ਦਾਖਲਾ ਨਾ ਹੋਣ ’ਤੇ 5ਵੀਂ ਪਾਸ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ

Suicide

(ਜਸਵੀਰ ਸਿੰਘ ਗਹਿਲ) ਲੁਧਿਆਣਾ। ਲੁਧਿਆਣਾ ਦੇ ਪਿੰਡ ਮੁੰਡੀਆਂ ਕਲਾਂ ’ਚ ਪੰਜਵੀਂ ਪਾਸ ਇੱਕ ਵਿਦਿਆਰਥਣ ਨੇ ਘਰ ਅੰਦਰ ਹੀ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਹਿਚਾਣ ਰਿੱਤੂ ਕੁਮਾਰੀ (13) ਸਾਲ ਵਜੋਂ ਹੋਈ ਹੈ। ਜਿਸ ਦੀ ਲਾਸ਼ ਨੂੰ ਪੁਲਿਸ ਨੇ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ’ਚ ਰਖਵਾ ਕੇ ਜਾਂਚ ਆਰੰਭ ਦਿੱਤੀ ਹੈ। (Suicide)

ਮੁੁੰਡੀਆਂ ਕਲਾਂ ਪੁਲਿਸ ਚੌਂਕੀ ਦੇ ਇੰਚਾਰਜ ਸੁਰਜੀਤ ਸਿੰਘ ਨੇ ਦੱਸਿਆ ਕਿ ਮਿਲੀ ਇਤਲਾਹ ’ਤੇ ਪਹੁੰਚ ਕੇ ਪੁਲਿਸ ਨੇ ਮ੍ਰਿਤਕ ਰਿੱਤੂ ਕੁਮਾਰੀ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਰਖਵਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪ੍ਰਵਾਸੀ ਪਰਿਵਾਰ ਨਾਲ ਸੰਬਧਿਤ ਮ੍ਰਿਤਕਾ ਆਪਣੇ ਪਰਿਵਾਰ ਸਣੇ ਮੁੰਡੀਆਂ ਕਲਾਂ ਦੀ ਬਸਤੀ ’ਚ ਕਿਰਾਏ ’ਤੇ ਰਹਿੰਦੀ ਸੀ ਜਿੱਥੇ ਉਸਨੇ ਆਪਣੇ ਘਰ ਦੇ ਜੰਗਲੇ ਨਾਲ ਚੁੰਨੀ ਦਾ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਹੈ। (Suicide )

ਇਹ ਵੀ ਪੜ੍ਹੋ: ਹਾਂਸੀ ਹਾਦਸੇ ’ਚ ਫੌਤ ਹੋਏ ਪਰਿਵਾਰ ਦੇ ਤਿੰਨ ਮੈਂਬਰਾਂ ਦਾ ਸਸਕਾਰ

ਮੌਤ ਦੇ ਕਾਰਨਾਂ ਦੀ ਜਾਂਚ ਕਰਨ ਦੇ ਨਾਲ ਹੀ ਮ੍ਰਿਤਕਾ ਦੀ ਮਾਂ ਵੱਲੋਂ ਲਿਖਾਏ ਗਏ ਬਿਆਨਾਂ ਮੁਤਾਬਕ ਰਿੱਤੂ ਕੁਮਾਰੀ ਪੰਜਵੀਂ ਪਾਸ ਸੀ, ਜਿਸ ਦਾ ਦਾਖਲਾ ਸਰਕਾਰੀ ਸਕੂਲ ਮੁੰਡੀਆਂ ਕਲਾਂ ਵਿਖੇ ਕਰਵਾਉਣਾ ਸੀ ਪਰ ਮੌਕੇ ’ਤੇ ਅਧਾਰ ਕਾਰਡ ਨਾ ਹੋਣ ਕਾਰਨ ਦਾਖਲਾ ਨਹੀਂ ਹੋ ਸਕਿਆ। ਜਿਸ ਤੋਂ ਪ੍ਰੇਸ਼ਾਨ ਹੋ ਕੇ ਰਿੱਤੂ ਕੁਮਾਰੀ ਨੇ ਖੁਦਕੁਸ਼ੀ ਕਰ ਲਈ ਹੈ। ਉਨਾਂ ਦੱਸਿਆ ਕਿ ਮਾਂ ਦੇ ਬਿਆਨਾਂ ਮੁਤਾਬਕ ਉਹ ਮਕਾਨ ਮਾਲਕ ਕੋਲ ਬੈਠੀ ਸੀ, ਜਿਸ ਨੂੰ ਦੂਸਰੇ ਬੱਚੇ ਨੇ ਆ ਕੇ ਘਟਨਾ ਬਾਰੇ ਦੱਸਿਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਫ਼ਿਲਹਾਲ ਮੌਤ ਦੇ ਕਾਰਨਾਂ ਬਾਰੇ ਕੁੱਝ ਵੀ ਸਪੱਸ਼ਟ ਨਹੀਂ ਕਿਹਾ ਜਾ ਸਕਦਾ, ਜਾਂਚ ਕੀਤੀ ਜਾ ਰਹੀ ਹੈ। ਜਿਸ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਮ੍ਰਿਤਕਾ ਦੀ ਮਾਂ ਅਨੁਸਾਰ ਉਨਾਂ ਦੇ ਤਿੰਨ ਲੜਕੇ ਹੀ ਹਨ, ਇਸ ਲਈ ਉਨਾਂ ਨੇ ਰਿੱਤੂ ਕੁਮਾਰੀ ਨੂੰ ਗੋਦ ਲਿਆ ਸੀ।