ਗਠਜੋੜ ਟੁੱਟਣਾ ਮੰਦਭਾਗਾ, ਜਲਦਬਾਜ਼ੀ ਵਿੱਚ ਲਿਆ ਗਿਆ ਫੈਸਲਾ : ਮੋਹਨ ਲਾਲ
ਚੰਡੀਗੜ, (ਅਸ਼ਵਨੀ ਚਾਵਲਾ)। ਸ਼੍ਰੋਮਣੀ ਅਕਾਲੀ ਦਲ ਵਲੋਂ ਐਨਡੀਏ ਤੋਂ ਬਾਹਰ ਹੋਣ ਤੋਂ ਬਾਅਦ ਪੰਜਾਬ ਭਾਜਪਾ ਨੇ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਅੱਖਾਂ ਦਿਖਾਉਂਦੇ ਹੋਏ ਸਾਫ਼ ਕਹਿ ਦਿੱਤਾ ਹੈ ਕਿ ਉਨਾਂ ਨੂੰ ਕਮਜ਼ੋਰ ਨਾ ਸਮਝਿਆ ਜਾਵੇ, ਕਿਉਂਕਿ ਭਾਜਪਾ ਦਾ ਪੰਜਾਬ ਦੇ ਸ਼ਹਿਰੀ ਇਲਾਕੇ ਵਿੱਚ ਹੀ ਨਹੀਂ ਸਗੋਂ ਪਿੰਡਾਂ ਵਿੱਚ ਵੀ ਆਧਾਰ ਹੈ।ੇ ਆਉਣ ਵਾਲੀਆ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ 117 ਸੀਟਾਂ ‘ਤੇ ਲੜਨ ਲਈ ਵੀ ਤਿਆਰ ਹੈ, ਜਿਸ ਵਿੱਚ ਭਾਜਪਾ ਵੱਡਾ ਉਲਟਫੇਰ ਵੀ ਕਰ ਸਕਦੀ ਹੈ।
ਸ਼੍ਰੋਮਣੀ ਅਕਾਲੀ ਦਲ ‘ਤੇ ਹਮਲਾ ਸਾਬਕਾ ਮੰਤਰੀ ਅਤੇ ਭਾਜਪਾ ਦੇ ਲੀਡਰ ਮਦਨ ਮੋਹਨ ਮਿੱਤਲ ਅਤੇ ਮਾਸਟਰ ਮੋਹਨ ਲਾਲ ਨੇ ਕੀਤਾ ਹੈ।
ਇਨਾਂ ਦੋਹੇ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਵਲੋਂ ਗਠਜੋੜ ਤੋੜੇ ਜਾਣ ਵਾਲੇ ਫੈਸਲੇ ਨੂੰ ਜਲਦਬਾਜੀ ਵਿੱਚ ਲਿਆ ਗਿਆ ਫੈਸਲਾ ਕਰਾਰ ਦਿੱਤਾ ਗਿਆ ਹੈ। ਇਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਨੂੰ ਸਮਝਾਉਣ ਦੀ ਥਾਂ ‘ਤੇ ਖ਼ੁਦ ਹੀ ਕਾਂਗਰਸ ਵਲੋਂ ਫੈਲਾਏ ਗਏ ਗਲਤ ਪ੍ਰਚਾਰ ਦਾ ਸ਼ਿਕਾਰ ਹੋ ਗਿਆ ਹੈ, ਜਿਸ ਕਾਰਨ ਹੀ ਉਨਾਂ ਨੇ 22 ਸਾਲ ਦੇ ਇਸ ਰਿਸ਼ਤੇ ਨੂੰ ਤੋੜ ਦਿੱਤਾ ਗਿਆ ਹੈ।
ਸਾਬਕਾ ਮੰਤਰੀ ਮਦਨ ਮੋਹਨ ਮਿੱਤਲ ਨੇ ਕਿਹਾ ਕਿ ਭਾਜਪਾ ਨੂੰ ਇਸ ਨਾਲ ਕੋਈ ਜਿਆਦਾ ਫਰਕ ਨਹੀਂ ਪੈਣਾ ਵਾਲਾ ਹੈ, ਕਿਉਂਕਿ ਭਾਜਪਾ ਦੇ ਵਰਕਰ ਅਤੇ ਜ਼ਮੀਨੀ ਪੱਧਰ ‘ਤੇ ਲੋਕ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਣ ਦੀਆਂ ਸਲਾਹਾਂ ਦੇਣ ਵਿੱਚ ਲਗੇ ਹੋਏ ਸਨ ਪਰ ਪਾਰਟੀ ਵਲੋਂ 22 ਸਾਲ ਦੇ ਇਸ ਰਿਸ਼ਤੇ ਦੀ ਲਾਜ ਰਖਦੇ ਹੋਏ ਅਕਾਲੀ ਦਲ ਨੂੰ ਨਾਲ ਲੈ ਕੇ ਹੀ ਤੁਰਨ ਦਾ ਫੈਸਲਾ ਕੀਤਾ ਸੀ ਪਰ ਹੁਣ ਜਦੋਂ ਅਕਾਲੀ ਦਲ ਹੀ ਵੱਖ ਹੋ ਗਿਆ ਹੈ ਤਾਂ ਭਾਜਪਾ ਵਰਕਰ ਵੀ ਪੰਜਾਬ ਭਰ ਵਿੱਚ ਆਪਣਾ ਪੂਰਾ ਜੋਰ ਲਗਾਉਂਦੇ ਹੋਏ ਕੰਮ ਕਰਨਗੇ, ਕਿਉਂਕਿ ਉਨਾਂ ਦੀ ਪੁਰਾਣੀ ਮੰਗ ਵੀ ਪੂਰੀ ਹੋ ਗਈ ਹੈ, ਜਿਸ ਵਿੱਚ ਉਹ ਪੰਜਾਬ ਦੀਆਂ 117 ਸੀਟਾਂ ‘ਤੇ ਚੋਣ ਲੜਨ ਦੀ ਮੰਗ ਕਰਦੇ ਆਏ ਹਨ।
ਉਨਾਂ ਕਿਹਾ ਕਿ ਇਹ ਗਠਜੋੜ ਟੁੱਟਣਾ ਮੰਦਭਾਗਾ ਹੈ ਪਰ ਇਸ ਵਿੱਚ ਭਾਜਪਾ ਕੋਈ ਘਾਟੇ ਵਿੱਚ ਰਹਿਣ ਵਾਲੀ ਨਹੀਂ ਹੈ, ਕਿਉਂਕਿ ਹੁਣ ਭਾਜਪਾ ਪੰਜਾਬ ਦੀਆਂ 117 ਸੀਟਾਂ ‘ਤੇ ਚੋਣਾਂ ਲੜਦੇ ਹੋਏ ਆਪਣੇ ਜ਼ਮੀਨੀ ਪੱਧਰ ‘ਤੇ ਤਿਆਰ ਹੋਏ ਅਸਲੀ ਆਧਾਰ ਦਾ ਇਸਤੇਮਾਲ ਕਰਦੇ ਹੋਏ ਪੰਜਾਬ ਦੀ ਸੱਤਾ ਵਿੱਚ ਆਏਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.