ਕੇਂਦਰੀ ਮੰਤਰੀ ਥਾਵਰ ਚੰਦ ਗਹਿਲੋਤ ਵਲੋਂ ਗਠਿਤ ਕੀਤੀ ਗਈ ਕਮੇਟੀ, ਸਾਰਾ ਰਿਕਾਰਡ ਲਏਗੀ ਆਪਣੇ ਹੱਥ ‘ਚ
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਹੋਏ ਕਥਿਤ ਵਜ਼ੀਫ਼ਾ ਘਪਲੇ ਬਾਰੇ ਹੁਣ ਕੇਂਦਰ ਸਰਕਾਰ ਨੇ ਆਪਣੀ ਜਾਂਚ ਟੀਮ ਦਾ ਗਠਨ ਕਰ ਦਿੱਤਾ ਹੈ। ਇਸ ਟੀਮ ਵਿੱਚ ਤਿੰਨ ਮੈਂਬਰ ਹੋਣਗੇ ਅਤੇ ਇਸ ਟੀਮ ਦੀ ਅਗਵਾਈ ਕੇਂਦਰੀ ਵਧੀਕ ਸਕੱਤਰ ਕਲਿਆਨੀ ਚੱਢਾ ਕਰਨਗੇ। ਇਹ ਤਿੰਨ ਮੈਂਬਰੀ ਕਮੇਟੀ ਕਿਸੇ ਵੀ ਸਮੇਂ ਪੰਜਾਬ ਵਿੱਚ ਪਹੁੰਚ ਕੇ ਸਾਰਾ ਰਿਕਾਰਡ ਆਪਣੇ ਕਬਜ਼ੇ ਵਿੱਚ ਲੈ ਸਕਦੀ ਹੈ। ਕਮੇਟੀ ਵਿੱਚ ਕਲਿਆਨੀ ਚੱਡਾ ਤੋਂ ਇਲਾਵਾ ਵਧੀਕ ਸਕੱਤਰ ਐਸ.ਏ. ਮੀਨਾ ਅਤੇ ਆਈ.ਐਫ.ਡੀ. ਡਾਇਰੈਕਟਰ ਪ੍ਰਕਾਸ਼ ਤਾਮਰਕਾਰ ਨੂੰ ਮੈਂਬਰ ਬਣਾਇਆ ਗਿਆ ਹੈ।
ਕੇਂਦਰ ਸਰਕਾਰ ਵੱਲੋਂ ਇਸ ਤਿੰਨ ਮੈਂਬਰੀ ਜਾਂਚ ਟੀਮ ਨੂੰ ਇੱਕ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ ਤਾਂ ਕਿ ਉਹ ਇਸ ਸਮੇਂ ਸੀਮਾ ਵਿੱਚ ਹੀ ਜਾਂਚ ਮੁਕੰਮਲ ਕਰਕੇ ਕੇਂਦਰ ਸਰਕਾਰ ਨੂੰ ਰਿਪੋਰਟ ਸੌਂਪ ਦੇਣ। ਕੇਂਦਰ ਸਰਕਾਰ ਕੋਲ ਪੁੱਜੀ ਸ਼ਿਕਾਇਤ ਅਨੁਸਾਰ 69 ਕਰੋੜ ਰੁਪਏ ਦਾ ਘਪਲਾ ਸਾਹਮਣੇ ਆਇਆ ਹੈ ਪਰ ਕੇਂਦਰ ਸਰਕਾਰ ਦੀ ਟੀਮ ਜਾਂਚ ਦੌਰਾਨ ਜੇਕਰ ਲੋੜ ਲਈ ਤਾਂ ਵਧੀਕ ਮੁੱਖ ਸਕੱਤਰ ਕਿਰਪਾ ਸ਼ੰਕਰ ਸਰੋਜ ਵਲੋਂ ਕੀਤੀ ਗਈ ਜਾਂਚ ਤੋਂ ਇਲਾਵਾ ਕਿਸੇ ਹੋਰ ਸਾਲ ਅਤੇ ਕਿਸੇ ਵੀ ਕਾਲਜ ਨੂੰ ਲੈ ਕੇ ਚੈਕਿੰਗ ਕਰ ਸਕਦੀ ਹੈ। ਇਸ ਜਾਂਚ ਟੀਮ ਕੋਲ ਹਰ ਤਰਾਂ ਦੇ ਅਧਿਕਾਰੀ ਹੋਣਗੇ। ਜਾਂਚ ਟੀਮ ਵਲੋਂ ਇਸ ਮਾਮਲੇ ਵਿੱਚ ਵਧੀਕ ਮੁੱਖ ਸਕੱਤਰ ਕਿਰਪਾ ਸ਼ੰਕਰ ਸਰੋਜ ਨਾਲ ਵੀ ਮੁਲਾਕਾਤ ਕਰਕੇ ਹੋਏ ਉਨਾਂ ਤੋਂ ਹੋਰ ਜਿਆਦਾ ਜਾਂਚ ਬਾਰੇ ਪੁੱਛਿਆ ਜਾ ਸਕਦਾ ਹੈ।
ਇਥੇ ਦੱਸਣ ਯੋਗ ਹੈ ਕਿ ਪੰਜਾਬ ਤੋਂ ਸੰਸਦ ਮੈਂਬਰ ਅਤੇ ਕੇਂਦਰੀ ਉਦਯੋਗ ਰਾਜ ਮੰਤਰੀ ਸੋਮ ਪ੍ਰਕਾਸ਼ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਨੇ ਕੇਂਦਰੀ ਮੰਤਰੀ ਥਾਵਰ ਚੰਦ ਗਹਿਲੋਤ ਨਾਲ ਮੁਲਾਕਾਤ ਕਰਦੇ ਹੋਏ ਇਸ ਮੁੱਦੇ ਨੂੰ ਚੁੱਕਿਆ ਸੀ। ਕੇਂਦਰੀ ਮੰਤਰੀ ਵਲੋਂ ਭਰੋਸਾ ਦਿੱਤਾ ਗਿਆ ਸੀ ਕਿ ਉਹ ਇਸ ਮਾਮਲੇ ਦੀ ਜਾਂਚ ਆਪਣੇ ਸੀਨੀਅਰ ਅਧਿਕਾਰੀਆਂ ਦੀ ਟੀਮ ਤੋਂ ਕਰਵਾਉਣਗੇ ਤਾਂ ਕਿ ਸਾਰਾ ਮਾਮਲਾ ਸਾਫ਼ ਹੋ ਸਕੇ।
ਅਮਰਿੰਦਰ ਸਿੰਘ ਕਰ ਚੁੱਕੇ ਹਨ ਵਿਰੋਧ, ਨਹੀਂ ਚਾਹੁੰਦੇ ਕੇਂਦਰ ਤੋਂ ਜਾਂਚ
ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨਹੀਂ ਚਾਹੁੰਦੇ ਹਨ ਕਿ ਕੇਂਦਰੀ ਟੀਮ ਵਲੋਂ ਪੰਜਾਬ ਦੇ ਇਸ ਕਥਿਤ ਵਜ਼ੀਫ਼ਾ ਘਪਲੇ ਦੀ ਜਾਂਚ ਕੀਤੀ ਜਾਵੇ, ਇਸ ਲਈ ਉਹ ਖ਼ੁਦ ਅੱਗੇ ਆ ਕੇ ਖ਼ੁਦ ਵਿਰੋਧ ਕਰ ਚੁੱਕੇ ਹਨ। ਉਨਾਂ ਵਲੋਂ ਕੇਂਦਰੀ ਟੀਮ ਦੀ ਜਾਂਚ ਸੰਘੀ ਢਾਂਚੇ ਨੂੰ ਸੱਟ ਮਾਰਨ ਤੱਕ ਦੀ ਗੱਲ ਵੀ ਆਖੀ ਗਈ ਸੀ। ਮੁੱਖ ਮੰਤਰੀ ਦੇ ਵਿਰੋਧ ਦੇ ਬਾਵਜੂਦ ਕੇਂਦਰ ਸਰਕਾਰ ਵਲੋਂ ਆਪਣੀ ਜਾਂਚ ਟੀਮ ਦਾ ਗਠਨ ਕਰ ਦਿੱਤਾ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.