ਹੁਣ ਦੇਸ਼ ਭਰ ‘ਚ ਹੋਏਗਾ ਰੇਲ ਦਾ ਚੱਕਾ ਜਾਮ, ਜਲਦ ਹੋਏਗਾ ਤਾਰੀਖ਼ ਦਾ ਐਲਾਨ

ਕਿਹਾ, ਅਸੀਂ ਗੱਲਬਾਤ ਤੋਂ ਪਿੱਛੇ ਨਹੀਂ ਹਟੇ ਪਰ ਨਵੀਂ ਤਜਵੀਜ਼ ਕੇਂਦਰ ਨੂੰ ਭੇਜਣੀ ਹੋਏਗੀ, ਸ਼ਰਤਾਂ ਮਨਜ਼ੂਰ ਨਹੀਂ

ਦਿੱਲੀ/ਚੰਡੀਗੜ, (ਅਸ਼ਵਨੀ ਚਾਵਲਾ)। ਦਿੱਲੀ ਨੂੰ ਘੇਰਣ ਤੋਂ ਬਾਅਦ ਹੁਣ ਕਿਸਾਨ ਜਥੇਬੰਦੀਆਂ ਨੇ ਦੇਸ਼ ਭਰ ਵਿੱਚ ਰੇਲ ਦਾ ਚੱਕਾ ਜਾਮ ਕਰਨ ਦਾ ਫੈਸਲਾ ਕਰ ਲਿਆ ਹੈ ਹਾਲਾਂਕਿ ਇਹ ਚੱਕਾ ਜਾਮ ਕਦੋਂ ਤੋਂ ਹੋਏਗਾ, ਇਸ ਸਬੰਧੀ ਕਿਸਾਨ ਜਥੇਬੰਦੀਆਂ ਕੋਈ ਫੈਸਲਾ ਨਹੀਂ ਕਰ ਪਾਈਆ ਹਨ। ਇਸ ਲਈ ਅਗਲੇ 2-3 ਦਿਨਾਂ ਵਿੱਚ ਦੇਸ਼ ਦੀਆਂ ਸਾਰੀ ਕਿਸਾਨ ਜਥੇਬੰਦੀਆਂ ਦੇ ਲੀਡਰ ਮੀਟਿੰਗ ਦੌਰਾਨ ਰਣਨੀਤੀ ਤਿਆਰ ਕਰਦੇ ਹੋਏ ਤਾਰੀਖ਼ ਦਾ ਐਲਾਨ ਕਰ ਦੇਣਗੇ, ਜਿਸ ਤੋਂ ਬਾਅਦ ਪੰਜਾਬ ਹੀ ਨਹੀਂ ਸਗੋਂ ਦੇਸ਼ ਭਰ ਵਿੱਚ ਰੇਲ ਦਾ ਚੱਕਾ ਜਾਮ ਕਰ ਦਿੱਤਾ ਜਾਏਗਾ। ਇਹ ਐਲਾਨ ਕਿਸਾਨ ਜਥੇਬੰਦੀਆਂ ਦੇ ਆਗੂਆਂ ਵਲੋਂ ਦਿੱਲੀ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਗਿਆ ਹੈ।

ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨਾਲ ਉਨਾਂ ਨੇ ਗੱਲਬਾਤ ਨਹੀਂ ਤੋੜੀ ਹੈ ਅਤੇ ਅੱਜ ਵੀ ਉਹ ਗੱਲਬਾਤ ਕਰਨ ਲਈ ਤਿਆਰ ਹਨ ਪਰ ਇਹ ਗੱਲਬਾਤ ਕਿਸੇ ਸ਼ਰਤ ‘ਤੇ ਨਹੀਂ ਹੋਏਗੀ, ਕਿਉਂਕਿ ਕੇਂਦਰ ਸਰਕਾਰ ਵਲੋਂ ਜਿਹੜੀ ਤਜਵੀਜ਼ ਭੇਜੀ ਗਈ ਸੀ, ਉਹ ਸ਼ਰਤਾਂ ‘ਤੇ ਆਧਾਰਿਤ ਸੀ ਅਤੇ ਸ਼ਰਤਾਂ ਉਹ ਮਨਜ਼ੂਰ ਨਹੀਂ ਕਰਨਗੇ। ਉਨਾਂ ਕਿਹਾ ਕਿ ਕਿਸਾਨ ਪਿਛਲੇ 2 ਮਹੀਨੇ ਤੋਂ ਇਨਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ, ਜਦੋਂ ਕਿ ਕੇਂਦਰ ਸਰਕਾਰ ਸਿਰਫ਼ ਸੋਧ ਕਰਨ ‘ਤੇ ਅੜੀ ਹੋਈ ਹੈ। ਇਸ ਲਈ ਕਿਸਾਨ ਵੀ ਪਿੱਛੇ ਨਹੀਂ ਹਟਣਗੇ, ਸਗੋਂ ਅਗਾਮੀ ਦਿਨਾਂ ਵਿੱਚ ਇਸ ਅੰਦੋਲਨ ਨੂੰ ਹੋਰ ਤਿੱਖਾ ਕਰ ਦਿੱਤਾ ਜਾਏਗਾ।

ਉਨਾਂ ਅੱਗੇ ਕਿਹਾ ਕਿ ਫਿਲਹਾਲ ਕਿਸਾਨ ਜਥੇਬੰਦੀਆਂ 14 ਤਾਰੀਖ਼ ਦੇ ਐਲਾਨ ‘ਤੇ ਧਿਆਨ ਦੇ ਰਹੀਆਂ ਹਨ। ਇਸ ਦਿਨ ਪੰਜਾਬ ਦੇ ਜਿਹੜੇ ਇੱਕਾ ਦੁਕਾ ਟੋਲ ਪਲਾਜਾ ਚਲ ਰਹੇ ਹਨ, ਉਨਾਂ ਨੂੰ ਵੀ ਬਾਕੀਆਂ ਵਾਂਗ ਮੁਕੰਮਲ ਤੌਰ ‘ਤੇ ਬੰਦ ਕਰਵਾਇਆ ਜਾਏਗਾ ਤਾਂ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦੇ ਬਾਹਰ ਧਰਨੇ ਦਿੱਤੇ ਜਾਣਗੇ। ਇਸ ਨਾਲ ਹੀ ਦਿੱਲੀ ਨੂੰ ਲਗਦੇ ਬਾਕੀ ਰਸਤੇ ਵੀ ਕਿਸਾਨ ਜਥੇਬੰਦੀਆਂ ਬੰਦ ਕਰਨ ‘ਤੇ ਵਿਚਾਰ ਕਰ ਰਹੀਆਂ ਹਨ, ਇਸ ਦੀ ਸ਼ੁਰੂਆਤ ਜੈਪੁਰ ਦਿੱਲੀ ਐਕਸਪੈੱ੍ਰਸ ਵੇ ਨੂੰ ਬੰਦ ਕਰਦੇ ਹੋਏ ਕੀਤੀ ਜਾਏਗੀ।

ਉਨਾਂ ਕਿਹਾ ਕਿ ਸਰਕਾਰ ਕੁਝ ਵੀ ਆਖੇ ਪਰ ਕਿਸਾਨ ਜਥੇਬੰਦੀਆਂ ਦੀ ਇੱਕੋ ਹੀ ਮੰਗ ਹੈ, ਜਿਹੜੀ ਕਿ ਕਾਨੂੰਨ ਰੱਦ ਹੋਣ ਨਾਲ ਹੀ ਪੂਰੀ ਹੋਏਗੀ, ਇਸ ਲਈ ਜਦੋਂ ਤੱਕ ਇਹ ਕਾਨੂੰਨ ਰੱਦ ਨਹੀਂ ਹੁੰਦੇ ਹਨ, ਉਸ ਸਮੇਂ ਤੱਕ ਕਿਸਾਨ ਦਿੱਲੀ ਦੇ ਬਾਰਡਰ ‘ਤੇ ਹੀ ਡੇਰਾ ਜਮਾਈ ਬੈਠੇ ਰਹਿਣਗੇ। ਉਨਾਂ ਕਿਹਾ ਕਿ ਇਸ ਅੰਦੋਲਨ ਦੌਰਾਨ 30 ਤੋਂ 40 ਕਿਸਾਨ ਮੌਤ ਦਾ ਸ਼ਿਕਾਰ ਹੋ ਗਏ ਹਨ। ਇਸ ਲਈ ਇਨਾਂ ਦੀ ਕੁਰਬਾਨੀ ਖਾਲੀ ਨਹੀਂ ਜਾਣ ਦਿੱਤੀ ਜਾਏਗੀ, ਜਿਹੜੇ ਅੰਦੋਲਨ ਲਈ ਉਨਾਂ ਨੇ ਆਪਣੀ ਜਾਨ ਦਿੱਤੀ ਹੈ। ਉਸ ਅੰਦੋਲਨ ਨੂੰ ਸਿਰੇ ਚਾੜਦੇ ਹੋਏ ਹਰ ਹਾਲਤ ਵਿੱਚ ਕਾਨੂੰਨ ਰੱਦ ਕਰਵਾਏ ਜਾਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.