ਬਰਡ ਫਲੂ ਨੂੰ ਹਲਕੇ ’ਚ ਲੈਣਾ ਪੈ ਸਕਦੈੈ ਭਾਰੀ

ਬਰਡ ਫਲੂ ਨੂੰ ਹਲਕੇ ’ਚ ਲੈਣਾ ਪੈ ਸਕਦੈੈ ਭਾਰੀ

ਕੋਰੋਨਾ ਵਾਇਰਸ ਮਹਾਂਮਾਰੀ ਦੇ ਚੱਲਦਿਆਂ ਹੁਣ ਦੇਸ਼ ’ਚ ਬਰਡ ਫਲੂ ਨੇ ਵੀ ਪੈਰ ਪਸਾਰ ਲਏ ਹਨ। ਜਿਸ ਨੂੰ ਲੈ ਕੇ ਹੁਣ ਲੋਕਾਂ ਵਿਚ ਚਿੰਤਾ ਵਧਦੀ ਜਾ ਰਹੀ ਹੈ। ਕੇਂਦਰ ਸਰਕਾਰ ਨੇ ਵੀ ਬਰਡ ਫਲੂ ਨੂੰ ਲੈ ਕੇ ਰਾਜ ਸਰਕਾਰਾਂ ਨੂੰ ਚੌਕਸ ਕੀਤਾ ਹੈ ਅਤੇ ਇਸ ਤੋਂ ਬਚਾਅ ਰੱਖਣ ਲਈ ਜ਼ਰੂਰੀ ਕਦਮ ਚੁੱਕਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ।

ਮੱੱਧ ਪ੍ਰਦੇਸ਼, ਰਾਜਸਥਾਨ, ਪੰਜਾਬ ਅਤੇ ਕੇਰਲ ’ਚ ਤਾਂ ਬਰਡ ਫਲੂ ਦੀ ਪੁਸ਼ਟੀ ਵੀ ਹੋ ਚੁੱਕੀ ਹੈ। ਹਾਲਾਂਕਿ ਇਨ੍ਹਾਂ ਸੂਬਿਆਂ ’ਚ ਇਸ ਫਲੂ ਤੋਂ ਪ੍ਰਭਾਵਿਤ ਮਰੀਜਾਂ ਦੀ ਪੁਸ਼ਟੀ ਨਹੀਂ ਹੋਈ ਹੈ। ਮਾਹਿਰਾਂ ਨੇ ਵਿਦੇਸ਼ੀ ਪੰਛੀਆਂ ਦੇ ਆਉਣ ਦੇ ਨਾਲ ਹੀ ਇਸ ਫਲੂ ਦੇ ਜਲਦ ਹੀ ਫੈਲਣ ਦਾ ਖਦਸ਼ਾ ਜਤਾਇਆ ਹੈ। ਅਜਿਹੇ ’ਚ ਹਰ ਕੋਈ ਬਰਡ ਫਲੂ ਤੋਂ ਬਚਾਅ ਦੇ ਤਰੀਕੇ ਲੱਭ ਰਿਹਾ ਹੈ। ਪੰਛੀਆਂ ਤੋਂ ਹੋਣ ਵਾਲੇ ਇਸ ਫਲੂ ਨਾਲ ਲੋਕਾਂ ਦੇ ਮਨਾਂ ’ਚ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ। ਜਿਵੇਂ ਇਸ ਫਲੂ ਦੇ ਫੈਲਣ ਦੇ ਕਾਰਨ, ਇਸ ਦੇ ਲੱਛਣ ਅਤੇ ਇਸ ਵਾਇਰਸ ਤੋਂ ਬਚਾਅ ਦੇ ਤਰੀਕੇ।

ਦੇਸ਼ ਵਿੱਚ ਇਸ ਸਮੇਂ ਕੋਰੋਨਾ ਵਾਇਰਸ ਫੈਲਿਆ ਹੋਇਆ ਹੈ ਅਤੇ ਅਜਿਹੇ ’ਚ ਬਰਡ ਫਲੂ ਦੀ ਮਾਰ ਦੋਹਰੀ ਮੁਸੀਬਤ ਪੈਦਾ ਕਰ ਰਹੀ ਹੈ। ਜੇਕਰ ਮਾਹਿਰਾਂ ਦੀ ਰਾਇ ਮੰਨੀਏ ਤਾਂ ਪੰਛੀਆਂ ਤੋਂ ਫੈਲਣ ਵਾਲਾ ਫਲੂ ਵੀ ਕੋਰੋਨਾ ਵਾਇਰਸ ਵਾਂਗ ਕਈ ਸਮਾਨ ਲੱਛਣ ਰੱਖਦਾ ਹੈ। ਪੰਛੀਆਂ ਤੋਂ ਫੈਲਣ ਵਾਲੇ ਇਸ ਸੰਕਰਮਣ ਦਾ ਐਚ5ਐਨ1 ਵਾਇਰਸ ਹੁਣ ਤੱਕ ਦਾ ਸਭ ਤੋਂ ਘਾਤਕ ਵਾਇਰਸ ਸਾਬਤ ਹੋਇਆ ਹੈ।
ਐਚ5ਐਨ1 ਨੂੰ ਰੋਕਣ ਲਈ ਕਈ ਟੀਕੇ ਵੀ ਵਿਕਸਿਤ ਕੀਤੇ ਗਏ, ਪਰ ਇਹਨਾਂ ਦੇ ਅਸਰਦਾਰ ਹੋਣ ਦਾ ਹਜੇ ਤੱਕ ਕੋਈ ਵੀ ਪ੍ਰਮਾਣ ਨਹੀਂ ਮਿਲਿਆ ਹੈ।

ਐਚ5ਐਨ1 ਦੇ ਲਗਭਗ ਸਾਰੇ ਕੇਸ ਵਾਇਰਸ ਤੋਂ ਪੀੜਤ ਜਿੰਦਾ ਜਾਂ ਮੁਰਦਾ ਪੰਛੀਆਂ ਦੇ ਸੰਪਰਕ ’ਚ ਆਉਣ ਨਾਲ ਹੀ ਹੁੰਦੇ ਹਨ। ਇਸ ਤੋਂ ਇਲਾਵਾ ਬਰਡ ਫਲੂ ਨਾਲ ਦੂਸ਼ਿਤ ਹੋਏ ਵਾਤਾਵਰਨ ਦੇ ਸੰਪਰਕ ’ਚ ਆਉਣ ਨਾਲ ਵੀ ਬਰਡ-ਫਲੂ ਦੇ ਫੈਲਣ ਦਾ ਖ਼ਤਰਾ ਰਹਿੰਦਾ ਹੈ। ਹਾਲਾਂਕਿ ਇਹ ਵਾਇਰਸ ਛੇਤੀ ਕੀਤੇ ਮਨੁੱਖੀ ਸਰੀਰ ਨੂੰ ਆਪਣੀ ਜਕੜ ’ਚ ਨਹੀਂ ਲੈਂਦਾ, ਪਰ ਇਸ ਤੋਂ ਚੁਕੰਨੇ ਰਹਿਣ ਦੀ ਕਾਫੀ ਜ਼ਰੂਰਤ ਹੈ, ਕਿਉਂਕਿ ਇਹ ਵਾਇਰਸ ਖ਼ਤਰਨਾਕ ਅਤੇ ਜਾਨਲੇਵਾ ਹੁੰਦਾ ਹੈ।

ਜ਼ਿਆਦਾਤਰ ਮਾਮਲਿਆਂ ’ਚ ਦੇਖਿਆ ਜਾਵੇ ਤਾਂ ਮਨੁੱਖ ’ਚ ਇਹ ਫਲੂ ਇੱਕ ਗੰਭੀਰ ਸਮੱਸਿਆ ਬਣ ਕੇ ਸਾਹਮਣੇ ਆਉਂਦਾ ਹੈ ਜਿਸ ਦਾ ਇਲਾਜ ਕਿਸੇ ਵੀ ਸੂਰਤ ’ਚ ਘਰ ਰਹਿ ਕੇ ਕਰਨਾ ਸੰਭਵ ਨਹੀਂ ਹੈ। ਫਲੂ ਹੋਣ ’ਤੇ ਹਸਪਤਾਲ ’ਚ ਤੁਰੰਤ ਇਸ ਦਾ ਇਲਾਜ ਕਰਨਾ ਬੇਹੱਦ ਜਰੂਰੀ ਹੈ। ਕਿਉਂਕਿ ਮਨੁੱਖ ਨੂੰ ਸਾਹ ਲੈਣ ’ਚ ਤਕਲੀਫ ਹੁੰਦੀ ਹੈ। ਪੰਛੀਆਂ ਦੇ ਇਸ ਫਲੂ ਤੋਂ ਚੁਕੰਨਾ ਰਹਿਣ ਤੇ ਸਮੇਂ ਸਿਰ ਇਸ ਦਾ ਇਲਾਜ ਕਰਵਾਉਣਾ ਸਭ ਤੋਂ ਜਰੂਰੀ ਹੈ। ਬੁਖਾਰ ਹੋਣਾ, ਬੇਚੈਨੀ, ਸਰੀਰ ’ਚ ਦਰਦ ਹੋਣਾ, ਸਰਦੀ ਲੱਗਣਾ ਤੇ ਗਲੇ ’ਚ ਖਰਾਸ਼ ਹੋਣ ਜਿਹੀਆਂ ਸਮੱਸਿਆਵਾਂ ਇਸ ਫਲੂ ਦੇ ਸ਼ੁਰੂਆਤੀ ਲੱਛਣ ਹਨ।

ਕਈ ਵਾਰ ਪੇਟ ਦਰਦ ਦੀ ਸਮੱਸਿਆ, ਛਾਤੀ ’ਚ ਦਰਦ ਤੇ ਪੇਟ ਸਬੰਧੀ ਤਕਲੀਫ ਜਿਵੇਂ ਦਸਤ ਆਦਿ ਦੀ ਸਮੱਸਿਆ ਵੀ ਹੋ ਸਕਦੀ ਹੈ। ਜੇਕਰ ਤੁਹਾਨੂੰ ਕੁਝ ਅਜਿਹੀਆਂ ਅਲਾਮਤਾਂ ਨਜ਼ਰ ਆਉਂਦੀਆਂ ਹਨ ਤਾਂ ਆਪਣਾ ਟੈਸਟ ਜਰੂਰ ਕਰਵਾਓ। ਗੰਭੀਰ ਲੱਛਣਾਂ ’ਚ ਸਾਹ ਲੈਣ ’ਚ ਤਕਲੀਫ ਅਤੇ ਨਿਮੋਨੀਆ ਜਿਹੀ ਸਮੱਸਿਆ ਦੇ ਪਿੱਛੇ ਦਾ ਕਾਰਨ ਬਰਡ ਫਲੂ ਵੀ ਹੋ ਸਕਦਾ ਹੈ।
ਬਠਿੰਡਾ

ਹਰਪ੍ਰੀਤ ਸਿੰਘ ਬਰਾੜ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.