ਅਮਰਿੰਦਰ ਸਿੰਘ ਨਾਲ ਕੱਲ ਕਰਨਗੇ ਰਾਵਤ ਪ੍ਰੈਸ ਕਾਨਫਰੰਸ, ਮੰਤਰੀਆਂ ਸਣੇ ਵਿਧਾਇਕਾਂ ਨਾਲ ਕਰਨਗੇ ਮੀਟਿੰਗ
ਵਿਧਾਨ ਸਭਾ ਚੋਣਾਂ ਦੀ ਤਿਆਰੀ ਦਾ ਨਗਾਰਾ ਵੀ ਵਜਾਉਣ ਦਾ ਹੋਏਗਾ ਐਲਾਨ
ਚੰਡੀਗੜ, (ਅਸ਼ਵਨੀ ਚਾਵਲਾ)। ਕਿਸਾਨੀ ਮੁੱਦੇ ‘ਤੇ ਕਾਂਗਰਸ ਪਾਰਟੀ ਅੱਜ ਤੋਂ ਆਪਣਾ ਵੱਡਾ ਅੰਦੋਲਨ ਸ਼ੁਰੂ ਕਰਨ ਜਾ ਰਹੀਂ ਹੈ, ਜਿਸ ਦੀ ਸ਼ੁਰੂਆਤ ਸ਼ਹੀਦ ਭਗਤ ਸਿੰਘ ਨੂੰ ਖਟਕੜ ਕਲਾਂ ਵਿਖੇ ਸਰਧਾਂਜਲੀ ਦੇਣ ਤੋਂ ਬਾਅਦ ਕੀਤੀ ਜਾਏਗੀ। ਇਸ ਸਾਰੇ ਅੰਦੋਲਨ ਨੂੰ ਖੁਦ ਮੁੱਖ ਮੰਤਰੀ ਅਮਰਿੰਦਰ ਸਿੰਘ ਆਪਣੀ ਅਗਵਾਈ ਵਿੱਚ ਸ਼ੁਰੂ ਕਰਨਗੇ ਤਾਂ ਇਸ ਵਿੱਚ ਭਾਗ ਲੈਣ ਲਈ ਪੰਜਾਬ ਕਾਂਗਰਸ ਦੇ ਪ੍ਰਭਾਰੀ ਹਰੀਸ਼ ਰਾਵਤ ਮੁੱਖ ਤੌਰ ‘ਤੇ ਚੰਡੀਗੜ ਵਿਖੇ ਪੁੱਜ ਗਏ ਹਨ। ਖਟਕੜ ਕਲਾਂ ਤੋਂ ਧਰਨਾ ਸ਼ੁਰੂ ਕਰਨ ਤੋਂ ਬਾਅਦ ਹਰੀਸ਼ ਰਾਵਤ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਹੀ ਚੰਡੀਗੜ ਵਿਖੇ ਪੁੱਜਣਗੇ ਅਤੇ ਕਾਂਗਰਸ ਭਵਨ ਵਿਖੇ ਕੈਬਨਿਟ ਮੰਤਰੀਆਂ ਸਣੇ ਕਾਂਗਰਸੀ ਵਿਧਾਇਕਾਂ ਨਾਲ ਮੀਟਿੰਗ ਕਰਨਗੇ, ਜਿਸ ਵਿੱਚ ਭਵਿਖ ਵਿੱਚ ਇਸ ਅੰਦੋਲਨ ਨੂੰ ਲੈ ਕੇ ਆਦੇਸ਼ ਜਾਰੀ ਕੀਤੇ ਜਾਣਗੇ। ਇਥੇ ਹੀ ਪ੍ਰੈਸ ਕਾਨਫਰੰਸ ਕਰਦੇ ਹੋਏ ਜਨਤਾ ਅੱਗੇ ਆਪਣਾ ਪ੍ਰੋਗਰਾਮ ਵੀ ਅਮਰਿੰਦਰ ਸਿੰਘ ਅਤੇ ਹਰੀਸ਼ ਰਾਵਤ ਵੱਲੋਂ ਰੱਖਿਆ ਜਾਏਗਾ।
ਜਾਣਕਾਰੀ ਅਨੁਸਾਰ ਕਿਸਾਨੀ ਬਿੱਲਾਂ ਬਾਰੇ ਭਖੀ ਹੋਈ ਸਿਆਸਤ ਵਿੱਚ ਹਰ ਸਿਆਸੀ ਪਾਰਟੀ ਅਪਣੇ ਆਪ ਨੂੰ ਸਭ ਤੋਂ ਵੱਧ ਕਿਸਾਨ ਖੱਖੀ ਸਾਬਤ ਕਰਨ ‘ਚ ਲੱਗੀ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਵਲੋਂ ਕੇਂਦਰੀ ਮੰਤਰੀ ਮੰਡਲ ਵਿੱਚੋਂ ਹਰਸਿਮਰਤ ਕੌਰ ਬਾਦਲ ਦਾ ਅਸਤੀਫ਼ਾ ਦਿਵਾਉਣ ਮਗਰੋਂ ਐਨਡੀਏ ਤੋਂ ਬਾਹਰ ਦਾ ਫੈਸਲਾ ਬਾਕੀ ਸਿਆਸੀ ਪਾਰਟੀਆਂ ਨੂੰ ਕਾਫ਼ੀ ਜਿਆਦਾ ਸੱਟ ਮਾਰ ਗਿਆ ਹੈ, ਜਿਸ ਕਾਰਨ ਹੁਣ ਬਾਕੀ ਸਿਆਸੀ ਪਾਰਟੀਆਂ ਇਸ ਮੁੱਦੇ ‘ਤੇ ਫੰ੍ਰਟ ‘ਤੇ ਆ ਕੇ ਅੰਦੋਲਨ ਕਰਨ ਦੀ ਤਿਆਰੀ ‘ਚ ਹਨ ਤਾਂ ਕਿ ਕਿਸਾਨਾਂ ਨਾਲ ਜੁੜੇ ਹੋਏ ਵੱਡੇ ਵੋਟ ਬੈਂਕ ਨੂੰ ਵੀ ਸੰਭਾਲ ਕੇ ਰੱਖਿਆ ਜਾਵੇ।
ਇਸ ਕਿਸਾਨੀ ਅੰਦੋਲਨ ਨੂੰ ਵਧਾਉਣ ਲਈ ਕਾਂਗਰਸ ਪਾਰਟੀ ਨੇ ਸੋਮਵਾਰ ਨੂੰ ਖਟਕੜ ਕਲਾਂ ਤੋਂ ਸ਼ੁਰੂਆਤ ਕਰਨ ਦਾ ਐਲਾਨ ਕਰ ਦਿੱਤਾ ਹੈ। ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਦਿੰਦੇ ਹੋਏ ਧਰਨਾ ਪ੍ਰਦਰਸ਼ਨ ਕੀਤਾ ਜਾਏਗਾ, ਜਿਸ ਤੋਂ ਬਾਅਦ ਸੂਬੇ ਭਰ ਦੇ ਕਾਂਗਰਸੀ ਵਿਧਾਇਕਾਂ ਨੂੰ ਇਸ ਅੰਦੋਲਨ ਸਬੰਧੀ ਸਾਰੀ ਰੂਪ ਰੇਖਾ ਵੀ ਸਮਝਾਈ ਜਾਏਗੀ ਤਾਂ ਕਿ ਪਾਰਟੀ ਅਨੁਸਾਰ ਹੀ ਸਾਰਾ ਪ੍ਰੋਗਰਾਮ ਚਲ ਸਕੇ। ਇਸ ਦੌਰਾਨ ਨਵ ਬਣੇ ਕਾਂਗਰਸ ਇਚਾਰਜ ਹਰੀਸ਼ ਰਾਵਤ ਉੱਤਰਾਖੰਡ ਤੋਂ ਐਤਵਾਰ ਸ਼ਾਮ ਨੂੰ ਚੰਡੀਗੜ੍ਹ ਵਿਖੇ ਪੁੱਜ ਗਏ ਹਨ। ਹਰੀਸ ਰਾਵਤ ਸੋਮਵਾਰ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਖਟਕੜ ਕਲਾਂ ਜਾਣਗੇ, ਜਿਥੇ ਸਰਧਾਂਜਲੀ ਦੇਣ ਤੋਂ ਬਾਅਦ 11 ਵਜੇ ਤੋਂ 12 ਵਜੇ ਤੱਕ ਧਰਨਾ ਦਿੱਤਾ ਜਾਏਗਾ। ਇਸ ਮਗਰੋਂ ਚੰਡੀਗੜ ਵਿਖੇ 3 ਵਜੇ ਪ੍ਰੈਸ ਕਾਨਫਰੰਸ ਕੀਤੀ ਜਾਏਗੀ। ਜਿਸ ਪਿੱਛੋਂ ਕਾਂਗਰਸ ਦੇ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨਾਲ 4 ਵਜੇ ਤੋਂ 6 ਵਜੇ ਤੱਕ ਮੀਟਿੰਗ ਕੀਤੀ ਜਾਏਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.