਕੰਮ ਚੱਲ ਰਿਹਾ ਸੀ। ਨਿਗਮ ਨੂੰ ਇਸ ਦੀ ਸੂਚਨਾ ਮਿਲਣ ’ਤੇ ਪਿਛਲੇ ਦਿਨੀਂ ਉਸਾਰੀ ਦਾ ਕੰਮ ਰੁਕਵਾਇਆ ਗਿਆ ਸੀ ਪਰ ਇਸ ਦੇ ਬਾਵਜ਼ੂਦ ਫਿਰ ਤੋਂ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ। ਇਸੇ ਦੌਰਾਨ ਹੀ ਵੀਰਵਾਰ ਦੀ ਦੁਪਹਿਰ ਇਸ ਦਾ ਲੈਂਟਰ ਡਿੱਗ ਗਿਆ ਜਦ ਕਿ ਕੰਮ ਕਰ ਰਹੇ ਮਜ਼ਦੂਰ ਜਖਮੀ ਹੋ ਗਏ। ਮੌਕੇ ’ਤੇ ਮੌਜੂਦ ਲੋਕਾਂ ਅਨੁਸਾਰ ਉਸਾਰੀ ਵਿਚ ਕਰੀਬ 8 ਦੇ ਕਰੀਬ ਮਜ਼ਦੂਰ ਕੰਮ ਕਰ ਰਹੇ ਸੀ ਜਿਨ੍ਹਾਂ ਦੇ ਮਲਬੇ ਹੇਠਾ ਆਉਣ ਕਾਰਨ ਜਖਮੀ ਹੋਏ ਹਨ । ਇਸ ਸਬੰਧੀ ਵਾਰਡ ਦੇ ਕੌਂਸਲਰ ਹਰੀਸ ਨਾਗਪਾਲ ਨੇ ਦੱਸਿਆ ਕਿ ਮੌਕੇ ’ਤੇ ਜਾ ਕੇ ਦੇਖਿਆ ਤਾਂ ਪਤਾ ਲੱਗਿਆ ਹੈ ਕਿ ਉਸਾਰੀ ਦਾ ਲੈਂਟਰ ਪਾਉਣ ਤੋਂ ਬਾਅਦ ਇਸ ਨੂੰ ਦਿੱਤੇ ਗਏ ਸਹਾਰੇ ਕਮਜ਼ੋਰ ਸਨ ਜਿਸ ਕਰਕੇ ਲੈਂਟਰ ਡਿੱਗ ਗਿਆ ਹੈ ਅਤੇ ਕੁਝ ਮਜ਼ਦੂਰ ਵੀ ਜਖ਼ਮੀ ਹੋਏ ਹਨ।
ਕੌਂਸਲਰ ਅਨੁਸਾਰ ਇਸ ਉਸਾਰੀ ਨੂੰ ਬਣਾਉਣ ਲਈ ਮਾਲਕ ਵੱਲੋਂ ਨਿਗਮ ’ਚ ਅਰਜ਼ੀ ਦਿੱਤੀ ਗਈ ਹੈ ਪ੍ਰੰਤੂ ਉਸਾਰੀ ਕਰਨ ਸਬੰਧੀ ਹਾਲੇ ਕੋਈ ਪ੍ਰਵਾਨਗੀ ਨਹੀਂ ਮਿਲੀ ਸੀ। ਉਕਤ ਬਿਲਡਿੰਗ ਕਾਫ਼ੀ ਲੰਮੀ ਸੀ, ਜਿਸ ਕਾਰਨ ਸਪੋਟ ਹਿੱਲਣ ਤੋਂ ਬਾਅਦ ਇਹ ਡਗਮਗਾ ਗਈ। ਇੱਧਰ ਇਸ ਮਾਮਲੇ ਸਬੰਧੀ ਜਦੋਂ ਨਿਗਮ ਕਮਿਸ਼ਨਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਦੀ ਕੋਈ ਪ੍ਰਵਾਨਗੀ ਨਹੀਂ ਸੀ। ਉਨ੍ਹਾਂ ਕਿਹਾ ਕਿ ਇਸ ਬਿਲਡਿੰਗ ਨੂੰ ਡੇਗਣ ਦੇ ਹੁਕਮ ਦੇ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਇੱਥੇ ਕੰਮ ਰੋਕਿਆ ਗਿਆ ਸੀ।
ਬਿਲਡਿੰਗ ਮਾਲਕਾ ਤੇ ਸਬੰਧਿਤ ਅਧਿਕਾਰੀਆਂ ’ਤੇ ਪਰਚਾ ਦਰਜ ਹੋਵੇ : ਆਗੂ
ਨਜਾਇਜ਼ ਬਿਲਡਿੰਗ ਦੇ ਹਾਦਸੇ ’ਤੇ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਕਾਂਗਰਸ ਦੇ ਰਾਜ ਵਿੱਚ ਪਟਿਆਲਾ ਅੰਦਰ ਨਜਾਇਜ਼ ਬਿਲਡਿੰਗਾਂ ਹੀ ਬਣੀਆਂ ਹਨ, ਹੋਰ ਤਾਂ ਕੁਝ ਕੀਤਾ ਨਹੀਂ। ਅਕਾਲੀ ਆਗੁੂ ਹਰਪਾਲ ਜੁਨੇਜਾ ਨੇ ਕਿਹਾ ਕਿ ਉਹ ਸਾਲਾਂ ਤੋਂ ਕਹਿ ਰਹੇ ਹਨ ਕਿ ਅਣਗਿਣਤ ਨਜਾਇਜ਼ ਬਿਲਡਿੰਗਾਂ ਬਣ ਰਹੀਆਂ ਹਨ, ਪਰ ਇਹ ਸਾਰਾ ਕੁਝ ਨਿਗਮ ਦੀ ਛਤਰ ਛਾਇਆ ਹੇਠ ਹੋ ਰਿਹਾ ਸੀ। ਇਸ ਦੌਰਾਨ ਆਮ ਆਦਮੀ ਪਾਰਟੀ ਕੁੰਦਨ ਗੋਗੀਆ, ਨੰਦ ਕੁਮਾਰ ਜੋਨੀ ਨੇ ਮੰਗ ਕੀਤੀ ਕਿ ਅਣਗਿਣਤ ਨਜਾਇਜ ਬਿਲਡਿੰਗਾ ਬਣ ਰਹੀਆਂ ਹਨ, ਇਨ੍ਹਾਂ ਸਾਰਿਆਂ ਦੇ ਮਾਲਕਾਂ ਅਤੇ ਸਬੰਧਿਤ ਅਧਿਕਾਰੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਬੰਧਿਤ ਮਾਲਕ ਅਤੇ ਸਬੰਧਿਤ ਅਧਿਕਾਰੀਆਂ ਵਿਰੁਧ ਪਰਚਾ ਦਰਜ ਕੀਤਾ ਜਾਵੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।