ਅਸ਼ੁੱਧ ਭੋਜਨ ਭਿਆਨਕ ਮਹਾਂਮਾਰੀ ਤੋਂ ਵੱਧ ਖ਼ਤਰਨਾਕ

ਅਸ਼ੁੱਧ ਭੋਜਨ ਭਿਆਨਕ ਮਹਾਂਮਾਰੀ ਤੋਂ ਵੱਧ ਖ਼ਤਰਨਾਕ

ਭੋਜਨ ਮਨੁੱਖੀ ਜੀਵਨ ਦਾ ਸਾਰ ਹੈ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਅਤੇ ਪੌਸ਼ਟਿਕ ਭੋਜਨ ਦੀ ਪਹੁੰਚ ਨੂੰ ਬਰਕਰਾਰ ਰੱਖਣਾ ਹਰ ਇੱਕ ਦੇਸ਼ ਦਾ ਆਪਣਾ ਨਿੱਜੀ ਫ਼ਰਜ਼ ਬਣਦਾ ਹੈ। ਜਿੱਥੇ ਭਾਰਤ ਆਪਣੀ ਪਛਾਣ ਵਿਸ਼ਵ ਭਰ ਵਿੱਚ ਬਣਾਈ ਰੱਖਣ ਲਈ ਨਿਰੰਤਰ ਵਿਕਾਸਸ਼ੀਲ ਉੱਦਮ ਕਰ ਰਿਹਾ ਹੈ, Àੁੱਥੇ ਹੀ ਕਈ ਆਪਣੀਆਂ ਨਿੱਜੀ ਸਮੱਸਿਆ ਨਾਲ ਵੀ ਜੂਝ ਰਿਹਾ ਹੈ। ਇੱਕ ਸਮੱਸਿਆ ਕੁਪੋਸ਼ਣ ਨੇ ਵੀ ਪੂਰੇ ਭਾਰਤ ਦੇਸ਼ ਨੂੰ ਪ੍ਰਭਾਵਿਤ ਕੀਤਾ ਹੈ ਬੇਸ਼ੱਕ ਇਹ ਸਮੱਸਿਆ ਭੁੱਖ ਦੇ ਰੂਪ ਵਿੱਚ ਦੁਨੀਆਂ ਦੇ ਸਾਰੇ ਮੁਲਕਾਂ ਵਿੱਚ ਹੋਵੇ ਪਰੰਤੂ ਭਾਰਤ ਦੇਸ਼ ਉਸ ਧਰਤੀ ‘ਤੇ ਵੱਸਿਆ ਹੈ ਜਿੱਥੇ ਖਾਣਯੋਗ ਵਸਤੂਆਂ ਹੋਰਨਾਂ ਮੁਲਕਾਂ ਵਿੱਚ ਵੀ ਭਾਰਤ ਵੱਲੋਂ ਵੱਡੇ ਪੱਧਰ ‘ਤੇ ਭੇਜਿਆਂ ਜਾਂਦੀਆਂ ਹਨ

ਇਸ ਤਰ੍ਹਾਂ ਦੇ ਦੇਸ਼ ਅੰਦਰ ਭੁੱਖ ਕਾਰਨ ਔਰਤਾਂ ‘ਚ ਪੋਸ਼ਣ ਦੀ ਘਾਟ ਕਾਰਨ ਬੱਚਿਆਂ ਦਾ ਕਮਜ਼ੋਰ ਪੈਦਾ ਹੋਣਾ ਬਹੁਤ ਹੀ ਅਫ਼ਸੋਸ ਜਨਕ ਤੇ ਦੁਖਾਂਕਤ ਹੈ। ਇਸ ਸਮੱਸਿਆ ਕਾਰਨ ਹਰ ਸਾਲ ਹਜ਼ਾਰਾਂ ਬੱਚਿਆਂ ਨੂੰ ਆਪਣੀ ਜਾਨ ਗਵਾਉਣੀ ਪੈਂਦੀ ਹੈ ਜਾਂ ਫਿਰ ਸਾਰੀ ਜ਼ਿੰਦਗੀ ਕੁਪੋਸ਼ਣ ਦਾ ਸ਼ਿਕਾਰ ਹੋ ਕੇ ਰਹਿਣਾ ਪੈਂਦਾ ਹੈ। ਭੋਜਨ ਦਿਵਸ ਹਰ ਸਾਲ 16 ਅਕਤੂਬਰ ਨੂੰ ਉਸ ਦਿਨ ਦੀ ਯਾਦ ਵਿਚ ਮਨਾਇਆ ਜਾਂਦਾ ਹੈ ਜਦੋਂ ਸੰਯੁਕਤ ਰਾਸ਼ਟਰ ਦੀ ਫੂਡ ਐਂਡ ਐਗਰੀਕਲਚਰਲ ਆਰਗੇਨਾਈਜ਼ੇਸ਼ਨ ਦੀ ਸਥਾਪਨਾ 1945 ‘ਚ ਕੀਤੀ ਗਈ ਸੀ। ਜਿਸਦਾ ਧਿਆਨ ਵਿਸ਼ਵ ਪੱਧਰੀ ਭੁੱਖ ਨਾਲ ਨਜਿੱਠਣ ਤੇ ਵਿਸ਼ਵ ਭਰ ਵਿਚ ਭੁੱਖ ਮਿਟਾਉਣ ਲਈ ਯਤਨ ਕਰਨਾ ਹੈ। 2020 ਵਿੱਚ ਬੇਸ਼ੱਕ ਇਸ ਮੁਹਿੰਮ ਦੇ 75 ਸਾਲ ਹੋ ਗਏ ਹਨ ਪਰ ਕੁਪੋਸ਼ਣ ਦਾ ਪ੍ਰਭਾਵ ਆਮ ਪਾਇਆ ਜਾ ਰਿਹਾ ਹੈ।

ਫੂਡ ਐਂਡ ਐਗਰੀਕਲਚਰਲ ਆਰਗੇਨਾਈਜੇਸ਼ਨ ਦੱਸਦੀ ਹੈ ਕਿ ਅਜੋਕੇ ਦਹਾਕਿਆਂ ਵਿਚ ਅਸੀਂ ਸ਼ਹਿਰੀਕਰਨ, ਵਿਸ਼ਵੀਕਰਨ ਅਤੇ ਡਿਸਪੋਜ਼ਲ ਆਮਦਨ ਦੇ ਵਾਧੇ ਕਾਰਨ ਆਪਣੀਆਂ ਖਾਣ-ਪੀਣ ਦੀਆਂ ਆਦਤਾਂ ਅਤੇ ਖਾਣ-ਪੀਣ ਨੂੰ ਬਦਲ ਦਿੱਤਾ ਹੈ। ਲਗਭਗ 99 ਪ੍ਰਤੀਸ਼ਤ ਕੁਪੋਸ਼ਣ ਵਾਲੇ ਲੋਕ ਵਿਕਾਸਸ਼ੀਲ ਦੇਸ਼ਾਂ ਵਿੱਚ ਰਹਿੰਦੇ ਹਨ। ਦੁਨੀਆ ਦੀਆਂ ਲਗਭਗ 60 ਪ੍ਰਤੀਸ਼ਤ ਔਰਤਾਂ ਹਰ ਰੋਜ਼ ਭੋਜਨ ਪੱਖੋਂ ਭੁੱਖੀਆਂ ਰਹਿੰਦੀਆਂ ਹਨ। ਲਗਭਗ ਪੰਜ ਵਿੱਚੋਂ ਇੱਕ ਜਨਮ ਇੱਕ ਕੁਸ਼ਲ ਜਨਮਦਾਤਾ ਤੋਂ ਬਿਨਾਂ ਹੁੰਦਾ ਹੈ। ਹਰ ਸਾਲ ਲਗਭਗ 20 ਮਿਲੀਅਨ ਬੱਚੇ ਘੱਟ ਜਨਮ ਦੇ ਭਾਰ ਨਾਲ ਪੈਦਾ ਹੁੰਦੇ ਹਨ, ਉਨ੍ਹਾਂ ਵਿਚੋਂ 96.5 ਪ੍ਰਤੀਸ਼ਤ ਵਿਕਾਸਸ਼ੀਲ ਦੇਸ਼ਾਂ ਵਿੱਚ ਹਨ।ਬ ੱਚਿਆਂ ਵਿਚ ਹੋ ਰਹੀਆਂ ਸਾਰੀਆਂ ਮੌਤਾਂ ਦਾ ਲਗਭਗ 50 ਪ੍ਰਤੀਸ਼ਤ ਕੁਪੋਸ਼ਣ ਕਾਰਨ 5 ਸਾਲ ਤੋਂ ਘੱਟ ਉਮਰ ਦੇ ਹਨ।

ਵਿਸ਼ਵ ਭੋਜਨ ਦਿਵਸ ‘ਤੇ ਹਰ ਸਾਲ ਇੱਕ ਥੀਮ ਤਿਆਰ ਕੀਤਾ ਜਾਂਦਾ ਹੈ ਜਿਸ ਨਾਲ ਕੁਪੋਸ਼ਣ ਦੀ ਦਰ ਨੂੰ ਘੱਟ ਕਰਨ ਵਿੱਚ ਉਪਰਾਲੇ ਕੀਤੇ ਜਾ ਸਕਣ ਉਨ੍ਹਾਂ ਖੇਤਰਾਂ ‘ਤੇ ਕੇਂਦਰਿਤ ਕਰਨ ਲਈ ਇੱਕ ਵੱਖਰਾ ਥੀਮ ਤਿਆਰ ਕੀਤਾ ਜਾਂਦਾ ਹੈ ਜਿਸ ਲਈ ਕਾਰਵਾਈ ਦੀ ਜ਼ਰੂਰਤ ਹੁੰਦੀ ਹੈ ਅਤੇ ਇੱਕ ਸਾਂਝਾ ਉਦੇਸ਼ ਹੁੰਦਾ ਹੈ। ਇਸ ਸਮੱਸਿਆ ਨਾਲ ਦੇਸ਼ ਦੀ ਨੌਜਵਾਨ ਪੀੜ੍ਹੀ ਵਿੱਚ ਤੱਤਾਂ ਦੀ ਘਾਟ ਕਾਰਨ ਸਰੀਰਕ ਬਣਤਰ ਸਿਹਤਮੰਦ ਨਜ਼ਰ ਨਹੀਂ ਆਉਂਦੀ

ਜਿਸ ਨਾਲ ਦੇਸ਼ ਦੀ ਕਮਜ਼ੋਰੀ ਝਲਕਦੀ ਹੈ ਖਾਸ ਤੌਰ ‘ਤੇ ਸ਼ਹਿਰੀ ਬਸਤੀਆਂ ਤੇ ਪਿੰਡਾਂ ਅੰਦਰ ਰਹਿਣ ਵਾਲੇ ਲੋਕਾਂ ਵਿੱਚ ਭੋਜਨ ਤੇ ਭੋਜਨ ਦਾ ਪੌਸ਼ਟਿਕ ਨਾ ਹੋਣਾ ਔਰਤਾਂ ਅਤੇ ਬੱਚਿਆਂ ਵਿੱਚ ਕੁਪੋਸ਼ਣ ਦੀ ਦਰ ਨੂੰ ਵਧਾਉਂਦਾ ਹੈ। ਭਾਵੇਂ ਸੰਯੁਕਤ ਰਾਸ਼ਟਰ ਸੰਘ ਵੱਲੋਂ ਆਪਣੇ ਨਾਲ ਸਬੰਧਤ ਦੇਸ਼ਾਂ ਅੰਦਰ ਛੋਟੇ ਬੱਚਿਆਂ ਦੇ ਸਰੀਰਕ ਵਿਕਾਸ ਲਈ ਤੇ ਭੁੱਖ ਕਾਰਨ ਕੁਪੋਸ਼ਣ ਦੀ ਤਿਬਰਤਾ ਨੂੰ ਘਟਾਉਣ ਲਈ ਅਹਿਮ ਪ੍ਰੋਜੈਕਟ ਜਿਵੇਂ ਐਸ.ਡੀ.ਜੀ. ਦਾ ਏਜੰਡਾ, ਸਕੂਲਾਂ ਵਿੱਚ ਮਿੱਡ-ਡੇ-ਮੀਲ, ਔਰਤਾਂ ਅਤੇ ਨਵਜੰਮੇ ਬੱਚਿਆਂ ਲਈ ਪਿੰਡਾਂ-ਸ਼ਹਿਰਾਂ ਅੰਦਰ ਅੰਗਨਵਾੜੀ ਸੈਂਟਰ ਸਥਾਪਿਤ ਕਰਕੇ ਕੁਪੋਸ਼ਣ ਨਾਲ ਨਜਿੱਠਣ ਲਈ ਉਪਰਾਲੇ ਕੀਤੇ ਜਾ ਰਹੇ ਹਨ

ਉਸ ਦੇ ਨਾਲ ਹੀ ਸਿਹਤਮੰਦ ਮਨੁੱਖੀ ਜਾਤੀ ਲਈ ਫਸਲਾਂ ਉੱਪਰ ਹੋਣ ਵਾਲੀਆਂ ਰੇਹਾਂ-ਸਪਰੇਹਾਂ ਜਾਨਲੇਵਾ ਸਾਬਿਤ ਹੋ ਰਹੀਆਂ ਹਨ ਨਤੀਜੇ ਵਜੋਂ ਮਨੁੱਖੀ ਮੌਤਾਂ ਵਿੱਚ ਨਿਰੰਤਰ ਭਿਆਨਕ ਬਿਮਾਰੀਆਂ ਪੈਦਾ ਹੋ ਰਹੀਆਂ ਹਨ ਜਿਵੇਂ ਹਾਰਟ ਅਟੈਕ, ਦਿਮਾਗ਼ ਦਾ ਅਟੈਕ, ਲੀਵਰ, ਕਿਡਨੀਆਂ ਆਦਿ ਮੌਤਾਂ ਦਾ ਕਾਰਨ ਅਸ਼ੁੱਧ ਤੇ ਜ਼ਹਿਰੀਲਾ ਖਾਣ-ਪੀਣ ਮੁੱਖ ਕਾਰਨ ਜਾਪਦਾ ਹੈ ਕਿਉਂਕਿ ਫਸਲਾਂ ਦੀ ਪੈਦਾਵਾਰ ਰੇਹਾਂ-ਸਪਰੇਆਂ ‘ਤੇ ਨਿਰਧਾਰਤ ਹੈ ਜਿਸ ਨਾਲ ਕੁਦਰਤੀ ਸੋਮਿਆਂ ਨੂੰ ਵੀ ਅੰਦਰੂਨੀ ਤੌਰ ‘ਤੇ ਵੱਡਾ ਨੁਕਸਾਨ ਹੋਇਆ ਹੈ

ਇਸ ਤੋਂ ਸਾਫ਼ ਤੇ ਸਪੱਸ਼ਟ ਹੁੰਦਾ ਹੈ ਕਿ ਕੁਪੋਸ਼ਣ ਦੀ ਚਪੇਟ ਵਿੱਚ ਬੱਚਿਆਂ ਤੇ ਔਰਤਾਂ ਲਈ ਪੈਸਟੀਸਾਈਡ ਪ੍ਰਭਾਵਿਤ ਖਾਣਾ ਕਿਸੇ ਖ਼ਤਰੇ ਤੋਂ ਘੱਟ ਨਹੀਂ ਕਿਉਂਕਿ ਕੁਪੋਸ਼ਣ ਦੇ ਸ਼ਿਕਾਰ ਪਹਿਲਾਂ ਤੋਂ ਹੀ ਸਰੀਰਕ ਤੌਰ ‘ਤੇ ਸਿਹਤਮੰਦ ਨਹੀਂ ਹੁੰਦੇ ਜੇਕਰ ਉਨ੍ਹਾਂ ਨੂੰ ਰੇਹਾ-ਸਪਰੇਆਂ ਵਾਲਾ ਭੋਜਨ ਖਾਣ ਨੂੰ ਮਿਲ਼ੇ ਤਾਂ ਉਨ੍ਹਾਂ ਦੀ ਸਰੀਰਕ ਦਸ਼ਾ ਨੂੰ ਹੋਰ ਪ੍ਰਭਾਵਿਤ ਕਰੇਗਾ ਤੇ ਬਿਮਾਰੀਆਂ ਨੂੰ ਜਨਮ ਦੇਵੇਗਾ ਜੋ ਕਿ ਜਾਨਲੇਵਾ ਸਾਬਤ ਹੋਵੇਗਾ।

ਸਮੱਸਿਆ ਇਕੱਲੀ ਇਹ ਨਹੀਂ ਕਿ ਖਾਣ-ਯੋਗ ਭੋਜਨ ਵਿੱਚ ਸ਼ੁੱਧਤਾ ਦੀ ਘਾਟ ਹੈ ਇਹ ਅਹਿਮ ਸਮੱਸਿਆ ਹੈ ਕਿ ਜਾਣਕਾਰੀ ਹੋਣ ਦੇ ਬਾਵਜੂਦ ਭੋਜਨ ਵਿੱਚ ਮਿਲਾਵਟੀ ਪਦਾਰਥਾਂ ਅਤੇ ਪੈਸਟੀਸਾਈਡ ਦੀ ਮਾਤਰਾ ਹੈ ਜਿਸ ਕਾਰਨ ਪ੍ਰਭਾਵਿਤ ਭੋਜਨ ਇੱਕ ਸਿਹਤਮੰਦ ਵਿਅਕਤੀ ਲਈ ਵੀ ਚਿੰਤਾ ਦਾ ਵਿਸ਼ਾ ਹੈ ਫਿਰ ਵੀ ਸਬੰਧਿਤ ਮਹਿਕਮਿਆਂ ਅਤੇ ਸਿਆਸੀ ਆਗੂਆਂ ਵੱਲੋਂ ਇਸ ਸਮੱਸਿਆ ਨੂੰ ਅਹਿਮ ਮੁੱਦੇ ਵਜੋਂ ਨਹੀਂ ਦੇਖਿਆ ਜਾ ਰਿਹਾ ਕਿਉਂਕਿ ਮਨੁੱਖੀ ਸਰੀਰ ਨੂੰ ਜਨਮ ਤੋਂ ਲੈ ਕੇ ਮਰਨ ਤੱਕ ਪੌਸ਼ਟਿਕ ਭੋਜਨ ਦੀ ਜਰੂਰਤ ਹੁੰਦੀ ਹੈ ਜੇਕਰ ਇਸ ਮੁੱਦੇ ਵੱਲ ਵਿਸ਼ੇਸ਼ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲਾ ਸਮਾਂ ਮਨੁੱਖੀ ਜਾਤੀ ਲਈ ਕਿਸੇ ਭਿਆਨਕ ਮਹਾਂਮਾਰੀ ਤੋਂ ਘੱਟ ਨਹੀਂ ਸਗੋਂ ਵੱਧ ਭਿਆਨਕ ਸਾਬਿਤ ਹੋਵੇਗਾ।
ਗੁਰਪਿਆਰ ਸਿੰਘ ਦਿਉਗੜ੍ਹ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.