ਪਰਾਲੀ ਨੂੰ ਲਾਈ ਅੱਗ ‘ਚ ਝੁਲਸਣ ਕਾਰਨ ਇੱਕ ਦੀ ਮੌਤ, ਦੋ ਜ਼ਖਮੀ
ਤਰਨਤਾਰਨ/ ਸ਼ੇਰਪੁਰ, (ਸੱਚ ਕਹੂੰ ਨਿਊਜ਼/ਰਵੀ ਗੁਰਮਾ) ਝੋਨੇ ਦੀ ਪਰਾਲੀ ਨੂੰ ਲਾਈ ਜਾਂਦੀ ਅੱਗ ਵਿੱਚ ਅੱਜ ਦੋ ਥਾਵਾਂ ‘ਤੇ ਵਾਪਰੀਆਂ ਘਟਨਾਵਾਂ ਵਿੱਚ ਇੱਕ ਔਰਤ ਦੀ ਅੱਗ ਝੁਲਸਣ ਕਾਰਨ ਮੌਤ ਅਤੇ ਦੋ ਜਣਿਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ ਪਹਿਲੀ ਘਟਨਾ ਥਾਣਾ ਖਾਲੜਾ ਅਧੀਨ ਪੈਂਦੇ ਪਿੰਡ ਵੀਰਮ ਵਿਖੇ ਵਾਪਰੀ ਜਿੱਥੇ ਪਰਾਲੀ ਨੂੰ ਲਾਈ ਅੱਗ ਵਿੱਚ ਇੱਕ ਬਜ਼ੁਰਗ ਔਰਤ ਆਪਣੇ ਪੋਤਰੇ ਸਮੇਤ ਝੁਲਸੀ ਗਈ ਜਾਣਕਾਰੀ ਅਨੁਸਾਰ ਮਨਜੀਤ ਕੌਰ ਵਾਸੀ ਪਿੰਡ ਵੀਰਮ ਜੋ ਕਿ ਆਪਣੇ ਪੋਤਰੇ ਲਵਪ੍ਰੀਤ ਸਿੰਘ ਨਾਲ ਐਕਟਿਵਾ ‘ਤੇ ਸਵਾਰ ਹੋ ਕੇ ਭਿੱਖੀਵਿੰਡ ਨੂੰ ਆ ਰਹੀ ਸੀ ਤਾਂ ਪਿੰਡ ਵੀਰਮ ਤੋਂ ਥੋੜ੍ਹੀ ਹੀ ਬਾਹਰ ਇੱਕ ਕਿਸਾਨ ਵੱਲੋਂ ਖੇਤਾਂ ਵਿੱਚ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਲਾਈ ਹੋਈ ਸੀ
ਜਿਸ ਕਾਰਨ ਉਨ੍ਹਾਂ ਨੂੰ ਕੁਝ ਦਿਖਾਈ ਨਹੀਂ ਦਿੱਤਾ ਅਤੇ ਉਹ ਅੱਗ ਦੀ ਲਪੇਟ ਵਿੱਚ ਆ ਗਏ ਜਿਸ ਕਾਰਨ ਬਜ਼ੁਰਗ ਬੀਬੀ ਬੁਰੀ ਤਰ੍ਹਾਂ ਝੁਲਸ ਗਈ ਅਤੇ ਉਸ ਦੇ ਪੋਤਰੇ ਲਵਪ੍ਰੀਤ ਸਿੰਘ ਨੇ ਕਿਸੇ ਤਰ੍ਹਾਂ ਆਪਣੀ ਜਾਨ ਬਚਾਈ ਇਸ ਅੱਗ ‘ਚ ਐਕਟਿਵਾ ਬੁਰੀ ਤਰ੍ਹਾਂ ਸੜਕ ਕੇ ਸੁਆਹ ਹੋ ਗਈ
ਇਸ ਦੌਰਾਨ ਝੁਲਸੀ ਬਜ਼ੁਰਗ ਔਰਤ ਨੂੰ ਰਾਹਗੀਰਾਂ ਨੇ ਕਿਸੇ ਤਰ੍ਹਾਂ ਬਾਹਰ ਕੱਢ ਕੇ ਭਿੱਖੀਵਿੰਡ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਜਿੱਥੇ ਉਸਦੀ ਮੌਤ ਹੋ ਗਈ ਦੂਜੀ ਘਟਨਾ ਸ਼ੇਰਪੁਰ ਤੋਂ ਈਨਾਬਾਜਵਾ ਨੂੰ ਜਾਂਦੇ ਕੱਚੇ ਰਸਤੇ ਉੱਪਰ ਵਾਪਰੀ ਜਿੱਥੇ ਝੋਨੇ ਦੀ ਪਰਾਲੀ ਨੂੰ ਲਗਾਈ ਗਈ ਹੋਈ ਸੀ ਜਾਣਕਾਰੀ ਅਨੁਸਾਰ ਪ੍ਰਵੀਨ ਕੁਮਾਰ ਪੁੱਤਰ ਰਾਮ ਕੁਮਾਰ ਵਾਸੀ ਸ਼ੇਰਪੁਰ ਦਿਨ ਸਮੇਂ ਕੰਮ ਦੇ ਸਬੰਧ ਵਿੱਚ ਆਪਣੇ ਪੁੱਤਰ ਨਾਲ ਉਥੋਂ ਦੀ ਐਕਟਿਵਾ ਸਕੂਟਰ ‘ਤੇ ਲੰਘ ਰਿਹਾ ਸੀ। ਉਹ ਪਹਿਲਾਂ ਧੂੰਏਂ ਅਤੇ ਫੇਰ ਅੱਗ ਦੀ ਲਪੇਟ ਵਿੱਚ ਆ ਗਿਆ
ਇਸ ਦੌਰਾਨ ਉਸ ਨੂੰ ਪਹਿਲਾਂ ਨਿੱਜੀ ਹਸਪਤਾਲ ਸ਼ੇਰਪੁਰ ਵਿਖੇ ਅਤੇ ਬਾਅਦ ਵਿੱਚ ਲੁਧਿਆਣਾ ਦੇ ਦਯਾਨੰਦ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਉਸ ਦਾ ਬੇਟਾ ਵੀ ਇਸ ਅੱਗ ਤੋਂ ਵਾਲ-ਵਾਲ ਬਚ ਗਿਆ ਜਦੋਂ ਕਿ ਸਕੂਟਰੀ ਅਤੇ ਉਸ ਦਾ ਕੁਝ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਦੀ ਲਪੇਟ ਵਿੱਚ ਆਏ ਪ੍ਰਵੀਨ ਕੁਮਾਰ ਦੀ ਹਾਲਤ ਹੁਣ ਸਥਿਰ ਦੱਸੀ ਜਾ ਰਹੀ ਹੈ। ਵਾਤਾਵਰਣ ਪ੍ਰੇਮੀ ਰਜਿੰਦਰਜੀਤ ਸਿੰਘ ਕਾਲਾਬੂਲਾ ਨੇ ਘਟਨਾ ‘ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਮਨੁੱਖੀ ਜਾਨਾਂ ਦੀ ਕੀਮਤ ਨੂੰ ਸਮਝਦੇ ਹੋਏ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਤੇ ਇਸ ਦੇ ਨਿਪਟਾਰੇ ਲਈ ਹੋਰ ਯੋਗ ਹੱਲ ਕਰਨੇ ਚਾਹੀਦੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.