ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੇ ਨਾਲ ਹੀ ਗੰਨੇ ਦੇ ਬਕਾਏ ਦੀ ਅਦਾਇਗੀ ਬਾਰੇ ਹੋਈ ਚਰਚਾ
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀਆਂ ਦੀ ਕਮੇਟੀ ਨਾਲ ਕਿਸਾਨ ਜਥੇਬੰਦੀ ਨਾਲ ਚੰਡੀਗੜ ਵਿਖੇ ਮੀਟਿੰਗ ਹੋਈ ਹੈ, ਜਿਸ ਵਿੱਚ ਸਰਕਾਰ ਵਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਪੰਜਾਬ ਵਿੱਚ ਸਾਰੇ ਰੇਲ ਟਰੈਕ ਖ਼ਾਲੀ ਕਰ ਦੇਣ ਤਾਂ ਕਿ ਮਾਲ ਗੱਡੀਆਂ ਪੰਜਾਬ ਵਿੱਚ ਆ ਸਕਣ ਤਾਂ ਕਿਸਾਨ ਜਥੇਬੰਦੀ ਨੇ ਵੀ ਸਰਕਾਰ ਅੱਗੇ ਆਪਣੀਆਂ 14 ਮੰਗਾਂ ਨੂੰ ਰੱਖਦੇ ਹੋਏ ਪੂਰਾ ਕਰਨ ਦੀ ਮੰਗ ਰੱਖ ਦਿੱਤੀ।
ਜਿਸ ਤੋਂ ਬਾਅਦ ਕਿਸਾਨ ਜਥੇਬੰਦੀ ਦੇ ਲੀਡਰਾਂ ਦੀ ਗੱਲਬਾਤ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਕਰਵਾਈ ਗਈ, ਜਿਸ ਤੋਂ ਬਾਅਦ ਹੁਣ 23 ਤਰੀਕ ਨੂੰ ਇਸ ਕਿਸਾਨ ਜਥੇਬੰਦੀ ਦੀ ਮੀਟਿੰਗ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਹੋਏਗੀ, ਜਦੋਂ ਕਿ ਉਸ ਤੋਂ ਪਹਿਲਾਂ ਗੰਨੇ ਦੇ ਬਕਾਏ ਦੀ ਕਿਸ਼ਤ ਜਾਰੀ ਕਰਨ ਲਈ ਕੈਬਨਿਟ ਮੰਤਰੀ ਵਲੋਂ ਭਰੋਸਾ ਦੇ ਦਿੱਤਾ ਗਿਆ ਹੈ।
ਚੰਡੀਗੜ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਨੁਮਾਇੰਦੇ ਵਲੋਂ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਅਤੇ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਸੰਦੀਪ ਸੰਧੂ ਨਾਲ ਮੀਟਿੰਗ ਕਰਕੇ ਆਪਣੀਆ ਕਈ ਮੰਗਾਂ ਤੁਰੰਤ ਮੰਨਣ ਲਈ ਕਿਹਾ, ਜਿਸ ਤੋਂ ਬਾਅਦ ਹੀ ਉਨਾਂ ਵੱਲੋਂ ਪੰਜਾਬ ਦੇ ਰੇਲਵੇ ਟਰੈਕ ਖ਼ਾਲੀ ਕਰਨ ਦਾ ਭਰੋਸਾ ਦਿੱਤਾ ਹੈ ਪਰ ਸਰਕਾਰ ਦੀ ਕਮੇਟੀ ਵਲੋਂ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਤੁਰੰਤ ਟਰੈਕ ਖ਼ਾਲੀ ਕਰਨ ਦੀ ਮੰਗ ਕੀਤੀ ਤਾਂ ਇਨਾਂ ਆਗੂਆਂ ਵੱਲੋਂ ਬੁੱਧਵਾਰ 4 ਨਵੰਬਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਇਸ ਸਬੰਧੀ ਚਰਚਾ ਕਰਨ ਦਾ ਭਰੋਸਾ ਦਿੱਤਾ ਹੈ।
ਪੰਜਾਬ ਸਰਕਾਰ ਦੀ ਕਮੇਟੀ ਵਲੋਂ ਕਿਸਾਨ ਜਥੇਬੰਦੀ ਨੂੰ ਗੰਨੇ ਦੇ ਬਕਾਏ ਦੀ ਜਲਦ ਅਦਾਇਗੀ ਦਾ ਭਰੋਸਾ ਦੇਣ ਦੇ ਨਾਲ ਹੀ ਸੰਘਰਸ਼ ਦੌਰਾਨ ਮੌਤ ਦਾ ਸ਼ਿਕਾਰ ਹੋਏ ਕਿਸਾਨਾਂ ਦੇ ਪਰਿਵਾਰਾਂ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਬਾਰੇ ਜਲਦ ਹੀ ਕੋਈ ਫੈਸਲਾ ਕਰਨ ਦਾ ਭਰੋਸਾ ਦਿੱਤਾ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.