ਪੰਜਾਬ ’ਚ ਬਿਜਲੀ ਨਾਲ ਜੁੜਿਆ ਵੱਡਾ ਅਪਡੇਟ ਆਇਆ ਸਾਹਮਣੇ

Electricity

Electricity ਦੀ ਮੰਗ ਡਿੱਗੀ, ਸਰਕਾਰੀ ਥਰਮਲ ਪਲਾਂਟਾਂ ਦੇ 5 ਯੂਨਿਟ ਬੰਦ

  • ਪ੍ਰਾਈਵੇਟ ਥਰਮਲ ਪਲਾਂਟਾਂ ਤੋਂ ਹੋ ਰਿਹੈ ਬਿਜਲੀ ਉਤਪਦਾਨ

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਮੀਂਹ ਪੈਣ ਕਾਰਨ ਬਿਜਲੀ (Electricity) ਦੀ ਮੰਗ ਹੇਠਾਂ ਆ ਗਈ ਹੈ, ਜਿਸ ਕਾਰਨ ਪਾਵਰਕੌਮ ਵੱਲੋਂ ਆਪਣੇ ਸਰਕਾਰੀ ਥਰਮਲਾਂ ਦੇ ਪੰਜ ਯੂਨਿਟਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਇੱਧਰ ਪ੍ਰਾਈਵੇਟ ਥਰਮਲ ਪਲਾਟਾਂ ਦੇ ਸਾਰੇ ਹੀ ਯੂਨਿਟ ਚੱਲ ਰਹੇ ਹਨ। ਉਂਜ ਪਾਵਰਕੌਮ ਕੋਲ ਕੋਲੇ ਦੇ ਭੰਡਾਰ ਅਜੇ ਵੀ ਪੂਰੀ ਸਮਰੱਥਾ ਵਿੱਚ ਨਹੀਂ ਹਨ।

ਦੱਸਣਯੋਗ ਹੈ ਕਿ ਪਿਛਲੇ ਦਿਨੀਂ ਸੂਬੇ ਵਿੱਚ ਤੇਜ਼ ਬਾਰਸ ਅਤੇ ਕਈ ਥਾਵਾਂ ’ਤੇ ਗੜੇਮਾਰੀ ਹੋਈ ਸੀ। ਮੀਂਹ ਤੋਂ ਬਾਅਦ ਪੰਜਾਬ ਅੰਦਰ ਮੌਸਮ ਵਿੱਚ ਮੁੜ ਠੰਢਕ ਪੈਦਾ ਹੋ ਗਈ ਹੈ। ਭਾਵੇਂ ਕਿ ਫਰਵਰੀ ਮਹੀਨੇ ਦੌਰਾਨ ਕੁਝ ਦਿਨ ਗਰਮੀ ਨੇ ਜੋਰ ਫੜ ਲਿਆ ਸੀ। ਇਸ ਦੌਰਾਨ ਸੂਬੇ ਅੰਦਰ ਬਿਜਲੀ ਦੀ ਮੰਗ ਵੀ 8500 ਮੈਗਾਵਾਟ ਨੂੰ ਪਾਰ ਕਰ ਗਈ ਸੀ। ਮੀਂਹ ਪੈਣ ਤੋਂ ਬਾਅਦ ਬਿਜਲੀ ਦੀ ਮੰਗ 5600 ਮੈਗਾਵਾਟ ਦੇ ਨੇੜੇ ਤੇੜੇ ਰਹਿ ਗਈ ਹੈ। ਕਣਕ ਦੀ ਫਸਲ ਪੱਕਣ ਦੇ ਨੇੜੇ ਹੋਣ ਕਾਰਨ ਟਿਊਬਵੈੱਲਾਂ ਨੂੰ ਬਿਜਲੀ ਦੀ ਜ਼ਰੂਰਤ ਖਤਮ ਹੋ ਗਈ ਹੈ।

5600 ਮੈਗਾਵਾਟ ’ਤੇ ਚੱਲ ਰਹੀ ਐ Electricity ਦੀ ਮੰਗ

ਜੇਕਰ ਪਾਵਰਕੌਮ ਦੇ ਸਰਕਾਰੀ ਥਰਮਲ ਪਲਾਂਟਾਂ ਦੀ ਗੱਲ ਕੀਤੀ ਜਾਵੇ ਤਾਂ ਰੋਪੜ ਥਰਮਲ ਪਲਾਂਟ ਦਾ ਸਿਰਫ਼ ਇੱਕ ਯੂਨਿਟ ਹੀ ਚੱਲ ਰਿਹਾ ਹੈ ਜਦਕਿ ਤਿੰਨ ਯੂਨਿਟ ਬੰਦ ਕੀਤੇ ਹੋਏ ਹਨ। ਇਸ ਦੇ ਨਾਲ ਹੀ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਵੀ 3 ਯੂਨਿਟ ਬੰਦ ਪਏ ਹਨ ਅਤੇ ਇੱਕ ਯੂਨਿਟ ਹੀ ਬਿਜਲੀ ਉਤਪਾਦਨ ਕਰ ਰਿਹਾ ਹੈ।

ਸਰਕਾਰੀ ਥਰਮਲਾਂ ਤੋਂ ਮੌਜੂਦਾ ਸਮੇਂ ਸਿਰਫ਼ 330 ਮੈਗਾਵਾਟ ਹੀ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਸਾਰੇ ਯੂਨਿਟ ਹੀ ਬਿਜਲੀ ਪੈਦਾ ਕਰ ਰਹੇ ਹਨ। ਜੇਕਰ ਪੰਜਾਬ ਦੇ ਸਭ ਤੋਂ ਵੱਡੇ ਥਰਮਲ ਪਲਾਂਟ ਤਲਵੰਡੀ ਸਾਬੋ ਨੂੰ ਦੇਖਿਆ ਜਾਵੇ ਤਾਂ ਇਸਦੇ ਤਿੰਨ ਯੂਨਿਟਾਂ ਤੋਂ ਸਭ ਤੋਂ ਵੱਧ 1660 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਹੈ। ਇਸ ਤੋਂ ਬਾਅਦ ਰਾਜਪੁਰਾ ਥਰਮਲ ਪਲਾਂਟ ਦੇ ਦੋਵੇਂ ਯੂਨਿਟ ਚਾਲੂ ਹਨ ਅਤੇ ਇੱਥੋਂ 1326 ਮੈਗਾਵਾਟ ਬਿਜਲੀ ਪੰਜਾਬ ਨੂੰ ਆ ਰਹੀ ਹੈ।

ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦੇ ਦੋਵੇਂ ਯੂਨਿਟਾਂ ਤੋਂ 300 ਮੈਗਾਵਾਟ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ। ਪ੍ਰਾਈਵੇਟ ਥਰਮਲ ਪਲਾਂਟਾਂ ਵੱਲੋਂ 3280 ਮੈਗਾਵਾਟ ਤੋਂ ਜਿਆਦਾ ਬਿਜਲੀ ਪੈਦਾ ਕੀਤੀ ਜਾ ਰਹੀ ਹੈ। ਹਾਈਡ੍ਰਲ ਪ੍ਰੋਜੈਕਟਾਂ ਤੋਂ 356 ਮੈਗਾਵਾਟ ਬਿਜਲੀ ਉਤਪਾਦਨ ਪੈਦਾ ਹੋ ਰਿਹਾ ਹੈ। ਅਗਲਾ ਸਮਾਂ ਗਰਮੀ ਅਤੇ ਝੋਨੇ ਦੇ ਸੀਜ਼ਨ ਦਾ ਹੈ ਅਤੇ ਇਸ ਦੌਰਾਨ ਬਿਜਲੀ ਦੀ ਮੰਗ 15500 ਮੈਗਾਵਾਟ ਨੂੰ ਪਾਰ ਕਰਨ ਦਾ ਅਨੁਮਾਨ ਹੈ। ਪਾਵਰਕੌਮ ਦੇ ਚੇਅਰਮੈਨ ਬਲਦੇਵ ਸਿੰਘ ਸਰਾਂ ਦਾ ਕਹਿਣਾ ਹੈ ਕਿ ਗਰਮੀ ਅਤੇ ਝੋਨੇ ਦੇ ਪ੍ਰਬੰਧਾਂ ਲਈ ਪਾਵਰਕੌਮ ਵੱਲੋਂ ਪੂਰੀ ਤਿਆਰੀ ਵਿੱਢੀ ਹੋਈ ਹੈ ਅਤੇ ਬਿਜਲੀ ਦੀ ਕੋਈ ਘਾਟ ਪੈਦਾ ਨਹੀਂ ਹੋਵੇਗੀ।

ਕੋਲੇ ਦੀ ਸਥਿਤੀ ਬਹੁਤੀ ਮਜ਼ਬੂਤ ਨਹੀਂ

ਇੱਧਰ ਪਾਵਰਕੌਮ ਦੇ ਥਰਮਲਾਂ ਅੰਦਰ ਕੋਲੇ ਦੀ ਸਥਿਤੀ ਬਹੁਤੀ ਮਜ਼ਬੂਤ ਨਹੀਂ ਹੈ। ਲਹਿਰਾ ਮੁਹੱਬਤ ਥਰਮਲ ਪਲਾਂਟ ’ਚ 9 ਦਿਨ ਦਾ ਕੋਲਾ ਹੈ ਜਦਕਿ ਰੋਪੜ ਥਰਮਲ ਪਲਾਂਟ ਕੋਲ 18 ਦਿਨ ਦਾ ਕੋਲਾ ਜਮ੍ਹਾਂ ਹੈ। ਇਸ ਦੇ ਨਾਲ ਹੀ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਕੋਲ 6 ਦਿਨਾਂ ਦਾ ਜਦਕਿ ਤਲਵੰਡੀ ਸਾਬੋ ਥਰਮਲ ਪਲਾਂਟ ਕੋਲ 7 ਦਿਨਾਂ ਦਾ ਕੋਲਾ ਹੈ। ਰਾਜਪੁਰਾ ਥਰਮਲ ਪਲਾਂਟ ਕੋਲ ਸਭ ਤੋਂ ਵੱਧ 27 ਦਿਨਾਂ ਦਾ ਕੋਲਾ ਹੈ। ਪਤਾ ਲੱਗਾ ਹੈ ਕਿ ਕੋਲ ਇੰਡੀਆ ਦਬਾਅ ਬਣਾ ਰਿਹਾ ਹੈ ਕਿ ਕੋਲੇ ਦੇ ਭਾਅ ਵਿੱਚ ਵਾਧਾ ਕੀਤਾ ਜਾਵੇ। ਪਾਵਰਕੌਮ ਦੀ ਪਿਛਵਾੜਾ ਕੋਲ ਮਾਇਨ ’ਚੋਂ ਵੀ ਰੋਜ਼ਾਨਾ ਐਵੇਰਜ਼ ਇੱਕ ਰੇਕ ਹੀ ਆ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ