ਪਟਿਆਲਾ ਪੁਲਿਸ ਵੱਲੋਂ ਗੈਂਗਸਟਰ ਦਿਲਪ੍ਰੀਤ ਬਾਬਾ ਦੇ ਦੋ ਨੇੜਲੇ ਸਾਥੀ ਅਸਲੇ ਤੇ ਖੋਹੀ ਗਈ ਕਾਰ ਸਮੇਤ ਕਾਬੂ

ਪਿਛਲੀ ਦਿਨੀ ਛੀਟਾਂਵਾਲਾ ਰੋਡ ਤੋਂ ਖੋਹੀ ਸੀ ਕਾਰ

ਪਟਿਆਲਾ, (ਖੁਸ਼ਵੀਰ ਸਿੰਘ ਤੂਰ) ਪਟਿਆਲਾ ਪੁਲਿਸ ਵੱਲੋਂ ਗੈਗਸਟਰ ਦਿਲਪ੍ਰੀਤ ਬਾਬਾ ਦੇ ਦੋ ਨੇੜਲੇ ਸਾਥੀਆਂ ਨੂੰ ਖੋਹੀ ਗਈ ਕਾਰ ਅਤੇ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਦਿਲਪ੍ਰੀਤ ਬਾਬਾ ਨਾਭਾ ਜੇਲ੍ਹ ਵਿੱਚ ਬੰਦ ਹੈ। ਇਨ੍ਹਾਂ ਵੱਲੋਂ ਇਹ ਕਾਰ ਨਾਭਾ ਛੀਟਾਂਵਾਲਾ ਰੋਡ ਤੋਂ ਖੋਹੀ ਗਈ ਸੀ। ਇਨ੍ਹਾਂ ਕੋਲੋਂ 32 ਬੋਰ ਪਿਸਟਲ, 2 ਮੈਗਜੀਨ ਅਤੇ 14 ਰੋਂਦ ਜਿੰਦਾ ਅਤੇ 315 ਬੋਰ ਪਿਸਤੋਲ 02 ਕਾਰਤੂਸ ਜਿੰਦਾ ਬਰਾਮਦ ਹੋਏ ਹਨ।

ਪਟਿਆਲਾ ਦੇ ਐਸਐਸਪੀ ਵਿਕਰਮ ਜੀਤ ਦੁੱਗਲ ਨੇ ਦੱਸਿਆ ਕਿ 6 ਅਕਤੂਬਰ ਨੂੰ ਨਾਭਾ ਛੀਟਾਂਵਾਲਾ ਰੋਡ ਤੋਂ ਖੋਹੀ ਸਵਿਫਟ ਕਾਰ ਦੇ ਮਾਮਲੇ ਨੂੰ ਹੱਲ ਕਰ ਲਿਆ ਹੈ।  ਇਸ ਵਿੱਚ ਸ਼ਾਮਲ ਗਗਨਦੀਪ ਸਿੰਘ ਉਰਫ ਗੱਗੀ ਲਾਹੌਰੀਆ ਪੁੱਤਰ ਜਸਪਾਲ ਸਿੰਘ ਵਾਸੀ ਠਾਕਰ ਅਬਾਦੀ, ਅਬੋਹਰ ਜ਼ਿਲ੍ਹਾ ਫਾਜਿਲਕਾ ਅਤੇ ਕੁਲਵੰਤ ਸਿੰਘ ਉਰਫ ਜੱਗੂ ਪੁੱਤਰ ਬਲਵੀਰ ਸਿੰਘ ਵਾਸੀ ਪੱਕੀ ਟਿੱਬੀ ਮੁਕਤਸਰ ਨੂੰ ਦੋਰਾਹਾ ਨੇੜਿਓ ਗ੍ਰਿਫ਼ਤਾਰ ਕੀਤੇ ਗਏ ਹਨ। ਇਸ ਵਾਰਦਾਤ ਦੇ ਪਿੱਛੇ ਏ ਕੈਟਾਗਿਰੀ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਦਾ ਹੱਥ ਹੈ ਜੋ ਕਿ ਨਾਭਾ ਜੇਲ੍ਹ ਵਿੱਚ ਬੰਦ ਹੈ ਅਤੇ ਆਪਣੇ ਗਿਰੋਹ ਦੀਆਂ ਅਪਾਰਿਧਕ ਗਤੀਵਿਧੀਆਂ ਨੂੰ ਸਰਗਰਮ ਕਰਨ ਦੀ ਕੋਸਿਸ਼ ਵਿੱਚ ਹੈ।

ਉਨ੍ਹਾਂ ਦੱਸਿਆ ਕਿ 6 ਅਕਤੂਬਰ ਨੂੰ ਸੰਗਰੂਰ ਦੇ ਕਸਬਾ ਧੂਰੀ ਦੇ ਟੈਕਸੀ ਸਟੈਡ ਤੋਂ ਕੁਝ ਨਾ ਅਣਪਛਾਤੇ ਵਿਅਕਤੀ ਸਵਿਫਟ ਕਾਰ ਨੂੰ ਕਿਰਾਏ ‘ਤੇ ਲੈ ਕੇ ਚੰਡੀਗੜ੍ਹ ਲਈ ਚੱਲੇ ਸੀ ਜਦੋਂ ਇਹ ਕਾਰ ਧੂਰੀ ਤੋ ਚੱਲਕੇ ਛੀਂਟਾਂਵਾਲਾ ਤੋਂ ਨਾਭਾ ਵੱਲ ਨੂੰ ਜਾ ਰਹੀ ਤਾਂ ਇਹ ਵਿਅਕਤੀ ਟੈਕਸੀ ਡਰਾਇਵਰ ਦਮਨਪ੍ਰੀਤ ਸਿੰਘ ਵਾਸੀ ਧੂਰੀ ਤੋ ਪਿਸਟਲ ਪੁਆਇੰਟ ‘ਤੇ ਸਵਿਫਟ ਕਾਰ ਦੀ ਖੋਹ ਕਰਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਦਿਲਪ੍ਰੀਤ ਬਾਬਾ ਜੋ ਇਸ ਸਮੇਂ ਮੈਕਸੀਮਮ ਸਕਿਉਰਿਟੀ ਜ਼ੇਲ੍ਹ ਨਾਭਾ ਵਿੱਚ ਬੰਦ ਹੈ ਨੇ ਗਗਨਦੀਪ ਸਿੰਘ ਉਰਫ ਗੱਗੀ ਲਾਹੌਰੀਆ ਤੇ ਆਪਣੇ ਹੋਰ ਸਾਥੀਆਂ ਰਾਹੀਂ ਹਿਮਾਚਲ ਪ੍ਰਦੇਸ਼ ਦੇ ਬੱਦੀ ਸ਼ਹਿਰ ਵਿੱਚ ਸਕਰੈਪ ਦੇ ਕਾਰੋਬਾਰੀ ਸਾਹਿਬ ਸਿੰਘ ਤੋਂ ਹਰ ਮਹੀਨੇ ਮੋਟੀ ਫਿਰੋਤੀ ਦੇਣ ਦੀ ਮੰਗ ਕੀਤੀ ਸੀ।

ਜਦੋਂ ਸਾਹਿਬ ਸਿੰਘ ਨੇ ਫਿਰੋਤੀ ਦੀ ਰਕਮ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਦਿਲਪ੍ਰੀਤ ਬਾਬੇ ਆਪਣੇ ਗਿਰੋਹ ਵਿੱਚ ਤਿਆਰ ਕੀਤੇ ਨਵੇ ਬੰਦੇ ਭੇਜ ਕੇ ਪਹਿਲਾਂ ਉਸ ਦੇ ਦਫਤਰ ਦੀ ਰੈਕੀ ਕਰਵਾਈ ਅਤੇ ਫਿਰ ਗਗਨਦੀਪ ਸਿੰਘ ਅਤੇ ਸਾਥੀਆਂ ਨੂੰ ਭੇਜ ਕੇ ਸਕਰੈਪ ਦੇ ਕਾਰੋਬਾਰੀ ਸਾਹਿਬ ਸਿੰਘ ਦੇ ਦਫਤਰ ਬੱਦੀ ਵਿਖੇ ਫਾਇਰਿੰਗ ਕਰਵਾਈ ਸੀ। ਇਸ ਸਬੰਧੀ 22 ਸਤੰਬਰ ਨੂੰ ਥਾਣਾ ਨਾਲਾਗੜ੍ਹ ਜ਼ਿਲ੍ਹਾ ਬੱਦੀ ਹਿਮਾਚਲ ਪ੍ਰਦੇਸ਼ ਮਾਮਲਾ ਦਰਜ ਹੋਇਆ ਸੀ। ਇਸ ਸਬੰਧੀ ਹਿਮਾਚਲ ਪ੍ਰਦੇਸ ਪੁਲਿਸ ਵੀ ਪਟਿਆਲਾ ਪੁਲਿਸ ਦੇ ਸੰਪਰਕ ਵਿੱਚ ਹੈ। ਉਨ੍ਹਾਂ ਦੱਸਿਆ ਕਿ ਗੱਗੀ ਵਿਰੁੱਧ 3 ਅਤੇ ਜੱਗੂ ਖਿਲਾਫ਼ 2 ਮਾਮਲੇ ਪਹਿਲਾ ਵੀ ਦਰਜ਼ ਹਨ। ਇਨ੍ਹਾਂ ਦਾ 3 ਦਿਨਾਂ ਰਿਮਾਂਡ ਮਿਲਿਆ ਹੈ ਅਤੇ ਇਸ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।

ਦਿਲਪ੍ਰੀਤ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਕੇ ਹੋਵੇਗੀ ਪੁੱਛਗਿੱਛ

ਸ੍ਰੀ ਦੁੱਗਲ ਨੇ ਦੱਸਿਆ ਕਿ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਵਾਰਦਾਤਾਂ ਦੇ ਪਿੱਛੇ ਦਿਲਪ੍ਰੀਤ ਬਾਬਾ ਜਿਸ ਦੇ ਖ਼ਿਲਾਫ਼ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ ਅਤੇ ਹੋਰ ਰਾਜਾਂ ਵਿੱਚ ਕਤਲ, ਇਰਾਦਾ ਕਤਲ, ਲੁੱਟ ਖੋਹ,ਡਕੈਤੀਆਂ ਅਤੇ ਫਿਰੋਤੀ ਆਦਿ ਜੁਰਮਾਂ ਦੇ ਕਰੀਬ 43 ਮੁਕੱਦਮੇ ਦਰਜ ਹਨ। ਉਨ੍ਹਾਂ ਦੱਸਿਆ ਕਿ ਨਾਭਾ ਜੇਲ੍ਹ ਚੋਂ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਦਿਲਪ੍ਰੀਤ ਬਾਬੇ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.