ਭਾਜਪਾ, ਅਕਾਲੀ ਅਤੇ ਕਾਂਗਰਸ ਤਿੰਨਾਂ ਨੂੰ ਅਡਾਨੀ, ਅੰਬਾਨੀ ਹੀ ਚਲਾ ਰਹੇ ਨੇ : ਚੀਮਾ

ਭਾਜਪਾ ਦੇ ਬੀਜੇ ਕੰਡਿਆਂ ਕਾਰਨ ਔਕੜਾਂ ਕੱਟ ਰਹੇ ਹਨ ਕਿਸਾਨ : ਜਰਨੈਲ ਸਿੰਘ

ਨਾਭਾ, (ਤਰੁਣ ਕੁਮਾਰ ਸ਼ਰਮਾ)। ਭਾਜਪਾ ਵਾਲੇ ਕਿਹੜੇ ਮੁੱਦਿਆਂ ’ਤੇ ਕੌਂਸਲ ਚੋਣਾਂ ਲੜਨਗੇ। ਇਹ ਤੰਜ ਕਸਦਿਆਂ ਰਿਜਰਵ ਹਲਕਾ ਨਾਭਾ ਪੁੱਜੇ ਪੰਜਾਬ ਵਿਧਾਨ ਸਭਾ ’ਚ ‘ਆਪ’ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਸੂਬੇ ਦੇ ਪ੍ਰਭਾਰੀ ਜਰਨੈਲ ਸਿੰਘ ਨੇ ਸਾਂਝੇ ਤੌਰ ’ਤੇ ਕਿਹਾ ਕਿ ਭਾਜਪਾ ਦੇ ਬੀਜੇ ਕੰਡਿਆਂ ਕਾਰਨ ਪੰਜਾਬੀ ਕਿਸਾਨਾਂ ਦੇ ਨਾਲ ਦੇਸ਼ ਭਰ ਦੇ ਕਿਸਾਨ ਦਿੱਲੀ ਦੇ ਬਾਰਡਰਾਂ ’ਤੇ ਕੜਾਕੇ ਦੀ ਹੱਡਚੀਰਵੀ ਠੰਢ ’ਚ ਧਰਨੇ ’ਤੇ ਬੈਠੇ ਹਨ ਅਤੇ ਔਕੜਾਂ ਕੱਟ ਰਹੇ ਹਨ।

ਉਨ੍ਹਾਂ ਅੱਗੇ ਕਿਹਾ ਕਿ ਭਾਜਪਾ, ਅਕਾਲੀ ਅਤੇ ਕਾਂਗਰਸ ਤਿੰਨਾਂ ਨੂੰ ਅੰਬਾਨੀ, ਅਡਾਨੀ ਜਿਹੇ ਕਾਰਪੋਰੇਟ ਘਰਾਣੇ ਹੀ ਚਲਾ ਰਹੇ ਹਨ ਅਤੇ ਤਿੰਨੋਂ ਇਨ੍ਹਾਂ ਦਾ ਕਿਹਾ ਮੋੜ ਹੀ ਨਹੀਂ ਸਕਦੇ। ਪੰਜਾਬ ਦੀ ਕਾਂਗਰਸ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਉਨ੍ਹਾਂ ਕਿਹਾ ਕਿ ਝੋਨੇ ਦੇ ਸੀਜਨ ਸਮੇਂ 10 ਹਜਾਰ ਕਰੋੜ ਦਾ ਝੋਨਾ ਜਦੋਂ ਪੰਜਾਬ ਆਇਆ ਸੀ ਤਾਂ ਸਪੱਸ਼ਟ ਹੋ ਗਿਆ ਸੀ ਕਿ ਕੈਪਟਨ ਸਰਕਾਰ ਨੇ ਤਿੰਨੋ ਖੇਤੀ ਸੋਧ ਐਕਟ ਲਾਗੂ ਕਰ ਦਿੱਤੇ ਹਨ। ਹੁਣ ਤਾਂ ਕਿਸਾਨਾਂ ਦੇ ਰਾਖੇ ਕਹਾਉਂਦੇ ਕੈਪਟਨ ਸਾਹਿਬ ਨੇ ਕਿਸਾਨਾਂ ਦੀ ਪਿੱਠ ’ਚ ਛੁਰਾ ਮਾਰਿਆ ਹੈ ਜਿਸ ਨਾਲ ਬੱਚਾ ਬੱਚਾ ਕੈਪਟਨ ਸਾਹਿਬ ਦੇ ਦੋਗਲੇ ਚਿਹਰੇ ਤੋਂ ਵਾਕਿਫ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਹਮੇਸ਼ਾਂ ਵਿਕਾਸ ਦੇ ਝੂਠੇ ਅਤੇ ਬੇਬੁਨਿਆਦ ਅੰਕੜੇ ਪੇਸ਼ ਕਰਦੇ ਰਹਿੰਦੇ ਹਨ।

ਜੇਕਰ ਕਿਸੇ ਨੇ ਅਸਲੀਅਤ ਦੇਖਣੀ ਹੈ ਤਾਂ ਪਿੰਡ-ਪਿੰਡ, ਸ਼ਹਿਰ-ਸ਼ਹਿਰ ਜਾ ਕੇ ਸਕੂਲਾਂ ਅਤੇ ਹਸਪਤਾਲਾਂ ਦੀ ਹਾਲਤ ਦੇਖ ਸਕਦਾ ਹੈ। ਹਸਪਤਾਲ ਖੁਦ ਬੀਮਾਰ ਹਨ ਅਤੇ ਸਕੂਲਾਂ ’ਚ ਅਧਿਆਪਕਾਂ ਦੀ ਘਾਟ ਹੈ। ਬਾਦਲ ਸਰਕਾਰ ਦੀ ਤਰਜ ’ਤੇ ਬੇਰੁਜਗਾਰਾਂ ਨੂੰ ਕੁੱਟਿਆ ਜਾ ਰਿਹਾ ਹੈ, ਜੋ ਹਾਲ ਬਾਦਲ ਸਮੇਂ ਸੀ, ਹੁਣ ਵੀ ਉਹੀਉ ਹਾਲ ਹੈ। ਕੇਂਦਰ ਦੀ ਮੋਦੀ ਸਰਕਾਰ ਦੇ ਨਾਲ ਪੰਜਾਬ ਦੀ ਕਾਂਗਰਸ ਸਰਕਾਰ ਵੀ ਕਿਸਾਨਾਂ ਨੂੰ ਗੁੰਮਰਾਹ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦਾ ਹੰਕਾਰ ਟੁੱਟੇਗਾ ਅਤੇ ਕਿਸਾਨਾਂ ਦੀ ਜਿੱਤ ਹੋਵੇਗੀ।

ਉਨ੍ਹਾਂ ਅੱਗੇ ਕਿਹਾ ਕਿ ਆਪ ਦੀ ਸਰਕਾਰ ਬਣਨ ’ਤੇ ਜਨਤਾ ਦੇ ਹੱਕਾਂ ’ਤੇ ਡਾਕਾ ਮਾਰਨ ਵਾਲੇ ਭ੍ਰਿਸਟ ਮੰਤਰੀਆਂ ਅਤੇ ਵਿਧਾਇਕਾਂ ’ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਜਰਨੈਲ ਸਿੰਘ ਨੇ ਕਿਹਾ ਕਿ ਸੂਬੇ ਦੇ ਲੋਕ ਰਵਾਇਤੀ ਸਿਆਸੀ ਪਾਰਟੀਆਂ ਦੇ ਚੱਕਰਵਿਊ ਤੋਂ ਨਿਕਲ ਰਹੇ ਹਨ ਅਤੇ ਆਮ ਆਦਮੀ ਪਾਰਟੀ ’ਚ ਲਗਾਤਾਰ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਸਤਿਕਾਰ ਦਿੱਤਾ ਜਾ ਰਿਹਾ ਹੈ। ਇਸ ਮੌਕੇ ਨਾਭਾ ਪੁੱਜੀ ਆਪ ਦੀ ਜ਼ਿਲ੍ਹਾ ਚੋਣ ਕਮੇਟੀ ਦੇ ਸਾਰੇ ਆਗੂਆਂ ਦਾ ਹਲਕੇ ਤੋਂ ਵਿਧਾਨ ਸਭਾ ਟਿਕਟ ਦੇ ਮਜ਼ਬੂਤ ਦਾਅਵੇਦਾਰ ਅਤੇ ਹਰਮਨਪਿਆਰੇ ਆਗੂ ਜੱਸੀ ਸੋਹੀਆ ਵਾਲਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਚੋਣ ਕਮੇਟੀ ਮੈਂਬਰ ਗਿਆਨ ਸਿੰੰਘ ਮੂਗੋ ਐਡਵੋਕੇਟ, ਨੀਨਾ ਮਿੱਤਲ, ਜਿਲ੍ਹਾ ਜਰਨਲ ਸਕੱਤਰ ਹਰੀਸ਼ ਨਰੂਲਾ, ਆਸ਼ੂਤੋਸ਼ ਜੋਸੀ, ਬਲਕਾਰ ਸਿੰਘ ਗੱਜੂਮਾਜਰਾ, ਕੁਲਵੰਤ, ਗੋਬਿੰਦ ਸਿੰਘ ਜੰਡੂ, ਲਾਡੀ ਖਹਿਰਾ, ਸਤਵੰਤ ਸਿੰਘ ਸੈਂਟੀ, ਧੀਰਜ ਠਾਕੁਰ, ਨੀਟੂ ਜੱਸੋਮਾਜਰਾ ਵੀ ਆਦਿ ਹਾਜਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.