ਅਜੇ ਤੱਕ ਨਹੀਂ ਮਿਲੀ ਮੁਲਾਜ਼ਮਾਂ ਨੂੰ ਦਸੰਬਰ ਮਹੀਨੇ ਦੀ ਤਨਖਾਹ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਹਾਲਤ ਦਿਨੋਂ ਦਿਨ ਬਦਤਰ ਹੁੰਦੀ ਜਾ ਰਹੀ ਹੈ। ਪੰਜਾਬੀ ਯੂਨੀਵਰਸਿਟੀ ਦੇ ਮੁਲਾਜ਼ਮ ਆਪਣੇ ਕੰਮ ਕਾਜ ਠੱਪ ਕਰਕੇ ਧਰਨਿਆਂ ਦੇ ਰਾਹ ਪਏ ਹੋਏ ਹਨ, ਜਿਸ ਦਾ ਖਮਿਆਜਾ ਵਿਦਿਆਰਥੀਆਂ ਨੂੰ ਭੁਗਤਣਾ ਪੈ ਰਿਹਾ ਹੈ। ਯੂਨੀਵਰਸਿਟੀ ਅੰਦਰ ਰੋਜਾਨਾ ਹੀ ਵਿਦਿਆਰਥੀ ਡਿਗਰੀਆਂ, ਸਰਟੀਫਿਕੇਟਾਂ ਅਤੇ ਫੀਸਾਂ ਭਰਨ ਲਈ ਸੈਂਕੜੇ ਕਿਲੋਮੀਟਰਾਂ ਤੋਂ ਪੁੱਜ ਰਹੇ ਹਨ, ਪਰ ਉਨ੍ਹਾਂ ਨੂੰ ਖੱਜਲ-ਖੁਆਰ ਹੋਕੇ ਵਾਪਸ ਮੁੜਨਾ ਪੈ ਰਿਹਾ ਹੈ।
ਜਾਣਕਾਰੀ ਅਨੁਸਾਰ ਪੰਜਾਬੀ ਯੂਨੀਵਰਸਿਟੀ ਵਿਖੇ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਅਤੇ ਤਨਖਾਹਾਂ ਜਾਰੀ ਕਰਵਾਉਣ ਲਈ ਪਿਛਲੇ ਕਈ ਦਿਨਾਂ ਤੋਂ ਧਰਨੇ ਦਿੱਤੇ ਜਾ ਰਹੇ ਹਨ। ਯੂਨੀਵਰਸਿਟੀ ਦੇ ਮੁਲਾਜ਼ਮਾਂ ਦੀ 18 ਤਾਰੀਖ ਬੀਤਣ ਦੇ ਬਾਵਜੂਦ ਅਜੇ ਤੱਕ ਦਸੰਬਰ ਮਹੀਨੇ ਦੀ ਤਨਖਾਹ ਜਾਰੀ ਨਹੀਂ ਹੋਈ, ਜਿਸ ਕਾਰਨ ਮੁਲਾਜ਼ਮਾਂ ਵਿੱਚ ਹੜਕੰਪ ਮੱਚਿਆ ਹੋਇਆ ਹੈ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜਦੋਂ ਤਨਖਾਹ ਹੀ ਸਮੇਂ ਸਿਰ ਨਹੀਂ ਮਿਲ ਰਹੀ ਤਾਂ ਫ਼ਿਰ ਕੰਮ ਕਿਉਂ ਕਰਨ। ਇੱਧਰ ਮੁਲਾਜ਼ਮਾਂ ਦੇ ਧਰਨਿਆਂ ਦਾ ਸ਼ਿਕਾਰ ਵਿਦਿਆਰਥੀਆਂ ਨੂੰ ਹੋਣਾ ਪੈ ਰਿਹਾ ਹੈ। ਅੱਜ ਦੂਰੋਂ ਦੂਰੋਂ ਡਿਗਰੀਆਂ ਆਦਿ ਲੈਣ ਲਈ ਪੁੱਜੇ ਵਿਦਿਆਰਥੀਆਂ ਵੱਲੋਂ ਪੰਜਾਬੀ ਯੂਨੀਵਰਸਿਟੀ ਵਿਖੇ ਰੋਸ ਪ੍ਰਗਟ ਕੀਤਾ ਗਿਆ ਅਤੇ ਆਖਰ ਉਨ੍ਹਾਂ ਨੂੰ ਕਿਰਾਇਆ ਭਾੜਾ ਫੂਕ ਕੇ ਵਾਪਸ ਮੁੜਨਾ ਪਿਆ।
ਇਸ ਮੌਕੇ ਮਾਨਸਾ ਅਤੇ ਗੁਰਦਾਸਪੁਰ ਤੋਂ ਪੁੱਜੇ ਵਿਦਿਆਰਥੀਆਂ ਗੁਰਵਿੰਦਰ ਸਿੰਘ ਅਤੇ ਦਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਉਹ ਆਪਣੀਆਂ ਬੀਐਡ, ਬੀਐਸਸੀ, ਬੀਏ ਆਦਿ ਦੀਆਂ ਡਿਗਰੀਆਂ ਲੈਣ ਲਈ ਪੁੱਜੇ ਹਨ, ਪਰ ਇੱਥੇ ਮੁਲਾਜ਼ਮਾਂ ਵੱਲੋਂ ਸਾਰਾ ਕੰਮ ਕਾਜ ਠੱਪ ਕਰਨ ਕਰਕੇ ਉਨ੍ਹਾਂ ਨੂੰ ਖੱਜਲ-ਖੁਆਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜਦੋਂ ਉਹ ਉੱਚ ਅਧਿਕਾਰੀਆਂ ਨੂੰ ਮਿਲੇ ਤਾਂ ਉਨ੍ਹਾਂ ਕਿਹਾ ਕਿ ਸਾਡੇ ਹੱਥ ਵਿੱਚ ਕੁਝ ਨਹੀਂ ਹੈ। ਇਸ ਮੌਕੇ ਇੱਕ ਹੋਰ ਵਿਦਿਆਰਥੀ ਨੇ ਦੱਸਿਆ ਕਿ ਪਿਛਲੇ ਹਫ਼ਤੇ ਤੋਂ ਗੇੜੇ ਮਾਰ ਰਿਹਾ ਹੈ, ਪਰ ਉਸ ਨੂੰ ਆਪਣੀ ਡਿਗਰੀ ਨਹੀਂ ਮਿਲੀ।
ਵਿਦਿਆਰਥੀਆਂ ਨੇ ਕਿਹਾ ਕਿ ਉਨ੍ਹਾਂ ਨੇ ਨੌਕਰੀ ਲਈ ਅਪਲਾਈ ਕਰਨਾ ਹੈ, ਪਰ ਡਿਗਰੀ ਨਾ ਹੋਣ ਕਾਰਨ ਉਹ ਨੌਕਰੀ ਲਈ ਆਪਲਾਈ ਨਹੀਂ ਕਰ ਸਕਦੇ। ਇਸ ਮੌਕੇ ਲੁਧਿਆਣਾ, ਫਿਰੋਜ਼ਪੁਰ, ਬਠਿੰਡਾ ਆਦਿ ਜ਼ਿਲਿ੍ਹਆਂ ਤੋਂ ਵੀ ਨੌਜਵਾਨ ਪੁੱਜੇ ਹੋਏ ਸਨ, ਜਿਨ੍ਹਾਂ ਨੂੰ ਵਾਪਸ ਖਾਲੀ ਹੱਥ ਮੁੜਨਾ ਪਿਆ। ਯੂਨੀਵਰਸਿਟੀ ਅੰਦਰ ਪਿਛਲੇ ਕਈ ਦਿਨਾਂ ਤੋਂ ਕੰਮ ਕਾਜ ਠੱਪ ਪਿਆ ਹੈ। ਪੰਜਾਬ ਸਰਕਾਰ ਵੱਲੋਂ ਕਾਰਜਕਾਰੀ ਵਾਇਸ ਚਾਂਸਲਰ ਆਈਏਐਸ ਰਵਨੀਤ ਕੌਰ ਨੂੰ ਲਗਾਇਆ ਗਿਆ ਹੈ, ਪਰ ਉਹ ਵੀ ਯੂਨੀਵਰਸਿਟੀ ਇੱਕ ਅੱਧੀ ਵਾਰ ਹੀ ਪੁੱਜੇ ਹਨ, ਜਿਸ ਕਾਰਨ ਯੂਨੀਵਰਸਿਟੀ ਦੀ ਸਥਿਤੀ ਪਹਿਲਾ ਵਾਂਗ ਹੀ ਚੱਲ ਰਹੀ ਹੈ।
ਵਾਇਸ ਚਾਂਸਲਰ ਫੋਨ ਨਹੀਂ ਚੁੱਕਦੇ
ਇਸ ਮਾਮਲੇ ਸਬੰਧੀ ਜਦੋਂ ਪੰਜਾਬੀ ਯੂਨੀਵਰਸਿਟੀ ਦੀ ਵਾਇਸ ਚਾਂਸਲਰ ਆਈਏਐਸ ਅਧਿਕਾਰੀ ਰਵਨੀਤ ਕੌਰ ਨਾਲ ਗੱਲ ਕਰਨੀ ਚਾਹੀ ਤਾਂ ਵਾਰ ਵਾਰ ਫੋਨ ਕਰਨ ’ਤੇ ਵੀ ਉਹਨਾਂ ਫੋਨ ਨਹੀਂ ਚੁੱਕਿਆ।
ਕੋਈ ਸੁਣਵਾਈ ਨਹੀਂ ਹੋ ਰਹੀ
ਇੱਧਰ ਨਾਨ ਟੀਚਿੰਗ ਸਟਾਫ਼ ਦੇ ਪ੍ਰਧਾਨ ਰਾਜਿੰਦਰ ਰਾਜੂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਧਰਨਾ ਅੱਜ ਛੇਵੇਂ ਦਿਨ ’ਚ ਪੁੱਜ ਗਿਆ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੇ ਤਿੰਨ ਮੁਲਾਜ਼ਮਾਂ ਨੂੰ ਬਿਨਾਂ ਕਿਸੇ ਕਸੂਰ ਤੋਂ ਫਾਰਗ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਤਨਖਾਹ ਅਤੇ ਪੈਨਸ਼ਨਾਂ ਵੀ ਸਮੇਂ ਸਿਰ ਜਾਰੀ ਨਹੀਂ ਹੋ ਰਹੀਆਂ। ਨਵੇਂ ਲਗਾਏ ਵਾਇਸ ਚਾਂਸਲਰ ਯੂਨੀਵਰਸਿਟੀ ਨਹੀਂ ਪੁੱਜ ਰਹੇ ਅਤੇ ਚੰਡੀਗੜ੍ਹ ਹੀ ਕੰਮ ਕਾਰ ਕਰ ਰਹੇ ਹਨ ਜਿਸ ਕਾਰਨ ਯੂਨੀਵਰਸਿਟੀ ’ਚ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਨਾ ਸਰਕਾਰ ਯੂਨੀਵਰਸਿਟੀ ਨੂੰ ਗ੍ਰਾਂਟ ਜਾਰੀ ਕਰ ਰਹੀ ਹੈ ਅਤੇ ਨਾ ਹੀ ਅਥਾਰਟੀ ਕੋਈ ਕਦਮ ਚੁੱਕ ਰਹੀ ਹੈ। ਉਨ੍ਹਾਂ ਦੱਸਿਆ ਕਿ ਅੱਜ ਯੂਨੀਵਰਸਿਟੀ ’ਚ ਲਗਭਗ ਸਾਰੇ ਵਿਭਾਗਾਂ ਦਾ ਕੰਮ ਹੀ ਠੱਪ ਰਿਹਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.