ਵਿਆਹ ਤੋਂ ਕੁਝ ਮਹੀਨਿਆਂ ਬਾਅਦ ਹੀ ਬਿੰਦੂ ਤੇ ਉਸ ਘਰਵਾਲੇ ਦੀ ਆਪਸ ਵਿੱਚ ਤੂੰ-ਤੂੰ, ਮੈਂ-ਮੈਂ ਹੋਣ ਲੱਗੀ। ਰਿਸ਼ਤੇਦਾਰਾਂ ਨੇ ਕਈ ਵਾਰ ਸਮਝਾਇਆ ਪਰ ਦੋਹਾਂ ਵਿੱਚ ਝਗੜਾ ਵਧਦਾ ਹੀ ਜਾ ਰਿਹਾ ਸੀ। ਇੱਕ ਦਿਨ ਬਿੰਦੂ ਨੂੰ ਉਸ ਦੀ ਸੱਸ ਨੇ ਵੀ ਬਹੁਤ ਸਮਝਾਇਆ ਪਰ ਉਹ ਭੋਰਾ ਵੀ ਟੱਸ ਤੋਂ ਮੱਸ ਨਾ ਹੋਈ, ਜਿਸ ਕਰਕੇ ਘਰ ਵਿੱਚ ਲੜਾਈ ਵਧਦੀ ਹੀ ਗਈ। ਨਿੱਤ-ਨਿੱਤ ਦੇ ਝਗੜੇ ਤੋਂ ਤੰਗ ਦੋਵੇਂ ਇੱਕ-ਦੂਜੇ ਨਾਲ ਖਫਾ ਰਹਿਣ ਲੱਗੇ। ਵਿਆਹ ਦੀਆਂ ਖੁਸ਼ੀਆਂ ਤੇ ਚਾਅ ਸਾਰੇ ਮਨ ਦੇ ਮਨ ਵਿਚ ਹੀ ਰਹਿ ਗਏ। (Punjabi story)
ਆਂਢੀ-ਗੁਆਂਢੀ ਵੀ ਉਨ੍ਹਾਂ ਦੇ ਝਗੜੇ ਤੋਂ ਤੰਗ ਆ ਚੁੱਕੇ ਸਨ। ਹੁਣ ਤਾਂ ਗੱਲ ਘਰ ਦੀ ਘਰ ਵਿੱਚ ਨਾ ਰਹਿ ਕੇ ਥਾਣੇ-ਕਚਹਿਰੀਆਂ ਤੱਕ ਪਹੁੰਚ ਗਈ। ਥਾਣੇ ਵਿੱਚ ਸੁਣਵਾਈ ਹੋਈ ਕਿ ਇੱਕ ਮਹੀਨੇ ਤੱਕ ਇਨ੍ਹਾਂ ਨੂੰ ਇਕੱਠਿਆਂ ਰਹਿਣ ਦਾ ਮੌਕਾ ਦਿੱਤਾ ਜਾਂਦਾ। ਜੇਕਰ ਲੜਾਈ-ਝਗੜਾ ਖਤਮ ਨਹੀਂ ਹੁੰਦਾ ਤਾਂ ਦੋਹਾਂ ਧਿਰਾਂ ਦੀਆਂ ਪੰਚਾਇਤਾਂ ਨੂੰ ਬਿਠਾ ਕੇ ਇਨ੍ਹਾਂ ਦਾ ਫੈਸਲਾ ਕਰ ਦਿੱਤਾ ਜਾਵੇਗਾ। ਦਿਨ ਗੁਜ਼ਰਦੇ ਗਏ ਪਰ ਉਨ੍ਹਾਂ ਦੇ ਵਿੱਚ ਹਾਲੇ ਵੀ ਕੋਈ ਫਰਕ ਨਹੀਂ ਪਿਆ ਸੀ। (Punjabi story)
ਇੱਕ ਦਿਨ ਅਚਾਨਕ ਬਹੁਤ ਭਾਰੀ ਬਾਰਿਸ਼ ਹੋ ਰਹੀ ਸੀ। ਉੱਧਰੋਂ ਬਿੰਦੂ ਦੀ ਮਾਂ ਬਿੰਦੂ ਨੂੰ ਮਿਲਣ ਲਈ ਉਸਦੇ ਸਹੁਰੇ ਪਿੰਡ ਦੇ ਬੱਸ ਅੱਡੇ ’ਤੇ ਪਹੁੰਚ ਚੁੱਕੀ ਸੀ। ਬਿੰਦੂ ਦੀ ਆਪਣੇ ਘਰਵਾਲੇ ਨਾਲ ਬਣਦੀ ਨਹੀਂ ਸੀ। ਇਸ ਲਈ ਉਸ ਨੇ ਵਰ੍ਹਦੇ ਮੀਂਹ ਵਿੱਚ ਆਪਣੀ ਮਾਂ ਨੂੰ ਸਕੂਟੀ ਉੱਪਰ ਆਪ ਹੀ ਲਿਆਉਣ ਦੀ ਸੋਚੀ। ਇਹ ਸੋਚ ਕੇ ਉਸ ਨੇ ਬਰਾਂਡੇ ਦੇ ਵਿੱਚੋਂ ਆਪਣੀ ਸਕੂਟੀ ਸਟਾਰਟ ਕੀਤੀ। ਬੱਸ ਅੱਡੇ ਵੱਲ ਨੂੰ ਚੱਲ ਪਈ ਪਰ ਬੱਸ ਅੱਡੇ ਨੂੰ ਜਾਣ ਵਾਲੀ ਸੜਕ ਟੁੱਟੀ ਹੋਈ ਹੋਣ ਕਰਕੇ ਉਸ ਉੱਪਰ ਪਾਈ ਤਾਜੀ ਚੀਕਣੀ ਮਿੱਟੀ ਗਾਰ ਬਣੀ ਪਈ ਸੀ। ਜਿਸ ਕਰਕੇ ਚਿੱਕੜ ਤੇ ਗਾਰ ਵਿੱਚ ਬਿੰਦੂ ਦੀ ਸਕੂਟੀ ਬੜੀ ਤਿਲ੍ਹਕ ਰਹਿ ਸੀ।
Punjabi story
ਸਕੂਟੀ ਹੁਣ ਨਾ ਅੱਗੇ ਜਾ ਰਹੀ ਸੀ ਤੇ ਨਾ ਹੀ ਪਿੱਛੇ ਮੁੜ ਰਹੀ ਸੀ। ਇਹ ਸੋਚ ਕੇ ਉਹ ਡਾਢੀ ਪ੍ਰੇਸ਼ਾਨ ਹੋ ਰਹੀ ਸੀ ।ਉੱਧਰ ਬਿੰਦੂ ਦੀ ਮਾਂ ਬਿੰਦੂ ਨੂੰ ਵਾਰ-ਵਾਰ ਬਾਰਿਸ਼ ਦਾ ਕਹਿ ਕੇ ਜਲਦੀ ਆਉਣ ਲਈ ਕਹਿ ਰਹੀ ਸੀ ਪਰ ਬਿੰਦੂ ਤੋਂ ਸਕੂਟੀ ਵਾਰ-ਵਾਰ ਤਿਲ੍ਹਕ ਰਹੀ ਸੀ। ਜਿਸ ਕਰਕੇ ਹੁਣ ਬਿੰਦੂ ਕੋਲ ਆਪਣੇ ਪਤੀ ਨੂੰ ਫੋਨ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਾ ਬਚਿਆ ਤੇ ਬਿੰਦੂ ਨੇ ਨਾ ਚਾਹੁੰਦਿਆਂ ਵੀ ਆਪਣੇ ਘਰ ਵਾਲੇ ਨੂੰ ਫੋਨ ਲਾਇਆ ਤੇ ਆਪਣੀ ਸਕੂਟੀ ਦੇ ਤਿਲ੍ਹਕਣ ਅਤੇ ਆਪਣੀ ਮਾਂ ਦੇ ਆਉਣ ਬਾਰੇ ਦੱਸਿਆ।
Also Read : 6.4 ਤੀਬਰਤਾ ਦੇ ਜ਼ੋਰਦਾਰ ਭੂਚਾਲ ਦੇ ਝਟਕੇ, ਘਰਾਂ ’ਚੋਂ ਬਾਹਰ ਨਿੱਕਲੇ ਲੋਕ
ਉਸ ਦੇ ਪਤੀ ਨੇ ਪਹਿਲਾਂ ਤਾਂ ਨਾ ਜਾਣ ਦਾ ਫੈਸਲਾ ਕੀਤਾ ਪਰ ਅਚਾਨਕ ਉਸ ਨੇ ਆਪਣੀ ਸੱਸ ਬਾਰੇ ਸੋਚ ਕੇ ਜਾਣ ਦਾ ਫੈਸਲਾ ਕੀਤਾ ਅਤੇ ਬਿੰਦੂ ਨੂੰ ਉੱਥੇ ਹੀ ਰੁਕਣ ਲਈ ਕਿਹਾ ਅਤੇ ਜਲਦੀ ਛਤਰੀ ਲੈ ਕੇ ਉਸ ਕੋਲ ਪਹੁੰਚਿਆ ਤੇ ਸਕੂਟੀ ਨੂੰ ਚਿੱਕੜ ਵਿੱਚੋਂ ਬਾਹਰ ਕੱਢਿਆ। ਬਿੰਦੂ ਨੂੰ ਨਾਲ ਬਹਾ ਬੱਸ ਅੱਡੇ ਵੱਲ ਨੂੰ ਚੱਲ ਪਿਆ। ਬਿੰਦੂ ਨੇ ਦੇਖਿਆ ਕਿ ਉਸ ਦਾ ਪਤੀ ਚਿੱਕੜ ਵਿੱਚ ਵੀ ਸਕੂਟੀ ਨੂੰ ਬੜੇ ਆਰਾਮ ਨਾਲ ਚਲਾ ਕੇ ਲੈ ਗਿਆ ਤੇ ਕਿਤੇ ਵੀ ਸਲਿੱਪ ਨਾ ਕੀਤਾ ਬਿੰਦੂ ਬੜੀ ਹੈਰਾਨ ਸੀ।
ਉਹੀ ਸਕੂਟੀ ਉਸੇ ਸੜਕ ’ਤੇ ਬੜੇ ਅਰਾਮ ਨਾਲ ਚੱਲ ਰਹੀ ਸੀ। ਉਹ ਦੋਵੇਂ ਬੱਸ ਅੱਡੇ ’ਤੇ ਪਹੁੰਚ ਗਏ। ਦੋਵਾਂ ਨੂੰ ਇਕੱਠਿਆਂ ਦੇਖ ਕੇ ਉਸ ਦੀ ਮਾਂ ਦਾ ਮਨ ਬੜਾ ਖੁਸ਼ ਹੋਇਆ। ਬਿੰਦੂ ਦੇ ਪਤੀ ਨੇ ਆਪਣੀ ਸੱਸ ਦੇ ਪੈਰੀਂ ਹੱਥ ਲਾਏ। ਘਰ ਦੀ ਖੈਰ-ਸੁੱਖ ਪੁੱਛ ਸਕੂਟੀ ’ਤੇ ਦੋਵਾਂ ਨੂੰ ਬੈਠਣ ਲਈ ਕਿਹਾ ਤੇ ਦੋਵਾਂ ਨੂੰ ਸਕੂਟੀ ’ਤੇ ਬਿਠਾ ਕੇ ਉਸੇ ਰਸਤੇ ਬੜੇ ਆਰਾਮ ਨਾਲ ਘਰ ਲੈ ਆਇਆ।
ਬਿੰਦੂ ਬੜੀ ਹੈਰਾਨ ਸੀ ਕਿ ਉਹੀ ਸੜਕ ਤੋਂ ਹੀ ਸਕੂਟੀ ਉਸੇ ਚਿੱਕੜ ਵਿੱਚ ਬਿਨਾਂ ਤਿਲ੍ਹਕਣ ਤੋਂ ਕਿਵੇਂ ਚੱਲ ਰਹੀ ਸੀ! ਬਿੰਦੂ ਦਾ ਪਤੀ ਆਪਣੀ ਸੱਸ ਲਈ ਕੁਝ ਲੈਣ ਲਈ ਦੁਕਾਨ ਵੱਲ ਨੂੰ ਚਲਾ ਗਿਆ। ਬਿੰਦੂ ਨੇ ਆਪਣੀ ਮਾਂ ਨੂੰ ਸਕੂਟੀ ਤੇ ਚਿੱਕੜ ਵਾਲੀ ਸਾਰੀ ਘਟਨਾ ਦੱਸੀ ਬਿੰਦੂ ਦੀ ਮਾਂ ਨੇ ਉਸ ਨੂੰ ਸਮਝਾਇਆ ਕਿ ਪੁੱਤ ਵਿਆਹ ਤੋਂ ਬਾਅਦ ਜ਼ਿੰਦਗੀ ਦੇ ਵਿੱਚ ਬੜੇ ਝੱਖੜ, ਮੀਂਹ, ਹਨ੍ਹੇਰੀਆਂ ਤੇ ਉਤਾਰ-ਚੜ੍ਹਾਅ ਆਉਂਦੇ ਹਨ। ਜੋ ਲੋਕ ਉਹਨਾਂ ਵਿੱਚ ਆਪਣਾ-ਆਪ ਸੰਭਾਲ ਕੇ ਚੱਲਦੇ ਹਨ ਉਹ ਤੇਰੇ ਪਤੀ ਵਾਂਗ ਜ਼ਿੰਦਗੀ ਵਿੱਚ ਕਾਮਯਾਬ ਹੋ ਜਾਂਦੇ ਹਨ।
ਕੁਝ ਲੋਕ ਤੇਰੇ ਵਾਂਗ ਹੁੰਦੇ ਨੇ ਜੋ ਆਪਣੀ ਜ਼ਿੰਦਗੀ ਦੇ ਵਿੱਚ ਤਿਲ੍ਹਕਣ ਦਾ ਸ਼ਿਕਾਰ ਹੋ ਜਾਂਦੇ ਨੇ ਤੇ ਸਾਰੀ ਉਮਰ ਉਸ ਤਿਲ੍ਹਕਣ ਤੋਂ ਉੱਠ ਨਹੀਂ ਪਾਉਂਦੇ। ਜਿਸ ਕਰਕੇ ਉਹਨਾਂ ਦੀ ਜ਼ਿੰਦਗੀ ਇਸ ਚਿੱਕੜ ਜਾਂ ਦਲਦਲ ਵਿੱਚ ਫਸ ਕੇ ਰਹਿ ਜਾਂਦੀ ਹੈ। ਉਹ ਨਾ ਤੇਰੇ ਵਾਂਗ ਅੱਗੇ ਜਾ ਸਕਦੇ ਨੇ ਨਾ ਪਿੱਛੇ ਮੁੜ ਸਕਦੇ ਨੇ। ਸੋ ਪੁੱਤ ਜ਼ਿੰਦਗੀ ਦੇ ਵਿੱਚ ਸੰਤੁਲਨ ਬਹੁਤ ਜ਼ਰੂਰੀ ਹੈ।
Also Read : ਫੌਜੀ ਕਰਵਾਈ ਦੀ ਪਾਰਦਰਸ਼ਿਤਾ ਤੇ ਸੰਵੇਦਨਸ਼ੀਲਤਾ
ਬੇਬੇ ਦੀ ਗੱਲ ਸੁਣ ਕੇ ਬਿੰਦੂ ਦੀਆਂ ਅੱਖਾਂ ਵਿੱਚੋਂ ਹੰਝੂ ਵਗ ਤੁਰੇ। ਉੱਧਰ ਬਿੰਦੂ ਦਾ ਪਤੀ ਜੋ ਓਹਲੇ ਖੜ੍ਹਾ ਮਾਂ-ਧੀ ਦੀਆਂ ਗੱਲਾਂ ਸੁਣ ਰਿਹਾ ਸੀ ਬੇਬੇ ਦੇ ਪੈਰੀਂ ਡਿੱਗ ਗਿਆ। ਬੇਬੇ ਨੇ ਦੋਹਾਂ ਨੂੰ ਆਪਣੀ ਬੁੱਕਲ ਵਿੱਚ ਲੈ ਲਿਆ। ਬਿੰਦੂ ਤੇ ਉਸ ਦੇ ਪਤੀ ਦੇ ਚਿਹਰੇ ’ਤੇ ਹਲਕੀ ਜਿਹੀ ਮੁਸਕਾਨ ਸੀ, ਜਿਵੇਂ ਉਨ੍ਹਾਂ ਨੂੰ ਜ਼ਿੰਦਗੀ ਦੀ ਤਿਲ੍ਹਕਣ ਦੀ ਸਮਝ ਆ ਗਈ ਹੋਵੇ।
ਰਣਬੀਰ ਸਿੰਘ ਪਿ੍ਰੰਸ (ਸ਼ਾਹਪੁਰ ਕਲਾਂ),
ਆਫ਼ੀਸਰ ਕਾਲੋਨੀ, ਸੰਗਰੂਰ
ਮੋ. 98722-99613