ਉੱਘੇ ਵਿਗਿਆਨ ਲੇਖਕ ਡਾ. ਕੁਲਦੀਪ ਸਿੰਘ ਧੀਰ ਦਾ ਦੇਹਾਂਤ

ਉੱਘੇ ਵਿਗਿਆਨ ਲੇਖਕ ਡਾ. ਕੁਲਦੀਪ ਸਿੰਘ ਧੀਰ ਦਾ ਦੇਹਾਂਤ

ਪਟਿਆਲਾ, (ਸੱਚ ਕਹੂੰ ਨਿਊਜ)। ਉਘੇ ਸ਼੍ਰੋਮਣੀ ਪੰਜਾਬੀ ਲੇਖਕ ਡਾ. ਕੁਲਦੀਪ ਸਿੰਘ ਧੀਰ (77 ਸਾਲ) ਦਾ ਬੀਤੀ ਰਾਤ ਪਟਿਆਲਾ ਵਿਖੇ ਦਿਹਾਂਤ ਹੋ ਗਿਆ ਹੈ। ਅੱਜ ਉਨ੍ਹਾਂ ਦੇ ਦਿਹਾਂਤ ਤੇ ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਹੋਈ ਸ਼ੋਕ ਸਭਾ ਦੌਰਾਨ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’ ਨੇ ਕਿਹਾ ਕਿ ਪਾਕਿਸਤਾਨ ਦੀ ਮੰਡੀ ਬਾਉਦਦੀਨ ਜ਼ਿਲ੍ਹਾ ਗੁੱਜਰਾਂਵਾਲਾ ਦੇ ਜੰਮਪਲ ਡਾ. ਕੁਲਦੀਪ ਸਿੰਘ ਧੀਰ ਨੇ ਵਿਗਿਆਨਕ ਖੇਤਰ ਦੇ ਨਾਲ ਨਾਲ ਪੰਜਾਬੀ ਭਾਸ਼ਾ ਵਿੱਚ ਵੀ ਉਚ ਅਕਾਦਮਿਕ ਡਿਗਰੀਆਂ ਹਾਸਿਲ ਕੀਤੀਆਂ। ਵਿਗਿਆਨ ਦਾ ਵਿਸ਼ਾ ਪੜ੍ਹਾਉਣ ਉਪਰੰਤ ਉਨ੍ਹਾਂ ਨੇ ਲੰਮਾ ਅਰਸਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਵਿਚ ਬਤੌਰ ਲੈਕਚਰਾਰ,ਰੀਡਰ ਅਤੇ ਫਿਰ ਪ੍ਰੋਫੈਸਰ ਤੇ ਮੁੱਖੀ ਦੇ ਅਹੁਦਿਆਂ ਉਪਰ ਕੰਮ ਕਰਨ ਉਪਰੰਤ ਡੀਨ ਅਕਾਦਮਿਕ ਮਾਮਲੇ ਵਜੋਂ ਸੇਵਾਵਾਂ ਨਿਭਾਈਆਂ।

ਉਨ੍ਹਾਂ ਨੇ ਸਾਹਿਤ ਅਧਿਐਨ, ਖੋਜ, ਮੌਲਿਕ ਸਾਹਿਤ ਸਿਰਜਣਾ, ਨਾਟਕ ਅਤੇ ਰੰਗਮੰਚ, ਸਿੱਖ ਧਰਮ, ਗੁਰਬਾਣੀ, ਉਦਯੋਗਿਕ ਤੇ ਉਤਪਾਦਨ ਇੰਜੀਨੀਅਰਿੰਗ, ਪ੍ਰਯੋਗਿਕ ਭੌਤਿਕ ਵਿਗਿਆਨ ਅਤੇ ਵਾਰਤਕ ਦੇ ਖੇਤਰ ਵਿਚ ਜ਼ਿਕਰਯੋਗ ਪੁਸਤਕਾਂ ਲਿਖ ਕੇ ਪੰਜਾਬੀ ਮਾਂ ਬੋਲੀ ਦਾ ਜ਼ਖ਼ੀਰਾ ਅਮੀਰ ਕੀਤਾ। ਉਨ੍ਹਾਂ ਨੂੰ ਹੋਰਨਾਂ ਸੰਸਥਾਵਾਂ ਦੇ ਨਾਲ-ਨਾਲ ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਅਤੇ ਭਾਸ਼ਾ ਵਿਭਾਗ,ਪੰਜਾਬ, ਪਟਿਆਲਾ ਵੱਲੋਂ ਵੀ ਪੁਰਸਕਾਰ ਪ੍ਰਦਾਨ ਕੀਤੇ ਗਏ ਸਨ। ਸੇਵਾਮੁਕਤੀ ਉਪਰੰਤ ਉਹ ਨਿਰੰਤਰ ਪੰਜਾਬੀ ਸਾਹਿਤ ਰਚਨਾ ਨਾਲ ਜੁੜੇ ਰਹੇ। ਇਸ ਮੌਕੇ ਡਾ. ਗੁਰਬਚਨ ਸਿੰਘ ਰਾਹੀ, ਪ੍ਰੋਫ਼ੈਸਰ ਕੁਲਵੰਤ ਸਿੰਘ ਗਰੇਵਾਲ, ਕਵੀ ਕੁਲਵੰਤ ਸਿੰਘ, ਬਾਬੂ ਸਿੰਘ ਰੈਹਲ,ਦਵਿੰਦਰ ਪਟਿਆਲਵੀ, ਨਵਦੀਪ ਸਿੰਘ ਮੁੰਡੀ ਆਦਿ ਲੇਖਕਾਂ ਅਤੇ ਵਿਦਵਾਨਾਂ ਨੇ ਡਾ. ਧੀਰ ਦੀਆਂ ਵਡਮੁੱਲੀਆਂ ਸੇਵਾਵਾਂ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਅਕੀਦਤ ਦੇ ਫੁੱਲ ਅਰਪਿਤ ਕੀਤੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.