ਤਾਂਤਰਿਕਾਂ ‘ਤੇ ਨੱਥ ਪਾਉਣ ਲਈ ਸੈਸ਼ਨ ‘ਚ ਆਵੇਗਾ ਬਿੱਲ

ਚੰਡੀਗੜ੍ਹ, (ਅਸ਼ਵਨੀ ਚਾਵਲਾ)। ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਵਿੱਚ ਭਾਜਪਾ ਦੇ ਸੀਨੀਅਰ ਵਿਧਾਇਕ ਸੋਮ ਪ੍ਰਕਾਸ਼ ਪੰਜਾਬ ਵਿੱਚ ਵਧ ਰਹੇ ਤ੍ਰਾਂਤਿਕ ਸ਼ਕਤੀਆਂ ਖ਼ਿਲਾਫ਼ ਇੱਕ ਪ੍ਰਾਈਵੇਟ ਬਿਲ ਲੈ ਕੇ ਆ ਰਹੇ ਹਨ, ਕਿਉਂਕਿ ਇਨ੍ਹਾਂ ਤਾਂਤ੍ਰਿਕਾਂ ਵੱਲੋਂ ਪੰਜਾਬ ‘ਚ ਅੰਧਵਿਸਵਾਸ਼ ਫੈਲਾ ਕੇ ਆਮ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ ਤੇ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਭਾਜਪਾ ਵਿਧਾਇਕ ਸੋਮ ਪ੍ਰਕਾਸ਼ ਨੇ ਆਪਣੇ ਇਸ ਪ੍ਰਾਈਵੇਟ ਬਿਲ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਕੋਲ ਭੇਜ ਦਿੱਤਾ ਹੈ ਤਾਂ ਕਿ ਇਸ ਨੂੰ ਸੈਸ਼ਨ ਵਿੱਚ ਲੈ ਕੇ ਆਉਣ ਦੀ ਇਜਾਜ਼ਤ ਦਿੱਤੀ ਜਾਵੇ। ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਸੋਮ ਪ੍ਰਕਾਸ਼ ਨੇ ਕਿਹਾ ਕਿ ਇਸ ਬਿੱਲ ਦਾ ਮੁੱਖ ਉਦੇਸ਼ ਪੰਜਾਬ ਵਿਚ ਵਧ ਰਹੇ ਅੰਧ ਵਿਸ਼ਵਾਸ ਦੇ ਨਾਲ ਹੀ ਆਰਥਿਕ, ਮਾਨਸਿਕ ਅਤੇ ਸਰੀਰਕ ਸ਼ੋਸ਼ਣ ਨੂੰ ਰੋਕਣਾ ਹੈ।

ਸੋਮ ਪ੍ਰਕਾਸ਼ ਨੇ ਦੱਸਿਆ ਕਿ ਪੰਜਾਬ ਵਿੱਚ ਪਿਛਲੇ ਕੁਝ ਸਮੇਂ ਵਿੱਚ ਤੰਤਰ ਮੰਤਰ ਕਰਕੇ ਸ਼ਰਤੀਆ ਲੜਕਾ ਹੋਣ, ਪਤੀ/ ਪਤਨੀ ਨੂੰ ਵਸ ਵਿੱਚ ਕਰਨ, ਗੰਭੀਰ ਬਿਮਾਰੀਆਂ ਦਾ ਇਲਾਜ, ਭੂਤ ਭਜਾਉਣ ਦੇ ਬਹਾਨੇ ਭੋਲੇ ਭਾਲੇ ਲੋਕਾਂ ਖਾਸ ਕਰਕੇ ਮਹਿਲਾਵਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਸ਼ੋਸ਼ਣ ਕਰਨ ਵਾਲੇ ਤਾਂਤ੍ਰਿਕਾਂ ਦਾ ਹੜ੍ਹ ਆਇਆ ਹੋਇਆ ਹੈ। ਇਨ੍ਹਾਂ ਨੂੰ ਨੱਥ ਪਾਉਣੀ ਜਰੂਰੀ ਹੈ। ਜ਼ਿਕਰਯੋਗ ਹੈ ਕਿ ਇਸ ਤਰ੍ਹਾਂ ਦਾ ਇੱਕ ਬਿਲ ਮਹਾਂਰਾਸ਼ਟਰ ਵਿਧਾਨ ਸਭਾ ਪਾਸ ਕਰ ਚੁੱਕੀ ਹੈ ਜੋ ਕਿ ਐਕਟ ਬਣ ਚੁੱਕਾ ਹੈ, ਜਦੋਂ ਕਿ ਮਹਾਂਰਾਸ਼ਟਰ ਦੀ ਤਰਜ਼ ‘ਤੇ ਕਰਨਾਟਕ ਸਰਕਾਰ ਵੀ ਇਸ ਦਿਸ਼ਾ ਵੱਲ ਕੰਮ ਕਰ ਰਹੀ ਹੈ।

LEAVE A REPLY

Please enter your comment!
Please enter your name here