ਚੀਨੀ ਸੈਨਿਕਾਂ ਨਾਲ ਝੜਪ ‘ਚ ਬੀਰੇਵਾਲਾ ਡੋਗਰਾ ਦਾ 23 ਸਾਲਾ ਨੌਜਵਾਨ ਸ਼ਹੀਦ

ਦੋ ਦਿਨ ਪਹਿਲਾਂ ਹੋਏ ਭਰਾ ਦੇ ਵਿਆਹ ‘ਤੇ ਨਹੀਂ ਆ ਸਕਿਆ ਸੀ ਗੁਰਤੇਜ਼ ਸਿੰਘ

ਬੋਹਾ, (ਤਰਸੇਮ ਮੰਦਰਾਂ) ਗਲਵਾ ਘਾਟੀ ਵਿੱਚ ਲੱਦਾਖ ਸਰਹੱਦ ‘ਤੇ ਚੀਨੀ ਸੈਨਿਕਾਂ ਨਾਲ ਹਿੰਸਕ ਝੜਪ ਵਿੱਚ ਮਾਨਸਾ ਜਿਲ੍ਹੇ ਦੇ ਪਿੰਡ ਬੀਰੇਵਾਲਾ ਡੋਗਰਾ ਦਾ 23 ਸਾਲਾ ਨੌਜਵਾਨ ਗੁਰਤੇਜ ਸਿੰਘ ਸ਼ਹੀਦ ਹੋ ਗਿਆ।ਪਰਿਵਾਰ ਅਨੁਸਾਰ ਜਵਾਨ ਦੀ ਸ਼ਹਾਦਤ ਦੀ ਖਬਰ ਬੁੱਧਵਾਰ ਸਵੇਰੇ 6:39 ਵਜੇ ਉਸ ਦੇ ਘਰ ਪੁੱਜੀ।ਜਿਵੇਂ ਹੀ ਪਰਿਵਾਰਕ ਮੈਂਬਰਾਂ ਨੂੰ ਸ਼ਹਾਦਤ ਦਾ ਪਤਾ ਲੱਗਾ ਤਾਂ ਪਿੰਡ ‘ਚ ਮਾਤਮ ਛਾਅ ਗਿਆ ਤੇ ਪੂਰੇ ਇਲਾਕੇ ‘ਚ ਸੋਗ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ।

ਗੁਰਤੇਜ ਸਿੰਘ ਮਾਨਸਾ ਜਿਲ੍ਹੇ ਦੇ ਥਾਣਾ ਬੋਹਾ ਦੇ ਪਿੰਡ ਬੀਰੇਵਾਲਾ ਡੋਗਰਾ ਨਿਵਾਸੀ ਪ੍ਰਿਥਾ ਸਿੰਘ ਦਾ ਸਭ ਤੋਂ ਛੋਟਾ ਬੇਟਾ ਹੈ। ਪਰਿਵਾਰ ਵਿੱਚ ਉਸ ਤੋਂ ਵੱਡੇ ਦੋ ਭਰਾ ਹਨ।ਗੁਰਤੇਜ ਸਿੰਘ ਹਾਲ ਹੀ ਵਿੱਚ ਫੌਜ ਵਿੱਚ ਭਰਤੀ ਹੋਇਆ ਸੀ ਅਤੇ ਇਨੀਂ ਦਿਨੀਂ ਲੱਦਾਖ ਦੀ ਸਰਹੱਤ ‘ਤੇ ਤਾਇਨਾਤ ਸੀ ਉਸਦੀ ਸ਼ਹੀਦੀ ਤੋਂ ਬਾਅਦ ਫੌਜ ਦੇ ਅਧਿਕਾਰੀਆਂ ਨੇ ਗੁਰਤੇਜ ਦੇ ਸ਼ਹੀਦ ਹੋਣ ਦੀ ਖਬਰ ਫੋਨ ਰਾਹੀਂ ਪਰਿਵਾਰਕ ਮੈਂਬਰਾਂ ਨੂੰ ਦਿੱਤੀ। ਉਸਦੀ ਮ੍ਰਿਤਕ ਦੇਹ ਪਿੰਡ ਕਦੋਂ ਪਹੁੰਚੇਗੀ, ਇਸ ਬਾਰੇ ਅਜੇ ਕੁਝ ਵੀ ਸਪੱਸ਼ਟ ਨਹੀਂ ਹੋਇਆ, ਫਿਰ ਵੀ ਸੂਤਰਾਂ ਮੁਤਾਬਕ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਜੇਕਰ ਮੌਸਮ ਠੀਕ ਰਿਹਾ ਤਾਂ ਕੱਲ੍ਹ ਸ਼ਾਮ ਤੱਕ  ਉਸਦੀ ਮ੍ਰਿਤਕ ਦੇਹ ਪਿੰਡ ਪਹੁੰਚ ਜਾਵੇਗੀ।

ਸ਼ਹੀਦ ਗੁਰਤੇਜ ਸਿੰਘ ਦੇ ਪਿਤਾ ਨੇ ਦੱਸਿਆ ਕਿ ਪਿਛਲੇ ਦੋ ਕੁ ਸਾਲ ਪਹਿਲਾਂ ਉਸਦਾ ਪੁੱਤਰ ਫੌਜ ਦੀ ਸਿੱਖ ਰੈਜੀਮੈਂਟ ਵਿੱਚ ਭਰਤੀ ਹੋਇਆ ਸੀ । ਉਹ ਤਿੰਨ ਭਰਾ ਹਨ ਤੇ ਉਹ ਆਪਣੇ ਦੋਹਾਂ ਭਰਾਵਾਂ ਤੋਂ ਛੋਟਾ ਸੀ ਉਨ੍ਹਾਂ ਦੇ ਪਰਿਵਾਰ ਕੋਲ ਕੇਵਲ  ਢਾਈ ਏਕੜ ਜ਼ਮੀਨ ਹੈ ਪਰਿਵਾਰ ਦੀ ਆਰਥਿਕਤਾ ਨੂੰ ਦੇਖਦਿਆਂ ਉਸਦਾ ਪੁੱਤਰ ਪੜ੍ਹਾਈ ਕਰਕੇ ਖੇਤੀ ਕਰਨ ਦੀ ਬਜਾਏ ਫੌਜ ਵਿੱਚ ਭਰਤੀ ਹੋਇਆ ਸੀ। ਉਸ ਦੀ ਸ਼ਹਾਦਤ ਤੋਂ ਦੋ ਦਿਨ ਪਹਿਲਾਂ ਹੀ ਉਸ ਦੇ ਵੱਡੇ ਭਰਾ ਦਾ ਵਿਆਹ ਹੋਇਆ ਸੀ ਗੁਰਤੇਜ ਸਿੰਘ ਨੇ ਵੀ ਆਪਣੇ ਭਰਾ ਦੇ ਵਿਆਹ ਵਿੱਚ ਸ਼ਾਮਿਲ ਹੋਣ ਲਈ ਛੁੱਟੀ ਅਪਲਾਈ ਕੀਤੀ ਸੀ ਪਰ ਸਰਹੱਦ ‘ਤੇ ਚਲਦੇ ਤਣਾਅ ਕਾਰਨ ਉਸਦੀ ਛੁੱਟੀ ਮਨਜੂਰ ਨਹੀਂ ਹੋ ਸਕੀ। ਪਰਿਵਾਰ ਅਜੇ ਇਸ ਵਿਆਹ ਦੀਆਂ ਖੁਸ਼ੀਆਂ ਹੀ ਮਨਾ ਰਿਹਾ ਸੀ ਕਿ ਹੋਣੀ ਨੇ ਘਰ ਵਿੱਚ ਸੱਥਰ ਵਿਛਾ ਦਿੱਤਾ ਉਸਦੀ ਮੌਤ ਦੀ ਖਬਰ ਸੁਣ ਕੇ ਘਰ ਵਿੱਚ ਇਕ ਦਮ ਮਾਤਮ ਪਸਰ ਗਿਆ।

ਵਿਧਾਇਕ ਬੁੱਧ ਰਾਮ ਤੇ ਡਾ. ਨਿਸ਼ਾਨ ਸਿੰਘ ਪਹੁੰਚੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ

ਫੌਜੀ ਜਵਾਨ ਦੀ ਸ਼ਹਾਦਤ ‘ਤੇ ਪਰਿਵਾਰ ਨਾਲ ਦੁੱਖ ਪ੍ਰਗਟਾਉਣ ਵਾਲੇ ਆਮ ਲੋਕਾਂ ਅਤੇ ਰਿਸ਼ਤੇਦਾਰਾਂ ਦੀ ਭਾਵੇਂ ਭੀੜ ਜਰੂਰ ਇਕੱਠੀ ਹੋ ਗਈ ਪਰ ਖਬਰ ਲਿਖੇ ਜਾਣ ਤੱਕ ਆਮ ਆਦਮੀ ਪਾਰਟੀ ਤੋਂ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਅਤੇ ਅਕਾਲੀ ਦਲ ਦੇ ਹਲਕਾ ਇੰਚਾਰਜ ਡਾ ਨਿਸ਼ਾਨ ਸਿੰਘ ਕੌਲਧਾਰ ਅਤੇ ਸ੍ਰੀ ਸੰਦੀਪ ਭਾਟੀ ਐਸ. ਐਚ. ਓ. ਬੋਹਾ ਤੋਂ ਇਲਾਵਾ ਜਿਲ੍ਹੇ ਦਾ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਅਤੇ ਰਾਜਨੀਤਿਕ ਆਗੂ ਸ਼ਹੀਦ ਗੁਰਤੇਜ ਸਿੰਘ ਦੇ ਪਿਛਲੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਨਹੀਂ ਬਹੁੜਿਆ।ਪਿੰਡ ਦੀ ਸਰਪੰਚ ਸ੍ਰੀਮਤੀ ਵੀਰਪਾਲ ਦੇ ਪ੍ਰਤੀਨਿਧੀ ਸ੍ਰ: ਪੱਪੂ ਸਿੰਘ , ਇਕਬਾਲ ਸਿੰਘ ਅਤੇ ਸੁਰਜੀਤ ਸਿੰਘ ਪੰਚ ਨੇ ਕਿਹਾ ਕਿ ਐਡੀ ਵੱਡੀ ਮਾੜੀ ਘਟਨਾ ਨਾਲ ਜਿਲ੍ਹੇ ਵਿੱਚ ਪੂਰਾ ਸੋਗ ਹੈ ਪ੍ਰੰਤੂ ਸੱਤਾਧਾਰੀ ਰਾਜਨੀਤਿਕ ਆਗੂਆਂ ਦੀ ਗੈਰ ਹਾਜਰੀ ਪਿੰਡ ਦੇ ਲੋਕਾਂ ਨੂੰ ਰੜਕ ਰਹੀ ਹੈ ਜਿਸ ਕਾਰਨ ਪਿੰਡ ਦੇ ਲੋਕਾਂ ਵਿੱਚ ਰਾਜਨੀਤਿਕ ਲੋਕਾਂ ਪ੍ਰਤੀ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।