ਪੰਜਾਬ ‘ਚੋਂ ਲੱਖਾਂ ਦੀ ਗਿਣਤੀ ‘ਚ ਪੁੱਜਣਗੇ ਕਿਸਾਨ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਖੇਤੀ ਕਾਨੂੰਨਾਂ ਵਿਰੁੱਧ 26, 27 ਨਵੰਬਰ ਨੂੰ ਦਿੱਲੀ ਚੱਲੋ ਅਭਿਆਨ ਤਹਿਤ ਕਿਸਾਨ ਜਥੇਬੰਦੀਆਂ ਵੱਲੋਂ ਪਿੰਡਾਂ ਅੰਦਰ ਵੱਡੇ ਪੱਧਰ ‘ਤੇ ਤਿਆਰੀਆਂ ਵਿੱਢੀਆਂ ਹੋਈਆਂ ਹਨ। ਵੱਖ-ਵੱਖ ਜਥੇਬੰਦੀਆਂ ਵੱਲੋਂ ਦਿੱਲੀ ਕੂਚ ਕਰਨ ਲਈ ਹਰ ਘਰ ਵਿੱਚ ਸੁਨੇਹਾ ਦਿੱਤਾ ਜਾ ਰਿਹਾ ਹੈ ਅਤੇ ਔਰਤਾਂ ਵੱਲੋਂ ਵੀ ਵੱਡੇ ਪੱਧਰ ‘ਤੇ ਸਰਗਰਮੀਆਂ ਆਰੰਭੀਆਂ ਹੋਈਆਂ ਹਨ। ਕਿਸਾਨ ਸੰਘਰਸ਼ ਵਿੱਚ ਇਹ ਪਹਿਲੀ ਵਾਰ ਹੈ ਕਿ ਜਦੋਂ ਹਰ ਵਰਗ ਦਿੱਲੀ ਨੂੰ ਵੰਗਾਰਨ ਲਈ ਕਾਹਲ ਕਰ ਰਿਹਾ ਹੈ। ਜਾਣਕਾਰੀ ਅਨੁਸਾਰ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਵਿਰੁੱਧ ਪੌਣੇ ਦੋ ਮਹੀਨਿਆਂ ਤੋਂ ਸੰਘਰਸ਼ ਅਰੰਭਿਆ ਹੋਇਆ ਹੈ। ਭਾਵੇਂ ਕਿਸਾਨਾਂ ਨੂੰ 13 ਨਵੰਬਰ ਨੂੰ ਗੱਲਬਾਤ ਲਈ ਸੱਦਾ ਪੁੱਜਿਆ ਹੋਇਆ ਹੈ, ਪਰ ਮੋਦੀ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਦੇ ਹੱਕ ਵਿੱਚ ਗਰਦਾਨਿਆ ਜਾ ਰਿਹਾ ਹੈ। ਦੇਸ਼ ਦੀਆਂ ਸਮੂਹ ਜਥੇਬੰਦੀਆਂ ਵੱਲੋਂ 26-27 ਨਵੰਬਰ ਨੂੰ ਮੋਦੀ ਸਰਕਾਰ ਨੂੰ ਘੇਰਨ ਲਈ ਕਮਰ ਕਸੀ ਹੋਈ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ ਢਕੌਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਅਤੇ ਜਨਰਲ ਸਕੱਤਰ ਜਗਮੋਹਣ ਸਿੰਘ ਪਟਿਆਲਾ ਨੇ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਵੱਲੋਂ 51 ਥਾਵਾਂ ਜਿਨ੍ਹਾਂ ‘ਚ ਰੇਲਵੇ ਸਟੇਸ਼ਨਾਂ, ਟੋਲ ਪਲਾਜਾ, ਰਿਲਾਇੰਸ ਮਾਲ, ਪੈਟਰੋਲ ਪੰਪਾਂ ਆਦਿ ਉੱਪਰ ਅਹਿਮ ਭੂਮਿਕਾ ਨਿਭਾ ਰਹੀ ਹੈ। ਹੁਣ ਦਿੱਲੀ ਮੁਹਿੰਮ ਲਈ ਪਿੰਡਾਂ ਅੰਦਰ ਬਕਾਇਦਾ ਕਿਸਾਨ ਆਗੂ ਮੀਟਿੰਗਾਂ ਅਤੇ ਰੈਲੀਆਂ ਰਾਹੀਂ ‘ਦਿੱਲੀ ਚਲੋ’ ਦੇ ਸੁਨੇਹੇ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਦਾ ਨਵਾਂ ਉਸਾਰੂ ਪੱਖ ਇਹ ਹੈ ਕਿ ਜਥੇਬੰਦੀ ਦੀ ਅਗਵਾਈ ਵਿੱਚ ਕਿਸਾਨ ਔਰਤਾਂ ਅਤੇ ਨੌਜਵਾਨ ਵੀ ਬਰਾਬਰ ਤਿਆਰੀ ਵਿੱਚ ਜੁਟ ਗਏ ਹਨ।
ਥੋਪੀਆਂ ਸ਼ਰਤਾਂ ਤਹਿਤ ਪੰਜਾਬ ਅੰਦਰ ਮਾਲ ਗੱਡੀਆਂ ਬੰਦ ਕਰਨ ਨਾਲ ਮੋਦੀ ਸਰਕਾਰ ਦੇ ਕਿਸਾਨ ਅਤੇ ਲੋਕ ਵਿਰੋਧੀ ਜਾਬਰ ਕਦਮ ਗੁੱਸੇ ਦੀ ਲਹਿਰ ਹੋਰ ਪ੍ਰਚੰਡ ਹੋ ਰਹੀ ਹੈ। ਇਸ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਆਗੂ ਸੁਖਦੇਵ ਸਿੰਘ ਕੋਕਰੀ ਕਲਾਂ ਦਾ ਕਹਿਣਾ ਹੈ ਕਿ ਯੂਨੀਅਨ ਦੇ ਲੱਖਾਂ ਕਾਰਕੁੰਨ ਦਿੱਲੀ ਚੱਲੋ ਤਹਿਤ ਤਿਆਰੀਆਂ ਖਿੱਚੀ ਬੈਠੇ ਹਨ। ਉਨ੍ਹਾਂ ਦੇ ਦੋ ਜਥੇ ਪੰਜਾਬ ਦੇ ਖਨੌਰੀ ਅਤੇ ਡੱਬਵਾਲੀ ਨੇੜਿਓ ਦਿੱਲੀ ਰਾਹੀਂ ਕੂਚ ਕਰਨਗੇ। ਪਿੰਡਾਂ ਵਿੱਚ ਹਰੇਕ ਘਰ ਵਿੱਚ ਯੂਨੀਅਨ ਵੱਲੋਂ ਸੱਦਾ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਰੋਜਾਨਾਂ ਹੀ ਵੱਡੇ ਇਕੱਠੇ ਰਾਹੀਂ ਲਾਮਬੰਦ ਕੀਤਾ ਜਾ ਰਿਹਾ ਹੈ। ਪੰਜਾਬ ਦੇ ਹਰੇਕ ਵਰਗ ਵਿੱਚ ਮੋਦੀ ਸਰਕਾਰ ਖਿਲਾਫ਼ ਗੁੱਸਾ ਹੈ ਅਤੇ ਦਿੱੱਲੀ ਵਿੱਚ ਦੇਸ਼ ਦੇ ਕਿਸਾਨਾਂ ਦਾ ਹੜ੍ਹ ਆ ਜਾਵੇਗਾ ਜੋ ਕਿ ਮੋਦੀ ਸਰਕਾਰ ਲਈ ਸੰਭਾਲਣਾ ਮੁਸ਼ਕਿਲ ਹੋ ਜਾਵੇਗਾ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਡਾ. ਦਰਸ਼ਨਪਾਲ ਦਾ ਕਹਿਣਾ ਹੈ ਕਿ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਨੂੰ ਹਲਾਉਣ ਵਾਲਾ ਇਕੱਠ ਇਤਿਹਾਸਕ ਹੋਵੇਗਾ ਕਿਉਂਕਿ ਇਹ ਖੇਤਾਂ ਨੂੰ ਬਚਾਉਣ ਦੀ ਲੜਾਈ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਅੰਦਰ ਰੋਜਾਨਾਂ ਹੀ ਮੀਟਿੰਗਾਂ ਕਰਕੇ ਦਿੱਲੀ ਜਾਣ ਦੇ ਹੋਕੇ ਦਿੱਤੇ ਜਾ ਰਹੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.