ਮੰਤਰੀ ਦੀ ਸ਼ਾਨ ਖਿਲਾਫ ਕੋਈ ਹਰਕਤ ਬਰਦਾਸ਼ਤ ਨਹੀਂ ਹੋਵੇਗੀ : ਸੈਂਟੀ ਪ੍ਰਧਾਨ
ਨਾਭਾ, (ਤਰੁਣ ਕੁਮਾਰ ਸ਼ਰਮਾ) ਰਿਜ਼ਰਵ ਹਲਕਾ ਨਾਭਾ ਵਿਖੇ ਸ਼ਰਾਰਤੀ ਅਨਸਰਾਂ ਵੱਲੋਂ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਦੀ ਧਰਮਸੋਤ ਦੀ ਫਲੈਕਸ ‘ਤੇ ਲੱਗੀ ਤਸਵੀਰ ‘ਤੇ ਕਾਲਖ ਸੁੱਟਣ ਦੀ ਘਟਨਾ ਸਾਹਮਣੇ ਆਉਣ ਕਾਰਨ ਹਲਕੇ ਦੇ ਕਾਂਗਰਸੀਆਂ ਵਿੱਚ ਰੋਹ ਫੈਲ ਗਿਆ ਹੈ। ਜਿਕਰਯੋਗ ਹੈ ਪੋਸਟ ਸਕਾਲਰਸ਼ਿਪ ਘੁਟਾਲੇ ‘ਚ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਦਾ ਨਾਂਅ ਜੁੜਨ ਕਾਰਨ ਉਹ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆਏ ਹੋਏ ਹਨ ਜਦਕਿ ਤਿੰਨ ਸਾਲ ਦੇ ਸੀਮਤ ਸਮੇਂ ਦੋਰਾਨ ਰਿਜਰਵ ਹਲਕੇ ‘ਚ ਰਿਕਾਰਡ ਤੋੜ ਵਿਕਾਸ ਕਰਾਉਣ ਦਾ ਹਵਾਲਾ ਦੇ ਕੇ ਸਾਰੇ ਕਾਂਗਰਸੀ ਕੈਬਨਿਟ ਮੰਤਰੀ ਦੇ ਹੱਕ ‘ਚ ਨਿਤਰ ਰਹੇ ਹਨ।
ਇਸੇ ਦੋਰਾਨ ਨਵੀ ਅਨਾਜ ਮੰਡੀ ਨਾਭਾ ਬਾਹਰ ਕਰੋਨਾ ਮਹਾਮਾਰੀ ਤੋ ਬਚਾਉ ਲਈ ਲੋਕਾਂ ਵਿੱਚ ਜਾਗਰੂਕਤਾ ਲਿਆਉਣ ਲਈ ਲੱਗੀ ਹੋਈ ਫਲੈਕਸ ‘ਚ ਕੈਬਨਿਟ ਮੰਤਰੀ ਦੀ ਲੱਗੀ ਤਸਵੀਰ ‘ਤੇ ਬੀਤੇ ਦਿਨੀਂ ਕਿਸੇ ਸ਼ਰਾਰਤੀ ਅਨਸਰ ਨੇ ਕਾਲਖ ਸੁੱਟ ਦਿੱਤੀ ਜਿਸ ਕਾਰਨ ਹਲਕੇ ਦੇ ਕਾਂਗਰਸੀਆਂ ਵਿੱਚ ਭਾਰੀ ਰੋਸ ਫੈਲ ਗਿਆ। ਇਸ ਬਾਰੇ ਗੱਲਬਾਤ ਕਰਦਿਆਂ ਸਾਬਕਾ ਨਗਰ ਕੌਂਸਲ ਪ੍ਰਧਾਨ ਰਜਨੀਸ ਮਿੱਤਲ ਸੈਂਟੀ ਨੇ ਕਿਹਾ ਕਿ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਬਦੋਲਤ ਹੀ ਰਿਜਰਵ ਹਲਕਾ ਨਾਭਾ ਨੇ ਵਿਕਾਸ ਦਾ ਮੂੰਹ ਦੇਖਿਆ ਹੈ ਜਦਕਿ ਪਿਛਲੇ 10 ਸਾਲਾਂ ਤੋ ਹਲਕਾ ਨਾਭਾ ਤੋ ਸਿਆਸੀ ਲਾਭ ਜਰੂਰ ਲਏ ਜਾ ਰਹੇ ਸਨ ਪਰੰਤੂ ਇਸ ਦੇ ਵਿਕਾਸ ਨੂੰ ਲਾਂਭੇ ਰੱਖਿਆ ਗਿਆ ਸੀ।
ਉਨਾਂ ਕਿਹਾ ਕਿ ਧਰਮਸੋਤ ਹੀ ਅਜਿਹੇ ਇਮਾਨਦਾਰ ਅਤੇ ਜੂਝਾਰੂ ਨੇਤਾ ਵਜੋਂ ਉਭਰੇ ਹਨ ਜਿਨਾਂ ਨੇ ਸਿਰਫ ਤਿੰਨ ਸਾਲਾਂ ਵਿੱਚ ਹੀ ਹਲਕੇ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਹੈ। ਉਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਚਿਤਾਵਨੀ ਜਾਰੀ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਅਤੇ ਕੈਬਨਿਟ ਮੰਤਰੀ ਧਰਮਸੋਤ ਦੀ ਸ਼ਾਨ ਵਿੱਚ ਕੋਈ ਗੁਸਤਾਖੀ ਬਰਦਾਸ਼ਤ ਨਹੀ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਕੁੱਝ ਸਮੇਂ ਬਾਦ ਹੀ ਕਾਲਖ ਮੱਲੀ ਇਸ ਫਲੈਕਸ ਨੂੰ ਹਟਾ ਦਿੱਤਾ ਗਿਆ। ਦੂਜੇ ਪਾਸੇ ਕੋਤਵਾਲੀ ਇੰਚਾਰਜ ਐਸ ਆਈ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਮਾਮਲਾ ਹੁਣੇ ਉਨਾਂ ਦੇ ਨੋਟਿਸ ਵਿੱਚ ਆਇਆ ਹੈ ਅਤੇ ਉਹ ਇਸ ਦੀ ਜਾਂਚ ਜ਼ਰੂਰ ਕਰਨਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.