ਲੱਗਦਾ ਹੈ…
ਇਹ ਜੋ ਪੈਦਲ ਤੁਰਿਆ ਜਾਂਦਾ ਲੱਗਦਾ ਹੈ ਪਰਵਾਸੀ ਹੋਣਾ,
ਜਿੱਥੇ ਲਾਰੇ ਮਿਲਦੇ ਭਰਵੇਂ ਮੁਲਕ ਉਸੇ ਦਾ ਵਾਸੀ ਹੋਣਾ।
ਮੋਈ ਮਾਂ ਦੀ ਚੁੰਨੀ ਲੈ ਕੇ ਉਸਦਾ ਬਾਲਕ ਖੇਡ ਰਿਹਾ ਸੀ,
ਪਾਪ ਜਿਹਾ ਹੀ ਲੱਗਿਆ ਉਸ ਪਲ ਬੁੱਲ੍ਹਾਂ ਉੱਤੇ ਹਾਸੀ ਹੋਣਾ।
ਅਫਸਰ ਜੀ ਦੇ ਨੇੜੇ ਰਹਿੰਦਾ ਇਸਦੀ ਕਾਫੀ ਚੱਲਦੀ ਏਥੇ,
ਮੇਰੀ ਮੰਨਲਾ ਇਹ ਪੱਕਾ ਹੀ ਸਾਹਬਾਂ ਦਾ ਚਪੜਾਸੀ ਹੋਣਾ।
ਇੱਕੋ ਘਰ ਵਿੱਚ ਸਾਰੇ ਰਿਸ਼ਤੇ ਮਿਲਣਾ ਗੱਲ ਪੁਰਾਣੀ ਹੋਈ,
ਵਾਂਗ ਅਜੂਬੇ ਹੀ ਲੱਗਦਾ ਹੈ ਅੱਜ-ਕੱਲ੍ਹ ਭੂਆ ਮਾਸੀ ਹੋਣਾ।
ਜੱਗ ਦੇ ਉੱਤੇ ਵਧੀਆ-ਘਟੀਆ ਹੁੰਦੇ ਰਹਿੰਦੇ ਕੰਮ ਹਜ਼ਾਰਾਂ,
ਲਾਹਨਤ ਵਰਗਾ ਲੱਗਦਾ ਹੈ ਪਰ ਚੌਵੀ ਘੰਟੇ ਦਾਸੀ ਹੋਣਾ।
ਬੋਲ ਕੁਸੈਲੇ, ਕੋਰੇ ਹੋਣਾ ਮੰਨਿਆ ਸਭ ਨੂੰ ਘਟੀਆ ਲੱਗਣ,
ਸਭ ਤੋਂ ਘਟੀਆ ਹੁੰਦਾ ਹੈ ਪਰ ਸੋਚ ਕਿਸੇ ਦੀ ਬਾਸੀ ਹੋਣਾ।
ਉਮਰ ਢਲੀ ‘ਤੇ ਆਖਣ ਬਾਹਲੇ ਸੁਰਤ ਗਵਾਈ ਪੀ ਨੈਣਾਂ ‘ਚੋਂ,
ਵਿੱਚ ਜਵਾਨੀ ਹਰ ਹੀ ਲੋਚੇ ਨੈਣਾਂ ਨਾਲ ਤਲਾਸ਼ੀ ਹੋਣਾ।
ਨੇਤਾ ਜੀ ਦਾ ਲਾਮਾ ਲਸ਼ਕਰ ਖੂੰਜੇ ਖਾਲੀ ਕਰ ਦਿੰਦਾ ਹੈ,
ਮਹਿੰਗਾ ਪੈਂਦਾ ਮੈਂਬਰ ਨੂੰ ਤਾਂ ਦਰਸ਼ਨ ਦਾ ਅਭਿਲਾਸ਼ੀ ਹੋਣਾ।
ਦਿਲ ਕਰਦਾ ਏ ਵਰ੍ਹ ਜਾਵਾਂ ਮੈਂ ਕਾਲਾ ਬੱਦਲ ਬਣਕੇ ਉਸ’ਤੇ,
ਮੈਥੋਂ ਹਰਗਿਜ਼ ਸਹਿ ਨਾ ਹੁੰਦਾ ਇੱਕ ਨਦੀ ਦਾ ਪਿਆਸੀ ਹੋਣਾ।
ਹਰਦੀਪ ਬਿਰਦੀ
ਮੋ. 90416-00900
ਸ਼ੀਤਲ ਪਾਣੀ
ਸ਼ੀਤਲ ਪਾਣੀ ਜਿਹਾ ਜੇ ਚਿੱਤ ਹੋ ਜਾਵੇ ,
ਫਿਰ ਤਾਂ ਪੂਰਿਆ ਸਾਡਾ ਵੀ ਹਿੱਤ ਹੋ ਜਾਵੇ ।
ਨਾ ਰਹੇ ਹਰਿਆ ਕੁਝ ਫਿਰ ਇਸ ਜੱਗ ਦੇ ਅੰਦਰ,
ਸ਼ਾਇਦ ਸਾਰਾ ਜਹਾਨ ਹੀ ਜਿੱਤ ਹੋ ਜਾਵੇ ।
ਸ਼ੀਤਲ ਪਾਣੀ ਜਿਹਾ ਜੇ….
ਹਲਕਾ ਹੋ ਜਾਵੇ ਮਨ ਹੋ ਜੇ ਸਾਫ਼ ਤੇ ਨਿਰਮਲ,
ਰਹੇ ਫੁੱਲਾਂ ਵਾਂਗੂੰ ਖਿੜਿਆ ਹਰ ਖੁਸ਼ੀ ਨੂੰ ਲੋਚਦਾ।
ਖਾਰਾ ਪਾਣੀ ਨੈਣਾਂ ‘ਚੋਂ ਜੇ ਰਿਸ ਹੋ ਜਾਵੇ,
ਸ਼ੀਤਲ ਪਾਣੀ ਜਿਹਾ ਜੇ ….
ਨੱਸ ਜੇ ਈਰਖਾ ਵੈਰ ਤੇ ਲੋਭ ਹੰਕਾਰ,
ਦਿਲ ਵਿੱਚ ਹੋਵੇ ਹਰ ਇੱਕ ਲਈ ਪਿਆਰ ਤੇ ਸਤਿਕਾਰ।
ਖਿੜੇ ਮੱਥੇ ਮਿਲਣ ਦੀ ਆਦਤ ਨਵ ਫਿਰ ਨਿੱਤ ਹੋ ਜਾਵੇ,
ਸ਼ੀਤਲ ਪਾਣੀ ਜਿਹਾ ਜੇ ਚਿੱਤ ਹੋ ਜਾਵੇ।
ਨਵਜੋਤ ਕੌਰ ਨਵ,
ਧੂਰੀ (ਸੰਗਰੂਰ) ਮੋ. 62806-91486