ਛਿੱਕਲੀ ਜਾਂ ਛਿੱਕਲਾ | Sneeze
ਇਹ ਵੀ ਸਾਡੇ ਪੁਰਾਤਨ ਪੰਜਾਬ ਦੀ ਇੱਕ ਯਾਦਗਾਰੀ ਤੇ ਅਹਿਮ ਚੀਜ ਹੋਇਆ ਕਰਦੀ ਸੀ, ਤੇ ਹੁੰਦੀ ਸਿਰਫ਼ ਓਹਨਾਂ ਘਰਾਂ ਵਿੱਚ ਹੀ ਸੀ ਜਿਸ ਘਰ ਵਿੱਚ ਪਸ਼ੂ-ਡੰਗਰ ਹੋਇਆ ਕਰਦੇ ਸਨ ਪਰ ਸਾਡੇ ਪੁਰਾਤਨ ਪੰਜਾਬ ਵਿੱਚ ਸਾਡੇ ਪੁਰਖਿਆਂ ਨੂੰ ਦੁਧਾਰੂ ਪਸ਼ੂ ਪਾਲਣ ਦਾ ਬਹੁਤ ਸ਼ੌਂਕ ਸੀ ਪੁਰਾਣੇ ਬਜ਼ੁਰਗਾਂ ਦੇ ਮੂੰਹੋਂ ਇਹ ਆਮ ਹੀ ਸੁਣਦੇ ਰਹੇ ਹਾਂ ਤੇ ਹੁਣ ਵੀ ਜੇਕਰ ਕਿਸੇ ਪਿੰਡ ਕਸਬੇ ਸ਼ਹਿਰ ਵਿੱਚ ਪੁਰਾਣੇ ਭਾਵ ਨੱਬੇ-ਸੌ ਸਾਲੇ ਬਜ਼ੁਰਗ ਹੋਣ ਤਾਂ ਬੇਸ਼ੱਕ ਓਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਤੇ ਸੁਣਿਆ ਜਾ ਸਕਦਾ ਹੈ ਕਿ ਜਿਸ ਘਰ ਨੇ ਦੁੱਧ ਵੇਚ’ਤਾ ਸਮਝੋ ਓਹਨੇ ਆਪਣਾ ਪੁੱਤ ਵੇਚ’ਤਾ ਮਤਲਬ ਜਾਹਿਰ ਹੈ ਕਿ ਦੁੱਧ ਵੇਚਣ ਨੂੰ ਬਹੁਤ ਹੀ ਘਟੀਆ ਵਰਤਾਰਾ ਸਮਝਿਆ ਜਾਂਦਾ ਸੀ ਤੇ ਪਸ਼ੂ ਰੱਖਦੇ ਵੀ ਸਾਰੇ ਹੀ ਘਰ ਸਨ। (Sneeze)
ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ ਲਈ ਸਰਕਾਰ ਦਾ ਵੱਡਾ ਐਲਾਨ, ਹੋਵੇਗਾ ਇਹ ਕੰਮ
ਹਾਂ ਓਹ ਗੱਲ ਅਲਹਿਦਾ ਹੈ ਕਿ ਉਧਾਰ-ਸੁਧਾਰ ਜ਼ਰੂਰ ਚੱਲਦਾ ਸੀ ਕਿਤੋਂ ਕੋਈ ਚੀਜ ਲੈ ਵੀ ਲੈਣੀ ਤੇ ਦੇ ਵੀ ਦੇਣੀ, ਕਿਉਂਕਿ ਪਿਆਰ-ਸਤਿਕਾਰ ਅਪਣੱਤ ਭਰੇ ਸਮੇਂ ਸਨ ਸੱਜਰ ਲਵੇਰਾ ਜਾਂ ਕੋਈ ਤੋਕੜ ਲਵੇਰਾ ਹੋਣਾ ਜਦੋਂ ਵੀ ਪਸ਼ੂਆਂ ਨੂੰ ਦਰੱਖਤਾਂ ਦੀ ਛਾਵੇਂ ਬੰਨ੍ਹਿਆ ਜਾਂਦਾ ਸੀ ਤੇ ਕਟਰੂ ਜਾਂ ਵਛਰੂ ਨੂੰ ਵੀ ਨੇੜੇ ਬੰਨ੍ਹਣਾ ਪੈਂਦਾ ਸੀ ਤਾਂ ਉਨ੍ਹਾਂ ਕਟਰੂਆਂ/ਵਛਰੂਆਂ ਦੇ ਮੂੰਹ ‘ਤੇ ਛਿੱਕਲੀ ਚੜ੍ਹਾ ਦਿੱਤੀ ਜਾਂਦੀ ਸੀ ਤਾਂ ਕਿ ਓਹ ਦੁਧਾਰੂ ਪਸ਼ੂ ਭਾਵ ਆਪਣੀ ਮਾਂ ਦਾ ਦੁੱਧ ਨਾ ਚੁੰਘ ਜਾਏ ਕਈ ਵਾਰ ਹੋ ਵੀ ਜਾਂਦਾ ਸੀ ਭਾਵ ਛਿੱਕਲੀ ਚੜ੍ਹਾਉਣੀ ਭੁੱਲ ਜਾਣੀ ਤੇ ਫਿਰ ਸ਼ਾਮਾਂ ਨੂੰ ਦੁੱਧ ਬਿਨਾਂ ਸੱਖਣੇ ਹੀ ਰਹਿ ਜਾਈਦਾ ਸੀ ਜੇਕਰ ਸਮੇਂ ਸਿਰ ਛਿੱਕਲੀ ਚੜ੍ਹਾ ਦੇਣੀ ਤਾਂ ਬਚਾਅ ਵੀ ਹੋ ਜਾਂਦਾ ਸੀ, ਪਰ ਜੇਕਰ ਪਸ਼ੂਆਂ ਨੂੰ ਨੁਹਾ-ਧੁਆ ਕੇ ਬੰਨ੍ਹਣ ਲੱਗਿਆਂ ਛਿੱਕਲੀ ਨਾ ਚੜ੍ਹਾਉਣੀ ਤਾਂ ਫਿਰ ਦੁਧ ਮੱਝ ਜਾਂ ਗਾਂ ਨੇੜੇ ਹੋ ਕੇ ਕਟਰੂ ਜਾਂ ਵਛਰੂ ਨੂੰ ਚੁੰਘਾ ਦਿਆ ਕਰਦੀਆਂ ਸਨ।
ਬੇਸ਼ੱਕ ਇਹ ਪਸ਼ੂ-ਡੰਗਰ ਮੂੰਹੋਂ ਬੋਲਦੇ ਤਾਂ ਨਹੀਂ ਪਰ ਇਨ੍ਹਾਂ ਨੂੰ ਸਮਝ ਇਨਸਾਨਾਂ ਤੋਂ ਵੀ ਵੱਧ ਹੁੰਦੀ ਹੈ ਤੇ ਪੁੱਤਰ-ਧੀਆਂ ਤਾਂ ਫਿਰ ਸਭਨਾਂ ਨੂੰ ਹੀ ਪਿਆਰੇ ਹੁੰਦੇ ਹਨ ਕਈ ਵਾਰ ਤਾਂ ਦੁਧਾਰੂ ਪਸ਼ੂਆਂ ਨੂੰ ਆਪਣੇ ਪੁੱਤਰ-ਧੀਆਂ ਨੂੰ ਦੁੱਧ ਪਿਲਾਉਣ ਖਾਤਿਰ ਮਾਲਿਕ ਤੋਂ ਡਾਂਗਾਂ ਵੀ ਖਾਣੀਆਂ ਪੈਂਦੀਆਂ ਸਨ ਜੇਕਰ ਛਿੱਕਲੀ ਚੜ੍ਹੀ ਹੁੰਦੀ ਸੀ ਤਾਂ ਫਿਰ ਬੱਚਤ ਰਹਿੰਦੀ ਸੀ। ਪਿੰਡ ਦੇ ਵਿੱਚ ਕਿਸੇ ਖ਼ਾਸ ਬਜ਼ੁਰਗ ਨੂੰ ਹੀ ਛਿੱਕਲੀ ਬਣਾਉਣੀ ਆਉਂਦੀ ਹੁੰਦੀ ਸੀ ਕਿਉਂਕਿ ਇਹ ਬਹੁਤ ਕਲਾਕਾਰੀ ਦਾ ਕੰਮ ਹੁੰਦਾ ਸੀ ਜਿਸ ਵੀ ਬਜੂਰਗ ਨੂੰ ਇਹ ਬਣਾਉਣੀ ਆਉਂਦੀ ਸੀ ਉਸ ਕੋਲ ਫਿਰ ਸਾਵਣ-ਭਾਦੋਂ ਦੇ ਮਹੀਨਿਆਂ ਵਿਚ ਜਦੋਂ ਸੂਆ ਪੈਂਦਾ ਸੀ ਓਦੋਂ ਲਾਈਨਾਂ ਲੱਗ ਜਾਇਆ ਕਰਦੀਆਂ ਸਨ।
ਇਹ ਵੀ ਪੜ੍ਹੋ : SYL ਮੁੱਦੇ ’ਤੇ ਸੁਪਰੀਮ ਕੋਰਟ ਦੀ ਅਹਿਮ ਟਿੱਪਣੀ
ਇੱਕ ਵੱਡੇ ਕਿਸਮ ਦੀ ਛਿੱਕਲੀ ਭਾਵ ਛਿੱਕਲਾ ਹੁੰਦਾ ਸੀ ਜੋ ਕਿ ਊਠ ਨੂੰ ਪਾਇਆ ਜਾਂਦਾ ਰਿਹਾ ਹੈ ਕਿਉਂਕਿ ਆਮ ਕਹਾਵਤ ਹੈ ਕਿ ਊਠ ਦਾ ਖੌਰ ਬਹੁਤ ਭੈੜਾ ਹੁੰਦਾ ਹੈ ਕਈ ਊਠ ਚੱਭਾ ਮਾਰਦੇ/ਭਾਵ ਕੌੜੇ ਸੁਭਾਅ ਦੇ ਹੁੰਦੇ ਹਨ ਬੰਦੇ ਨੂੰ ਕੱਟ ਲੈਂਦੇ ਸਨ ਇਸ ਕਰਕੇ ਉਨ੍ਹਾਂ ਦੇ ਛਿੱਕਲਾ ਪਾ ਕੇ ਰੱਖਣਾ ਪੈਂਦਾ ਸੀ ਇਸ ਛਿੱਕਲੇ ਤੇ ਛਿੱਕਲੀ ਨੂੰ ਕੋਈ ਜਾਣਕਾਰ ਹੀ ਬਣਾਇਆ ਕਰਦਾ ਸੀ ਜਿਸ ਨੂੰ ਇਹ ਬਣਾਉਣ ਦਾ ਤਜਰਬਾ ਹੁੰਦਾ ਸੀ ਅਜੋਕੇ ਬਦਲੇ ਸਮਿਆਂ ਵਿੱਚ ਪਸ਼ੂ ਡੰਗਰ ਰੱਖਣ ਦਾ ਰੁਝਾਨ ਬਹੁਤ ਘਟ ਗਿਆ ਹੈ।
ਇਸ ਕਰਕੇ ਸਾਡੀ ਅਜੋਕੀ ਪੀੜ੍ਹੀ ਇਨ੍ਹਾਂ ਸੱਭ ਗੱਲਾਂ ਤੋਂ ਅਣਜਾਣ ਹੈ ਇਸ ਲੇਖ ਵਿੱਚ ਵਰਤੇ ਸ਼ਬਦਾਂ ਤੋਂ ਵੀ ਉਹ ਜ਼ਿਆਦਾਤਰ ਅਣਭਿੱਜ ਹੋਣਗੇ, ਜਿਵੇਂ ਵਛਰੂ, ਕਟਰੂ, ਦੁਧਾਰੂ, ਛਿੱਕਲੀ, ਛਿੱਕਲਾ, ਸੱਜਰ ਲਵੇਰਾ ਤੇ ਤੋਕੜ, ਇਹ ਸ਼ਬਦ ਸਾਡੇ ਪੁਰਖਿਆਂ ਦੇ ਵਿਰਸੇ ਦੇ ਅੰਗ ਹੋਇਆ ਕਰਦੇ ਸਨ ਭਾਵ ਇਹ ਆਮ ਬੋਲੇ ਜਾਂਦੇ ਸਨ। ਪਰ ਹੁਣ ਇਹ ਅਲੋਪ ਹੋ ਚੁੱਕੇ ਹਨ ਤੇ ਸਾਡੀ ਅਜੋਕੀ ਪੀੜ੍ਹੀ ਕੋਲ ਨਾ ਤਾਂ ਸਮਾਂ ਹੀ ਹੈ ਕਿ ਉਹ ਪੁਰਾਤਨ ਵਿਰਸੇ ਦੀ ਕੋਈ ਗੱਲ ਸੁਣਨ।