ਪ੍ਰਨੀਤ ਕੌਰ ਵੱਲੋਂ ਵੇਰਕਾ ਮਿਲਕ ਪਲਾਂਟ ਵਿਖੇ 85 ਲੱਖ ਰੁਪਏ ਦੀ ਲਾਗਤ ਵਾਲੀ ਮਿਲਕੋ ਸਕੈਨ ਮਸ਼ੀਨ ਤੇ ਨਵੀਂ ਕੁਆਲਟੀ ਲੈਬ ਦਾ ਉਦਘਾਟਨ
ਪਟਿਆਲਾ, (ਸੱਚ ਕਹੂੰ ਨਿਊਜ)। ਪੰਜਾਬ ਸਰਕਾਰ ਦੇ ਸਹਿਕਾਰੀ ਅਦਾਰੇ ਮਿਲਕਫੈਡ ਦੇ ਵੇਰਕਾ ਮਿਲਕ ਪਲਾਂਟਾਂ ਨੇ ਕੋਵਿਡ ਮਹਾਂਮਾਰੀ ਦੌਰਾਨ ਵੀ ਡੇਅਰੀ ਧੰਦੇ ਨੂੰ ਬਚਾਉਣ ’ਚ ਅਹਿਮ ਯੋਗਦਾਨ ਪਾਇਆ ਹੈ। ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਨੇ ਅੱਜ ਪਟਿਆਲਾ ਦੇ ਵੇਰਕਾ ਮਿਲਕ ਪਲਾਂਟ ਵਿਖੇ ਐਨ.ਪੀ.ਡੀ.ਡੀ ਸਕੀਮ ਤਹਿਤ ਸਰਕਾਰ ਵੱਲੋਂ ਪ੍ਰਾਪਤ ਸਬਸਿਡੀ ਦੁਆਰਾ 85 ਲੱਖ ਰੁਪਏ ਦੀ ਲਾਗਤ ਨਾਲ ਸਥਾਪਿਤ ਮਿਲਕੋ ਸਕੈਨ ਐਫ.ਟੀ.-1 ਐਨਾਲਾਈਜਰ ਤੇ ਨਵੀਂ ਕੁਆਲਟੀ ਲੈਬ ਦਾ ਉਦਘਾਟਨ ਕਰਨ ਮੌਕੇ ਕੀਤਾ।
ਉਨ੍ਹਾਂ ਕਿਹਾ ਕਿ ਕੋਵਿਡ ’ਚ ਵੀ ਦੁੱਧ ਉਤਪਾਦਕਾਂ ਨੂੰ ਵਾਜਬ ਭਾਅ ਦੇ ਕੇ ਲੋਕਾਂ ਨੂੰ ਦੁੱਧ ਅਤੇ ਦੁੱਧ ਪਦਾਰਥ ਉਸ ਵੇਲੇ ਮੁਹੱਈਆ ਕਰਵਾਏ ਜਦੋਂ ਬਾਕੀ ਸਾਰੇ ਪ੍ਰਾਈਵੇਟ ਅਦਾਰੇ ਬੰਦ ਹੋ ਗਏ ਸਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਸਹਿਕਾਰੀ ਅਦਾਰੇ ਪੰਜਾਬ ਦੇ ਲੋਕਾਂ ਦੀ ਸੇਵਾ ਦਿਨ ਰਾਤ ਕਰਨ ਲਈ ਤਤਪਰ ਹਨ। ਇਸ ਤੋਂ ਬਿਨ੍ਹਾਂ ਲੋਕਾਂ ਲਈ ਮਹਾਂਮਾਰੀ ਦੌਰਾਨ ਰੋਗਾਂ ਨਾਲ ਲੜਨ ਦੀ ਸ਼ਕਤੀ ਵਧਾਉਣ ਵਜੋਂ ਹਲਦੀ ਦੁੱਧ ਵੀ ਲਾਂਚ ਕੀਤਾ ਗਿਆ।
ਇਸ ਮੌਕੇ ਵੇਰਕਾ ਮਿਲਕ ਪਲਾਂਟ, ਪਟਿਆਲਾ ਦੇ ਜਨਰਲ ਮੈਨੇਜਰ ਗੁਰਮੇਲ ਸਿੰਘ ਨੇ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਦਾ ਧੰਨਵਾਦ ਕਰਦਿਆਂ ਜਾਣੂ ਕਰਵਾਇਆ ਕਿ ਇਸ ਮਿਲਕੋ ਸਕੈਨ ਨਾਲ ਦੁੱਧ ਵਿੱਚ ਮੌਜੂਦ ਜਰੂਰੀ ਤੱਤ ਜਿਵੇਂ ਕਿ ਫੈਟ, ਐਸ.ਐਨ.ਐਫ, ਪ੍ਰੋਟੀਨ ਅਤੇ ਲੈਕਟੋਸ ਤੋਂ ਇਲਾਵਾ 14 ਕਿਸਮ ਦੇ ਦੁੱਧ ਮਿਲਾਵਟਾਂ ਦਾ ਸਿਰਫ 30 ਸੈਕਿੰਡ ਵਿੱਚ ਪਤਾ ਲੱਗ ਸਕੇਗਾ, ਜਿਸ ਨਾਲ ਪ੍ਰਾਪਤ ਕੀਤੇ ਜਾਂਦੇ ਦੁੱਧ ਦੀ ਗੁਣਵੱਤਾ ਤੁਰੰਤ ਨਿਰੀਖਣ ਕਰਕੇ ਦੁੱਧ ਦੀ ਗੁਣਵੱਤਾ ਵਿੱਚ ਹੋਰ ਸੁਧਾਰ ਕਰਨ ਵਿੱਚ ਮਦਦ ਮਿਲੇਗੀ। ਉਨ੍ਹਾਂ ਦੱਸਿਆ ਕਿ ਮਿਲਕਫੈਡ ਕਮਲਦੀਪ ਸਿੰਘ ਸੰਘਾ ਦੀ ਰਹਿਨੁਮਾਈ ਹੇਠ ਮਿਲਕਫੈਡ ਨੇ ਇਹ ਮਿਲਕੋ ਸਕੈਨ ਡੈਨਮਾਰਕ ਦੀ ਮਲਟੀਨੈਸਨਲ ਕੰਪਨੀ ਇੰਡੀਫਾਸ ਤੋਂ ਖਰੀਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.