ਸਮੇਂ ਅਨੁਸਾਰ ਸਮਾਜਿਕ ਤਬਦੀਲੀਆਂ ਨੂੰ ਸਵੀਕਾਰਨਾ ਜ਼ਰੂਰੀ

ਸਮੇਂ ਅਨੁਸਾਰ ਸਮਾਜਿਕ ਤਬਦੀਲੀਆਂ ਨੂੰ ਸਵੀਕਾਰਨਾ ਜ਼ਰੂਰੀ

ਵੱਡਿਆਂ ਦੀ ਇੱਜ਼ਤ, ਛੋਟਿਆਂ ਨੂੰ ਪਿਆਰ, ਮਾਣ ਪੰਜਾਬੀ ਦਾ,
ਇਨ੍ਹਾਂ ਦੇ ਵਿੱਚ ਵਧਦਾ ਪਾੜਾ, ਘਾਣ ਪੰਜਾਬੀ ਦਾ।
ਅੱਜ ਸਮਾਜ ਵਿੱਚ ਕਈ ਕਿਸਮ ਦੀਆਂ ਕੁਰੀਤੀਆਂ ਨੇ ਆਪਣਾ ਵਾਸਾ ਕਰ ਲਿਆ ਹੈ। ਇਨ੍ਹਾਂ ਵਿੱਚ ਇੱਕ ਸਭ ਤੋਂ ਵੱਡੀ ਦਰਪੇਸ਼ ਔਕੜ ਘਰਾਂ ਵਿੱਚ ਬਜ਼ੁਰਗਾਂ ਦੇ ਮਾਣ-ਸਨਮਾਨ ਵਿੱਚ ਆਉੁਂਦੀ ਕਮੀ ਹੈ। ਬੱਚਿਆਂ ਅਤੇ ਬਜ਼ੁਰਗਾਂ ਦੀ ਸੋਚ ਵਿੱਚ ਅੰਤਰ ਆ ਰਿਹਾ ਹੈ। ਇਹ ਬੱਚਿਆਂ ਅਤੇ ਮਾਪਿਆਂ ਵਿੱਚ ਤੀਖਣ ਗਤੀ ਨਾਲ ਵਧ ਰਿਹਾ ਪੀੜ੍ਹੀ ਪਾੜਾ ਸਾਡੇ ਸਮਾਜ ਲਈ ਨੁਕਸਾਨਦਾਇਕ ਹੈ। ਅੱਜ ਵਿਗਿਆਨ ਦਿਨ-ਪ੍ਰਤੀਦਿਨ ਤਰੱਕੀ ਦੀਆਂ ਪੁਲਾਂਘਾਂ ਪੁੱਟਦਾ ਜਾ ਰਿਹਾ ਹੈ।

ਇਸ ਵਿਕਸਿਤਪੁਣੇ ਦੀ ਦਹਿਲੀਜ਼ ਤੱਕ ਪਹੁੰਚਣ ਲਈ ਅਸੀਂ ਸਾਰੀ ਦੁਨੀਆਂ, ਸਾਰੀਆਂ ਸੱਭਿਅਤਾਵਾਂ ਅਤੇ ਸਾਰੇ ਸਮਾਜਾਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ‘ਕਿਸੇ ਨੂੰ ਮਾਂਹ ਵਾਦੀ ਅਤੇ ਕਿਸੇ ਨੂੰ ਸੁਆਦੀ’ ਵਾਂਗ ਦੂਜੀਆਂ ਸੱਭਿਅਤਾਵਾਂ ਤੋਂ ਆ ਰਹੀਆਂ ਪੌਣਾਂ ਨਵੀਂ ਜਵਾਨ ਪੀੜ੍ਹੀ ਨੂੰ ਤਾਂ ਠੰਢੀਆਂ ਜਾਪ ਰਹੀਆਂ ਹਨ ਪਰ ਬਜ਼ੁਰਗ ਪੀੜ੍ਹੀ ਨੂੰ ਤੱਤੀਆਂ ਮਹਿਸੂਸ ਹੋ ਰਹੀਆਂ ਹਨ।

ਆਰਥਿਕ ਪੱਖੋਂ ਅਸੀਂ ਸਮਾਜ ਨੂੰ ਮੁੱਖ ਤੌਰ ‘ਤੇ ਦੋ ਭਾਗਾਂ ਵਿੱਚ ਵੰਡ ਸਕਦੇ ਹਾਂ। ਪਹਿਲੇ ਹਿੱਸੇ ਵਿੱਚ ਤਾਂ ਉੁਹ ਲੋਕ ਆਉਂਦੇ ਹਨ ਜਿਹੜੇ ਕਮਜ਼ੋਰ ਜਾਂ ਮੱਧਵਰਗੀ ਹਨ। ਇਨ੍ਹਾਂ ਪਰਿਵਾਰਾਂ ਵਿੱਚ ਜ਼ਿੰਦਗੀ ਦੀ ਗੱਡੀ ਨੂੰ ਸੁਚਾਰੂ ਤੌਰ ‘ਤੇ ਚਲਾਉੁਣ ਲਈ ਮੀਆਂ-ਬੀਬੀ ਦੋਨਾਂ ਨੂੰ ਨੌਕਰੀ ਕਰਨੀ ਪੈਂਦੀ ਹੈ। ਇਨ੍ਹਾਂ ਦੇ ਦਿਨ ਦਾ ਬਹੁਤਾ ਸਮਾਂ ਆਪਣੇ ਫ਼ਰਜਾਂ ਦੀ ਪੂਰਤੀ ਵਿੱਚ ਹੀ ਗੁਜ਼ਰ ਜਾਂਦਾ ਹੈ। ਅਜਿਹੇ ਪਰਿਵਾਰਾਂ ਵਿੱਚ ਬੱਚੇ ਮਾਂ-ਬਾਪ ਦੇ ਪਿਆਰ ਤੋਂ ਵਾਂਝੇ ਅਤੇ ਅਣਗੌਲੇ ਰਹਿ ਜਾਂਦੇ ਹਨ।

ਸਿੱਟਾ ਇਹ ਨਿੱਕਲਦਾ ਹੈ ਕਿ ਅਜਿਹੇ ਪਰਿਵਾਰਾਂ ਵਿੱਚ ਬੱਚਿਆਂ ਅਤੇ ਮਾਪਿਆਂ ‘ਚ ਦਰਾਰ ਵਧਣ ਲੱਗਦੀ ਹੈ। ਇਹੀ ਦਰਾਰ ਖਾਈ ਦਾ ਰੂਪ ਧਾਰਨ ਕਰਕੇ ਪੀੜ੍ਹੀਆਂ ਵਿੱਚ ਸੋਚ ਦੇ ਅੰਤਰ ਦਾ ਕਾਰਨ ਅਤੇ ਘਰੇਲੂ ਕਲੇਸ਼ ਦਾ ਮੁੱਢ ਬੰਨ੍ਹਦੀ ਹੈ। ਅਜਿਹੇ ਸਮਾਜ ਦੇ ਦੂਜੇ ਹਿੱਸੇ ਵਿੱਚ ਅਸੀਂ ਅਮੀਰ ਧਨਾਢ ਵਰਗ ਨੂੰ ਲੈ ਸਕਦੇ ਹਾਂ। ਅਜਿਹੇ ਪਰਿਵਾਰਾਂ ਦੇ ਮਰਦ ਆਪਣਾ ਬਹੁਤਾ ਸਮਾਂ ਆਪਣੇ ਬੱਚਿਆਂ ਜਾਂ ਪਰਿਵਾਰ ਨੂੰ ਦੇਣ ਦੀ ਥਾਂ ਆਪਣੇ ਕਾਰੋਬਾਰ ਜਾਂ ਨਿੱਜੀ ਐਸ਼ਪ੍ਰਸਤੀ ਨੂੰ ਦਿੰਦੇ ਹਨ। ਅਜਿਹੇ ਪਰਿਵਾਰਾਂ ਦੀਆਂ ਔਰਤਾਂ ਪਰਿਵਾਰ ਅਤੇ ਬੱਚਿਆਂ ਪ੍ਰਤੀ ਆਪਣੇ ਫਰਜ਼ਾਂ ਨੂੰ ਅਪੂਰਨ ਰੱਖਦੀਆਂ ਹੋਈਆਂ ਆਪਣਾ ਬਹੁਤਾ ਸਮਾਂ ਲੇਡੀਜ਼ ਕਲੱਬਾਂ ਅਤੇ ਕਿੱਟੀ ਪਾਰਟੀਆਂ ਵਿੱਚ ਬਤੀਤ ਕਰਦੀਆਂ ਹਨ। ਘਰੇਲੂ ਕਾਰਜ ਨੇਪਰੇ ਚਾੜ੍ਹਨ ਦੀ ਥਾਂ ਇਨ੍ਹਾਂ ਔਰਤਾਂ ਦਾ ਬਹੁਤਾ ਸਮਾਂ ਹੈਲਥ ਕਲੱਬਾਂ ਅਤੇ ਬਿਊੁਟੀ ਪਾਰਲਰਾਂ ਵਿੱਚ ਜਜ਼ਬ ਹੋ ਜਾਂਦਾ ਹੈ।

ਬੱਚਿਆਂ ਦੀ ਪਰਵਰਿਸ਼ ਨੂੰ ਅਜਿਹਾ ਸਮਾਜ ਉੁੱਕਾ ਹੀ ਨਹੀਂ ਵਾਚਦਾ ਅਤੇ ਇਸ ਤਰ੍ਹਾਂ ਅਜਿਹੇ ਪਰਿਵਾਰਾਂ ਦੇ ਮਾਸੂਮ ਬਾਲਾਂ ਦਾ ਬਚਪਨ ਨਿਰਾ-ਪੁਰਾ ਨੌਕਰਾਂ ਦੇ ਆਸਰੇ ਰਹਿ ਜਾਂਦਾ ਹੈ। ਅਜਿਹੇ ਬੱਚੇ ਅਲਾਮਤਾਂ ਦਾ ਸ਼ਿਕਾਰ ਹੋ ਕੇ ਨਰਕਪੁਣੇ ਵਿੱਚ ਧਸ ਜਾਂਦੇ ਹਨ। ਮਾਂ-ਬਾਪ ਦੀ ਅਤੇ ਇਹਨਾਂ ਦੀ ਸੋਚ ਵਿੱਚ ਅੰਤਰ ਪੈਦਾ ਹੋ ਜਾਂਦਾ ਹੈ ਜਿਹੜਾ ਕਿ ਪਰਿਵਾਰ ਨੂੰ ਪਾੜਨ ਵਾਲੀ ਸਥਿਤੀ ਪੈਦਾ ਕਰ ਦਿੰਦਾ ਹੈ। ਇਸ ਦੀ ਇੱਕ ਹੋਰ ਮੁੱਖ ਵਜ੍ਹਾ ਪ੍ਰੋੜ ਪੀੜ੍ਹੀ ਦੀ ਸੋਚ ਦਾ ਟਾਂਕਾ ਪੁਰਾਤਨ ਰੂੜੀਵਾਦੀ ਸਮਾਜ ਨਾਲ ਅਤੇ ਜਵਾਨ ਪੀੜ੍ਹੀ ਦੀਆਂ ਜੜ੍ਹਾਂ ਦਾ ਪੱਛਮੀ ਸੱਭਿਅਤਾਂ ਵਿੱਚ ਧਸੇ ਹੋਣਾ ਵੀ ਹੈ। ਦਰਅਸਲ ਬੱਚਿਆਂ ਅਤੇ ਮਾਪਿਆਂ ਵਿਚਕਾਰ ਪੈਦਾ ਹੋ ਰਹੇ

ਇਸ ਖਲਾਅ ਦਾ ਇੱਕ ਹੋਰ ਮੁੱਖ ਕਾਰਨ ਦੂਜੀਆਂ ਸੱਭਿਅਤਾਵਾਂ ਦੀ ਸਾਡੀ ਰਹਿਣੀ-ਬਹਿਣੀ ਵਿੱਚ ਘੁਸਪੈਠ ਹੈ। ਬਜ਼ੁਰਗ ਪੀੜ੍ਹੀ ਆਪਣੀ ਉੁਮਰ ਦਾ ਇੱਕ ਲੰਮਾ ਪੈਂਡਾ ਗੁਜ਼ਾਰ ਚੁੱਕੀ ਹੁੰਦੀ ਹੈ। ਬੀਤੇ ਸਮੇਂ ਵਿੱਚ ਉੁਹ ਪ੍ਰਚੱਲਿਤ ਪ੍ਰੰਪਰਾਵਾਂ ਅਨੁਸਾਰ ਢਲ਼ੀ ਅਤੇ ਪਲ਼ੀ ਹੁੰਦੀ ਹੈ। ਅਗਲੀ ਪੀੜ੍ਹੀ ਵਿੱਚ ਆਏ ਬਦਲਾਅ ਉੁਨ੍ਹਾਂ ਨੂੰ ਅਜੀਬ ਅਤੇ ਵੱਖਰੀਆਂ ਪ੍ਰੰਪਰਾਵਾਂ ਨਾਲ ਢਲੇ ਹੋਏ ਜਾਪਦੇ ਹਨ। ਉੁਹ ਇਨ੍ਹਾਂ ਤਬਦੀਲੀਆਂ ਦਾ ਵਿਰੋਧ ਕਰਦੇ ਹਨ। ਇਹੀ ਵਿਰੋਧ ਨਵੀਂ ਅਤੇ ਪੁਰਾਣੀ ਪੀੜ੍ਹੀ ਵਿੱਚ ਪਾੜਾ ਵਧਾਉੁਂਦੇ ਹਨ।

ਜੇ ਬੱਚਿਆਂ ਨੂੰ ਕੋਈ ਸਮੱਸਿਆ ਹੋਵੇ ਤਾਂ ਉੁਹਨਾਂ ਨੂੰ ਬੇਝਿਜਕ ਹੋ ਕੇ ਇਸ ਬਾਰੇ ਆਪਣੇ ਮਾਂ-ਬਾਪ ਨਾਲ ਗੱਲ ਕਰਨੀ ਚਾਹੀਦੀ ਹੈ। ਬੇਸ਼ੱਕ ਉੁਹ ਉੁਨ੍ਹਾਂ ਦੀ ਉੁਮਰ ਦੇ ਨਹੀਂ ਹੁੰਦੇ ਪਰ ਉੁਹ ਇਹ ਉੁਮਰ ਹੰਡਾ ਚੁੱਕੇ ਹੁੰਦੇ ਹਨ। ਆਪਣੇ ਤਜ਼ਰਬਿਆਂ ਨਾਲ ਉੁਹ ਉੁਪਜਣ ਵਾਲੀ ਔਕੜ ਦਾ ਹਲ ਲੱਭ ਸਕਦੇ ਹਨ। ਜਿੱਥੇ ਮਾਂ-ਬਾਪ ਨੂੰ ਆਪਣੇ ਬੱਚਿਆਂ ਦੀ ਸਥਿਤੀ ਨੂੰ ਸਮਝਣਾ ਜ਼ਰੂਰੀ ਹੈ ਉੁਥੇ ਬੱਚਿਆਂ ਨੂੰ ਵੀ ਉੁਨ੍ਹਾਂ ਦੀ ਸਥਿਤੀ, ਜਰੂਰਤਾਂ ਅਤੇ ਸੋਚ ਦਾ ਨਾ ਸਿਰਫ਼ ਧਿਆਨ ਰੱਖਣਾ ਚਾਹੀਦਾ ਹੈ ਸਗੋਂ ਉੁਹਨਾਂ ਨੂੰ ਉੁਚਿਤ ਸਨਮਾਨ ਵੀ ਦੇਣਾ ਚਾਹੀਦਾ ਹੈ।

ਪਰਿਵਾਰ ਸਮਾਜ ਦੀ ਮੁੱਢਲੀ ਇਕਾਈ ਹੁੰਦਾ ਹੈ। ਪੀੜ੍ਹੀਆਂ ਦੀ ਸੋਚ ‘ਚ ਅੰਤਰ ਕਾਰਨ ਏਕੀਕ੍ਰਿਤ ਸਮਾਜ ਟੁੱਟਦਾ ਜਾ ਰਿਹਾ ਹੈ। ਜਿਵੇਂ-ਜਿਵੇਂ ਬੱਚੇ ਵੱਡੇ ਹੁੰਦੇ ਹਨ ਪਰਿਵਾਰ ਦੇ ਨਾਲ ਰਿਸ਼ਤੇ ਵਿਚ ਥੋੜ੍ਹੀ ਜਿਹੀ ਤਬਦੀਲੀ ਆ ਜਾਂਦੀ ਹੈ। ਅਸਲ ਵਿੱਚ ਇਹ ਤਬਦੀਲੀ ਦੋ ਪੀੜ੍ਹੀਆਂ ਦੀ ਸੋਚ ਵਿੱਚ ਅੰਤਰ ਹੋਣ ਕਾਰਨ ਮਹਿਸੂਸ ਹੁੰਦੀ ਹੈ। ਇਸ ਔਕੜ ਦਾ ਸਾਹਮਣਾ ਹਰ ਪਰਿਵਾਰ ਨੂੰ ਅੱਜ ਤੋਂ ਨਹੀਂ ਸਗੋਂ ਸਦੀਆਂ ਤੋਂ ਕਰਨਾ ਪੈ ਰਿਹਾ ਹੈ। ਇਸ ਸਮੱਸਿਆ ਦਾ ਹੱਲ ਤਾਂ ਹੀ ਹੋ ਸਕਦਾ ਹੈ ਜੇਕਰ ਬੱਚੇ ਅਤੇ ਮਾਂ-ਬਾਪ ਭਾਵ ਦੋਵੇਂ ਲਾਗਲੀਆਂ ਪੀੜ੍ਹੀਆਂ ਇੱਕ-ਦੂਜੇ ਨੂੰ ਸਮਝਣ। ਬਜ਼ੁਰਗਾਂ ਨੂੰ ਵੀ ਸਮੇਂ ਦੇ ਨਾਲ-ਨਾਲ ਆਪਣੀ ਸੋਚ ਅਤੇ ਸੁਭਾਅ ਵਿੱਚ ਤਬਦੀਲੀ ਲਿਆਉੁਣੀ ਚਾਹੀਦੀ ਹੈ। ਬੱਚਿਆਂ ਨੂੰ ਵੀ ਆਪਣੇ ਮਾਂ-ਬਾਪ ਅਤੇ ਪਰਿਵਾਰ ਵਿਚਲੇ ਹੋਰ ਬਜ਼ੁਰਗਾਂ ਦਾ ਪੂਰਾ ਸਨਮਾਨ ਕਰਨਾ ਚਾਹੀਦਾ ਹੈ।

ਉੁਹਨਾਂ ਦੇ ਵਿਚਾਰਾਂ ਦੀ ਕਦਰ ਕਰਨੀ ਚਾਹੀਦੀ ਹੈ। ਸਮੇਂ ਦੇ ਨਾਲ ਸਮਾਜ ਵਿੱਚ ਆ ਰਹੀਆਂ ਤਬਦੀਲੀਆਂ ਨੂੰ ਪੀੜ੍ਹੀ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਬੱਚਿਆਂ ਨੂੰ ਆਪਣੇ ਮਾਪਿਆਂ ਲਈ ਅਤੇ ਮਾਪਿਆਂ ਨੂੰ ਆਪਣੇ ਬੱਚਿਆਂ ਲਈ ਆਪਣੇ ਵਿਚਾਰਾਂ ਅਤੇ ਸੋਚ ਦਾ ਕੁਝ ਤਿਆਗ ਕਰਨਾ ਚਾਹੀਦਾ ਹੈ। ਦੋਨਾਂ ਪੀੜ੍ਹੀਆਂ ਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉੁਹਨਾਂ ਦੇ ਵਿਚਾਰਾਂ ਅਤੇ ਸੋਚ ਵਿੱਚ ਪਾੜਾ ਘੱਟੋ-ਘੱਟ ਹੋਵੇ। ਜੇ ਅਸੀਂ ਅਤੇ ਸਾਡਾ ਸਮਾਜ ਇਸ ਪਾੜੇ ਨੂੰ ਪੂਰਨ ਵਿੱਚ ਕਾਮਯਾਬ ਰਹੇ ਤਾਂ ਅਸੀਂ ਆਪਣੇ ਸਮਾਜ ਨੂੰ ਸੰਗਠਿਤ ਰੱਖਣ ਅਤੇ ਪ੍ਰਚਲਿਤ ਧਨਾਢ ਪ੍ਰੰਪਰਾਵਾਂ ਨੂੰ ਸਥਿਰ ਰੱਖਣ ਵਿੱਚ ਸਫ਼ਲ ਸਿੱਧ ਹੋ ਸਕਾਂਗੇ। ਨਹੀਂ ਤਾਂ ਨਾ ਸਿਰਫ ਸਾਡੇ ਸਮਾਜ ਵਿੱਚ ਪਰਿਵਾਰਕ ਪਾੜਾ ਵਧੇਗਾ ਸਗੋਂ ਸਮਾਜਿਕ ਤੌਰ ‘ਤੇ ਵੀ ਅਸੀਂ ਕਮਜ਼ੋਰ ਸਿੱਧ ਹੋਵਾਂਗੇ।
ਸਾਬਕਾ ਪ੍ਰਿੰਸੀਪਲ, ਮਲੋਟ
ਵਿਜੈ ਗਰਗ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.