ਯੂਨੀਵਰਸਿਟੀ ਦੇ ਸਾਰੇ ਗੇਟ ਬੰਦ ਕਰਦਿਆਂ ਕਿਸਾਨਾਂ ਦੇ ਹੱਕ ਕੀਤੀ ਆਵਾਜ਼ ਬੁਲੰਦ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਕਿਸਾਨ ਜੱਥੇਬੰਦੀਆਂ ਦੇ ਭਾਰਤ ਬੰਦ ਦੇ ਸੱਦੇ ਨੂੰ ਅੱਜ ਦੇਸ਼ ਭਰ ਵਿੱਚ ਜਿਥੇ ਜਬਰਦਸਤ ਹੁੰਗਾਰਾ ਮਿਲਿਆ ਉਥੇ ਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਨੇ ਵੀ ਇਸ ਸੱਦੇ ਦੀ ਹਿਮਾਇਤ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਰੇ ਗੇਟ ਬੰਦ ਕਰਦਿਆਂ ਕਿਸਾਨਾਂ ਦੇ ਹੱਕ ਆਵਾਜ਼ ਬੁਲੰਦ ਕੀਤੀ। ਵਿਦਿਆਰਥੀਆਂ ਦੀ ਅਗਵਾਈ ਚਾਰ ਜੱਥੇਬੰਦੀਆਂ ਏ.ਆਈ.ਐੱਸ.ਐੱਫ., ਐੱਸ.ਐੱਫ.ਆਈ., ਪੀ.ਐੱਸ.ਯੂ., ਅਤੇ ਪੀ.ਐੱਸ.ਯੂ. (ਲਲਕਾਰ), ਨੇ ਕੀਤੀ ਅਤੇ ਉਥੇ ਹੀ ਪੰਜਾਬੀ ਯੂਨੀਵਰਸਿਟੀ ਟੀਚਰਸ ਐਸੋਸੀਏਸ਼ਨ, ਜੁਆਇੰਟ ਐਕਸ਼ਨ ਕਮੇਟੀ, ਏ ਕਾਲਾਸ ਅਫਿਸਰਜ ਐਸੋਸੀਏਸ਼ਨ ਨੇ ਅਧਿਆਪਕਾਂ ਅਤੇ ਕਰਮਚਾਰੀਆਂ ਦੀ ਅਗਵਾਈ ਕੀਤੀ।
ਕੇਂਦਰ ਸਰਕਾਰ ਵੱਲੋਂ ਖੇਤੀ ਸੰਬੰਧੀ ਕਾਲੇ ਕਨੂੰਨ ਪਾਸ ਕਰਨ ਦੇ ਵਿਰੋਧ ਵਿੱਚ ਪੰਜਾਬ ਦੀ ਧਰਤੀ ਤੋਂ ਸ਼ੁਰੂ ਹੋਇਆ ਕਿਸਾਨ ਅੰਦੋਲਣ ਅੱਜ ਇੱਕ ਜਨ-ਸੈਲਾਬ ਦਾ ਰੂਪ ਧਾਰ ਚੁੱਕਾ ਹੈ। ਦਿੱਲੀ ਦੇ ਬਾਰਡਰ ‘ਤੇ ਕਿਸਾਨਾਂ ਵੱਲੋਂ ਗੱਡੇ ਗਏ ਮੋਰਚਿਆਂ ਦਾ ਮਾਹੌਲ ਜਿਥੇ ਜੰਗਜੂ ਤਬੀਅਤ ਦਾ ਹੈ,
ਉਥੇ ਹੀ ਪੰਜਾਬ ਦੀ ਸਾਂਝੀਵਾਲਤਾ ਦੀ ਫਿਲਾਸਫੀ ਦਾ ਪਦਾਰਥਕ ਮੁਜਾਹਰਾ ਵੀ ਉੱਥੇ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਨੇ ਸੜਕਾਂ ਨੂੰ ਪਿੰਡਾਂ ਵਾਂਗੂੰ ਵਸਾ ਲਿਆ ਹੈ। ਕੇਂਦਰ ਸਰਕਾਰ ਭਾਵੇਂ ਅੱਜ ਤੱਕ ਇਨ੍ਹਾਂ ਕਨੂੰਨਾਂ ਦਾ ਪੱਖ ਪੂਰਦਿਆਂ ਇਨ੍ਹਾਂ ਨੂੰ ਰੱਦ ਕਰਨ ਤੋਂ ਕਤਰਾ ਰਹੀ ਹੈ, ਪਰ ਉਹ ਯਕੀਕਨ ਅੰਦਰ ਤੱਕ ਹਿੱਲ ਚੁੱਕੀ ਹੈ। ਦੇਸ਼ ਦਾ ਕਿਰਤੀ ਕਿਸਾਨ ਵੀ ਕਮਰਕੱਸੇ ਕਰ ਚੁੱਕਾ ਹੈ। ਹੁਣ ਸਰਕਾਰ ਕੋਲ ਸਿਰਫ ਦੋ ਹੀ ਰਾਹ ਹਨ ਜਾਂ ਤਾਂ ਉਹ ਇਨ੍ਹਾਂ ਕਨੂੰਨਾਂ ਨੂੰ ਵਾਪਸ ਲਵੇ ਜਾਂ ਇਸ ਤੋਂ ਵੀ ਵੱਡੇ ਘੋਲ ਲਈ ਤਿਆਰ ਹੋ ਜਾਵੇ।
ਇਸ ਮੌਕੇ ਵਿਦਿਆਰਥੀਆਂ ਅਤੇ ਅਧਿਆਪਕ-ਕਰਮਚਾਰੀ ਆਗੂਆਂ ਨੇ ਕਿਹਾ ਕਿ ਸਰਕਾਰ ਨੂੰ ਕਿਸਾਨਾਂ-ਕਿਰਤੀਆਂ ਦੇ ਏਕੇ ਅੱਗੇ ਝੁਕਣਾਂ ਪਵੇਗਾ, ਹੁਣ ਕੇਂਦਰ ਸਰਕਾਰ ਵੱਲੋਂ ਸਿਰਫ ਹਾਰੀ ਹੋਈ ਬਾਜੀ ਖੇਡਣ ਵਾਲਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਿੱਤੀ-ਸਰਮਾਏ ਦੇ ਆਦੇਸ਼ਾਂ ਅਨੁਸਾਰ ਸਾਰੇ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਦੇ ਦੇਣਾਂ ਚਾਹੁੰਦੀ ਹੈ। ਇਸੇ ਤਹਿਤ ਖੇਤੀ, ਸਿੱਖਿਆ ਅਤੇ ਹੋਰ ਸੇਵਾਵਾਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ। ਅੱਜ ਜਦੋਂ ਲੋੜ ਸੀ ਖੇਤੀ ‘ਚ ਅਜਿਹੇ ਸੁਧਾਰ ਕੀਤੇ ਜਾਂਦੇ ਜਿੱਥੇ ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਵਧਾਇਆ ਜਾਂਦਾ, ਕਿਸਾਨਾਂ ਦੇ ਕਰਜਿਆਂ ‘ਤੇ ਲੀਕ ਮਾਰੀ ਜਾਂਦੀ, ਕਿਸਾਨਾਂ ਦੀਆਂ ਖੁਦਖੁਸ਼ੀਆਂ ਨੂੰ ਰੋਕਣ ਦਾ ਹਿੱਲਾ ਕੀਤਾ ਜਾਂਦਾ ਅਤੇ ਇਹਨੂੰ ਸਾਰੇ ਦੇਸ਼ ‘ਚ ਇਕਸਾਰ ਲਾਗੂ ਕੀਤਾ ਜਾਂਦਾ।
ਇਸ ਮੌਕੇ ਏ.ਆਈ.ਐੱਸ.ਐੱਫ. ਵੱਲੋਂ ਸਾਥੀ ਹਰਪ੍ਰੀਤ, ਐੱਸ.ਐੱਫ.ਆਈ. ਤੋਂ ਗੁਰਮੀਤ ਰੁਮਾਣਾ, ਪੀ.ਐੱਸ.ਯੂ. ਅਮਨਦੀਪ ਸਿੰਘ, ਅਤੇ ਪੀ.ਐੱਸ.ਯੂ. (ਲਲਕਾਰ) ਤੋਂ ਯੋਧਾ ਸਿੰਘ ਨੇ ਸੰਬੋਧਨ ਕੀਤਾ ਅਤੇ ਨਾਲ ਦੀ ਨਾਲ ਪੰਜਾਬੀ ਯੂਨੀਵਰਸਿਟੀ ਟੀਚਰਸ ਐਸੋਸੀਏਸ਼ਨ (ਪੂਟਾ) ਵੱਲੋਂ ਡਾ. ਨਿਸ਼ਾਨ ਦਿਓਲ (ਪ੍ਰਧਾਨ), ਜੁਆਇੰਟ ਐਕਸ਼ਨ ਕਮੇਟੀ ਵੱਲੋਂ ਡਾ. ਬਲਵਿੰਦਰ ਟਿਵਾਣਾ, ਸੈਂਟਰ ਫਾਰ ਯੂਨੀਵਰਸਿਟੀ ਟੀਚਰਸ ਤੋਂ ਡਾ. ਪਰਮਵੀਰ ਸਿੰਘ ਆਦਿ ਆਗੂ ਹਾਜਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.