ਐਮਐਸਪੀ ‘ਤੇ ਸਰਕਾਰੀ ਖ਼ਰੀਦ ਦੀ ਗਰੰਟੀ ਹੀ ਹੈ ਮਸਲੇ ਦਾ ਇੱਕੋ-ਇੱਕ ਹੱਲ-‘ਆਪ’
ਚੰਡੀਗੜ, (ਅਸ਼ਵਨੀ ਚਾਵਲਾ)। ਆਮ ਆਦਮੀ ਪਾਰਟੀ ਦੇ ਆਗੂ ਤੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਤੇ ਅੱਜ ਤਿੱਖਾ ਹਮਲਾ ਕੀਤਾ ਚੀਮਾ ਨੇ ਅਮਰਿੰਦਰ ਸਿੰਘ ਲਈ ਅਪਸਬਦ ਵਰਤਣ ਤੋਂ ਵੀ ਗੁਰੇਜ ਨਾ ਕੀਤਾ ਚੀਮਾ ਨੇ ਕਿਹਾ ਕਿ ਅਮਰਿੰਦਰ ਸਿੰਘ ਤੋਂ ਪੰਜਾਬ ਦਾ ਕੋਈ ਵੀ ਵਿਅਕਤੀ ਇਹੋ ਜਿਹੀ ਉਮੀਦ ਨਹੀਂ ਰਖਦਾ ਸੀ ਪਰ ਆਪਣੀ ਕਮਜ਼ੋਰੀਆ ਕਰਕੇ ਅਮਰਿੰਦਰ ਸਿੰਘ ਨੇ ਪੰਜਾਬ ਨੂੰ ਹੀ ਭਾਜਪਾ ਅੱਗੇ ਇੰਨਾ ਜਿਆਦਾ ਝੁਕਾ ਕੇ ਰੱਖ ਦਿੱਤਾ ਹੈ ਕਿ ਹੁਣ ਦਿੱਲੀ ਸਰਕਾਰ ਪੰਜਾਬ ਦੀ ਇੱਕ ਵੀ ਗਲ ਸੁਨਣ ਨੂੰ ਵੀ ਤਿਆਰ ਨਹੀਂ ਹੈ।
ਹਰਪਾਲ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਦਿਨੋਂ-ਦਿਨ ਗੰਭੀਰ ਹੁੰਦੇ ਜਾ ਰਹੇ ਕਿਸਾਨੀ ਮਸਲੇ ਦੇ ਹੱਲ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕਰਨ ਦੀ ਥਾਂ ਡਰਾਮੇ ‘ਤੇ ਡਰਾਮੇ ਕਰ ਰਹੇ ਹਨ। ਕਿਸਾਨਾਂ ਅਤੇ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰਨ ਲਈ ਪਹਿਲਾਂ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਡਰਾਮਾ ਕੀਤਾ ਅਤੇ ਨੋਟੰਕੀਬਾਜੀ ਨਾਲ ਕੇਂਦਰੀ ਕਾਲੇ ਕਾਨੂੰਨਾਂ ‘ਚ ਹੀ ਤਰਕਹੀਣ ਸੋਧਾਂ ਕਰਕੇ ਕਿਸਾਨਾਂ ਅਤੇ ਪੰਜਾਬ ਦੇ ਲੋਕਾਂ ਨੂੰ ਬੇਵਕੂਫ਼ ਬਣਾਇਆ।
ਫਿਰ ਪ੍ਰਧਾਨ ਮੰਤਰੀ ਨੂੰ ਮਿਲਣ ਦੀ ਥਾਂ ਰਾਸ਼ਟਰਪਤੀ ਨੂੰ ਮਿਲਣ ਦੀ ਡਰਾਮੇਬਾਜ਼ੀ ਐਲਾਨੀ ਅਤੇ ਹੁਣ ਜੇ.ਪੀ ਨੱਢਾ ਨੂੰ ਪੱਤਰ ਲਿਖ ਕੇ ਆਪਣੇ ਡਰਾਮਾ ਸੀਰੀਅਲ ਦਾ ਅਗਲਾ ਭਾਗ ਰਿਲੀਜ਼ ਕਰ ਦਿੱਤਾ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਸਾਰੀ ਡਰਾਮੇਬਾਜ਼ੀ ਜਿੱਥੇ ਸੰਘਰਸ਼ਸ਼ੀਲ ਕਿਸਾਨਾਂ ਅਤੇ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰਨ ਦੀਆਂ ਚਾਲਾਂ ਹਨ, ਉੱਥੇ ਮੋਦੀ ਸਰਕਾਰ ਦੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਸਿੱਧੇ-ਅਸਿੱਧੇ ਰੂਪ ‘ਚ ਹਿਮਾਇਤ ਹੈ, ਜੋ ਮੁੱਖ ਮੰਤਰੀ ਦੇ ਦੋਹਰੇ ਮਾਪਦੰਡਾਂ ਦੀ ਪੋਲ ਖੋਲਦੀ ਹੈ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਸਲ ਗੱਲ ਇਹ ਹੈ ਕਿ ਨਿੱਜੀ, ਸਿਆਸੀ, ਵਿੱਤੀ ਅਤੇ ਮੁੱਖ ਮੰਤਰੀ ਦੇ ਤੌਰ ‘ਤੇ ਅਮਰਿੰਦਰ ਸਿੰਘ ਦੀਆਂ ਅਣਗਿਣਤ ਕਮਜ਼ੋਰੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਹਨ ਅਤੇ ਅਮਰਿੰਦਰ ਸਿੰਘ ਇਨਾਂ ਕਮਜ਼ੋਰੀਆਂ ਕਰਕੇ ਪ੍ਰਧਾਨ ਮੰਤਰੀ ਮੋਦੀ ਦੇ ਇਸ਼ਾਰਿਆਂ ‘ਤੇ ਨੱਚਦੇ ਹਨ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਿਸ ਮੁੱਖ ਮੰਤਰੀ ‘ਚ ਆਪਣੇ ਸੂਬੇ ਦੇ ਕਿਸਾਨਾਂ, ਵਪਾਰੀਆਂ ਅਤੇ ਹੋਰ ਵਰਗਾਂ ਨੂੰ ਦਰਪੇਸ਼ ਮਸਲਿਆਂ ਦੇ ਹੱਲ ਲਈ ਗੱਲ ਕਰਨ ਜਾਂ ਮਿਲਣ ਦੀ ਜੁਰਅਤ ਨਹੀਂ ਹੈ, ਅਜਿਹੇ ਮੁੱਖ ਮੰਤਰੀ ਦੀ ਪੰਜਾਬ ਨੂੰ ਕੋਈ ਜ਼ਰੂਰਤ ਨਹੀਂ, ਇਸ ਲਈ ਅਮਰਿੰਦਰ ਸਿੰਘ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.