ਭਿਆਨਕ ਪਾਪ-ਕਰਮਾਂ ਤੋਂ ਬਚਾਉਂਦਾ ਹੈ ਸੰਤਾਂ ਦਾ ਸਤਿਸੰਗ : ਪੂਜਨੀਕ ਗੁਰੂ ਜੀ

Saint Dr. MSG
Saint Dr. MSG

ਭਿਆਨਕ ਪਾਪ-ਕਰਮਾਂ ਤੋਂ ਬਚਾਉਂਦਾ ਹੈ ਸੰਤਾਂ ਦਾ ਸਤਿਸੰਗ : ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਜੋ ਜੀਵ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਮਾਲਕ ਦੀ ਯਾਦ ਵਿਚ ਆ ਕੇ ਬੈਠਦੇ ਹਨ, ਉਸ ਪਰਮ ਪਿਤਾ ਪਰਮਾਤਮਾ ਦੀ ਚਰਚਾ ਕਰਦੇ ਹਨ, ਉਹ ਬਹੁਤ ਭਾਗਾਂ ਵਾਲੇ ਹੁੰਦੇ ਹਨ ਜਾਂ ਭਾਗਾਂ ਵਾਲੇ ਬਣ ਜਾਇਆ ਕਰਦੇ ਹਨ ਜਨਮਾਂ-ਜਨਮਾਂ ਦੇ ਸੰਚਿਤ ਕਰਮ ਕਿੰਨੇ ਹਨ, ਇਸ ਦਾ ਦਾਇਰਾ ਕਿੰਨਾ ਵੱਡਾ ਹੈ, ਇਨ੍ਹਾਂ ਬਾਰੇ ਕੁਝ ਵੀ ਲਿਖ-ਬੋਲ ਕੇ ਨਹੀਂ ਦੱਸਿਆ ਜਾ ਸਕਦਾ ਪਰ ਇਹ ਹਕੀਕਤ ਹੈ ਕਿ ਜੀਵ ਸਤਿਸੰਗ ਸੁਣ ਕੇ ਅਮਲ ਕਰੇ ਤਾਂ ਆਪਣੇ ਭਿਆਨਕ ਤੋਂ ਭਿਆਨਕ ਪਾਪ-ਕਰਮਾਂ ਤੋਂ ਬਚ ਜਾਂਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਤਿਸੰਗ ਸੁਣ ਕੇ ਅਮਲ ਕਰਨ ਦਾ ਮਤਲਬ ਹੈ ਕਿ ਤੁਸੀਂ ਨਾਮ ਜਪੋ, ਮਾਲਕ ਦੀ ਔਲਾਦ ਨਾਲ ਨਿਹਸਵਾਰਥ ਭਾਵਨਾ ਨਾਲ ਪਿਆਰ ਕਰੋ,

ਕਦੇ ਵੀ ਕਿਸੇ ਦਾ ਦਿਲ ਨਾ ਦੁਖਾਓ ਹੰਕਾਰ , ਕਾਮ-ਵਾਸਨਾ, ਕਰੋਧ, ਲੋਭ, ਮੋਹ, ਮਨ-ਮਾਇਆ ਵੱਸ ਜਦੋਂ ਜੀਵ ਕਿਸੇ ਦਾ ਦਿਲ ਦੁਖਾਉਂਦਾ ਹੈ ਤਾਂ ਉਸਦੀ ਭਗਤੀ ਕੱਟੀ ਜਾਂਦੀ ਹੈ, ਉਹ ਖੁਦ ਦੁਖੀ ਹੁੰਦਾ ਹੈ ਅਤੇ ਮਾਲਕ ਤੋਂ ਦੂਰ ਹੁੰਦਾ ਜਾਂਦਾ ਹੈ ਇਸ ਲਈ ਕਿਸੇ ਦਾ ਬੁਰਾ ਨਹੀਂ ਸੋਚਣਾ ਚਾਹੀਦਾ ਜਦੋਂ ਇੰਨੇ ਵੱਡੇ ਮਹਾਂਪੁਰਖ, ਸੰਤ, ਪੀਰ-ਫ਼ਕੀਰਾਂ ਨੇ ਇਹ ਲਿਖ ਦਿੱਤਾ ਕਿ  ‘ਕਬੀਰਾ ਸਬਸੇ ਹਮ ਬੁਰੇ, ਹਮ ਤਜ ਭਲਾ ਸਬ ਕੋਇ ਜਿਨ ਐਸਾ ਕਰ ਮਾਨਿਆ, ਮੀਤ ਹਮਾਰਾ ਸੋਇ’ ਕਹਿਣ ਦਾ ਮਤਲਬ ਹੈ ਕਿ ਕਹਿਣ ਨੂੰ ਕੋਈ ਵੀ ਕਹਿ ਦੇਵੇਗਾ ਕਿ ਮੈਂ ਇਹ ਹਾਂ, ਉਹ ਹਾਂ ਪਰ ਜੋ ਲੋਕ ਅਜਿਹਾ ਮੰਨ ਲੈਂਦੇ ਹਨ ਕਿ ਮੈਂ ਦੂਸਰਿਆਂ ਨੂੰ ਬੁਰਾ ਕਿਉਂ ਕਹਾਂ ਅਤੇ ਉਹ ਵਾਕਈ ਕਿਸੇ ਨੂੰ ਬੁਰਾ ਨਹੀਂ ਕਹਿੰਦਾ,

ਸਗੋਂ ਆਪਣੇ-ਆਪ ਨੂੰ ਹੀ ਬੁਰਾ ਕਹਿੰਦਾ ਹੈ ਤਾਂ ਜੋ ਅਜਿਹਾ ਕਹਿ ਕੇ ਮੰਨ ਲੈਂਦੇ ਹਨ, ਉਹ ਮਾਲਕ ਦੇ ਮੀਤ, ਪਿਆਰੇ, ਅਤੀ ਪਿਆਰੇ ਹੋ ਜਾਇਆ ਕਰਦੇ ਹਨ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ  ਕਿ ਸਤਿਸੰਗ ਵਿਚ ਜੀਵ ਨੂੰ ਸਮਝ ਆਉਂਦੀ ਹੈ ਪਰ ਇਹ ਜ਼ਰੂਰੀ ਹੈ ਕਿ ਆਦਮੀ ਸੁਣ ਕੇ ਅਮਲ ਕਰੇ ਤਾਂ ਹੀ ਖੁਸ਼ੀਆਂ ਹਾਸਲ ਹੁੰਦੀਆਂ ਹਨ ਸੁਣਨਾ ਚੰਗੀ ਗੱਲ ਹੈ ਜਿਵੇਂ ਪੱਥਰ ਗਰਮੀ ਵਿਚ ਰਹਿੰਦੇ ਹਨ ਤਾਂ ਕਿਸੇ ਦਾ ਪੈਰ ਸਾੜ ਦਿੰਦੇ ਹਨ ਉਸ ‘ਤੇ ਥੋੜ੍ਹਾ ਪਾਣੀ ਡਿੱਗਦਾ ਰਹੇ ਤਾਂ ਉਹ ਠੰਢੇ ਰਹਿੰਦੇ ਹਨ ਸਤਿਸੰਗ ਸੁਣਨ ਨਾਲ ਜੀਵ ਚਾਹੇ ਅਮਲ ਨਾ ਕਰੇ ਫਿਰ ਵੀ ਨਾ ਸੁਣਨ ਵਾਲਿਆਂ ਤੋਂ ਬਿਹਤਰ ਹੈ ਪਰ ਸੁਣ ਕੇ ਅਮਲ ਕਰਨ ਨਾਲ ਹੀ ਖੁਸ਼ੀਆਂ ਆਉਂਦੀਆਂ ਹਨ,

ਨਹੀਂ ਤਾਂ ਕੀਤੇ ਕਰਮਾਂ ਦਾ ਭੁਗਤਾਨ ਕਰਨਾ ਪੈਂਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਤਿਸੰਗ ਵਿਚ ਸੰਤ ਜੀਵਾਂ ਨੂੰ ਸਿੱਖਿਆ ਦਿੰਦੇ ਹਨ ਕਿ ਮੰਨੋ ਭਾਈ, ਅਮਲ ਕਰੋ ਅਤੇ ਜੋ ਸੁਣ ਕੇ ਅਮਲ ਕਰ ਲਿਆ ਕਰਦੇ ਹਨ, ਉਹ ਹੀ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਦੇ ਹੱਕਦਾਰ ਬਣਦੇ ਹਨ ਉਨ੍ਹਾਂ ਦੇ ਅੰਦਰ ਪਵਿੱਤਰਤਾ ਆਉਂਦੀ ਹੈ, ਚਿਹਰੇ ‘ਤੇ ਨੂਰ ਆਉਂਦਾ ਹੈ ਉਹ ਇੱਕ ਦਿਨ ਮਾਲਕ ਦੇ ਦਰਸ਼-ਦੀਦਾਰ ਦੇ ਕਾਬਲ ਜ਼ਰੂਰ ਬਣ ਜਾਇਆ ਕਰਦੇ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.