ਨੋਵਲ ਸਕੀਮ ਦਾ ਉਦੇਸ਼ ਪ੍ਰਭਾਵਿਤ ਅਧਿਕਾਰੀਆਂ/ਕਰਮਚਾਰੀਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਅਤੇ ਉਤਸ਼ਾਹਿਤ ਕਰਨਾ : ਡੀ.ਜੀ.ਪੀ.
ਚੰਡੀਗੜ, (ਅਸ਼ਵਨੀ ਚਾਵਲਾ)। ਜ਼ਮੀਨੀ ਪੱਧਰ ‘ਤੇ ਪੁਲਿਸ ਦੀ ਹੌਸਲਾ-ਅਫ਼ਜ਼ਾਈ ਅਤੇ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਡੀਜੀਪੀ, ਪੰਜਾਬ ਦੇ ਨਿਰਦੇਸ਼ਾਂ ਤਹਿਤ ਇੱਕ ਨੋਵਲ ਯੋਜਨਾ ਅਧੀਨ ਉੱਚ ਪੁਲਿਸ ਅਧਿਕਾਰੀਆਂ ਨੇ ਵੱਖ-ਵੱਖ ਹਸਪਤਾਲਾਂ ਵਿੱਚ ਜ਼ੇਰੇ-ਇਲਾਜ ਜਾਂ ਘਰਾਂ ਵਿੱਚ ਇਕਾਂਤਵਾਸ 500 ਤੋਂ ਵੱਧ ਕੋਵਿਡ ਪਾਜ਼ੇਟਿਵ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਨਾਲ ਟੈਲੀਫੋਨ ਰਾਹੀਂ ਗੱਲਬਾਤ ਕੀਤੀ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਡੀਜੀਪੀ ਦਿਨਕਰ ਗੁਪਤਾ ਵਲੋਂ ਪਿਛਲੇ ਹਫਤਿਆਂ ਦੌਰਾਨ ਨਿੱਜੀ ਤੌਰ ‘ਤੇ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਕਰਮਚਾਰੀਆਂ ਨੂੰ ਪੂਰਨ ਰੂਪ ਵਿੱਚ ਉਤਸ਼ਾਹਿਤ ਅਤੇ ਚੜਦੀ ਕਲਾ ਵਿਚ ਰੱਖਣ ਦੇ ਉਦੇਸ਼ ਨਾਲ ਕੀਤੇ ਯਤਨਾਂ ਤਹਿਤ ਸਾਰੇ ਏ.ਡੀ.ਜੀ.ਪੀ ਅਤੇ ਆਈ.ਜੀ.ਪੀ ਰੈਂਕ ਦੇ ਅਧਿਕਾਰੀਆਂ ਵੱਲੋਂ ਸਮੂਹਿਕ ਸੰਪਰਕ ਪ੍ਰੋਗਰਾਮ ਦੇ ਹਿੱਸੇ ਵਜੋਂ ਪਾਜ਼ੇਟਿਵ ਅਧਿਕਾਰੀਆਂ/ਕਰਮਚਾਰੀਆਂ ਨੂੰ ਫੋਨ ਕਾਲਾਂ ਕੀਤੀਆਂ ਗਈਆਂ।
ਇਸ ਮੁਹਿੰਮ ਵਿੱਚ ਸ਼ਾਮਲ ਸੀਨੀਅਰ ਅਧਿਕਾਰੀਆਂ ਨੇ ਨਾ ਕੇਵਲ ਅਧਿਕਾਰੀਆਂ/ਕਰਮਚਾਰੀਆਂ ਦੀ ਸਿਹਤ ਅਤੇ ਤੰਦਰੁਸਤੀ ਬਾਰੇ ਪੁੱਛਿਆ ਸਗੋਂ ਉਨਾਂ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਵੀ ਦਿੱਤਾ। ਡਾਕਟਰੀ ਪਿਛੋਕੜ ਵਾਲੇ ਕੁਝ ਸੀਨੀਅਰ ਅਫਸਰਾਂ ਨੇ ਉਨਾਂ ਨੂੰ ਇਲਾਜ ਸਬੰਧੀ ਸੁਝਾਅ ਅਤੇ ਸਲਾਹ ਵੀ ਦਿੱਤੀ। ਇਲਾਜ਼ ਅਧੀਨ ਚੱਲ ਰਹੇ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਨੇ ਸਮੇਂ ਸਮੇਂ ‘ਤੇ ਸਰਕਾਰ ਅਤੇ ਪੁਲਿਸ ਵਿਭਾਗ ਦੁਆਰਾ ਦਿੱਤੀ ਜਾ ਰਹੀ ਸਹਾਇਤਾ ਅਤੇ ਯਤਨਾਂ ‘ਤੇ ਤਸੱਲੀ ਪ੍ਰਗਟਾਈ ਹੈ।
ਰਾਜ ਵਿੱਚ ਹੁਣ ਤੱਕ ਕੁੱਲ 3803 ਪੁਲਿਸ ਅਧਿਕਾਰੀ/ਕਰਮਚਾਰੀ ਕੋਵਿਡ ਪਾਜ਼ੇਟਿਵ ਪਾਏ ਗਏ ਹਨ ਅਤੇ ਇਨਾਂ ਵਿੱਚੋਂ 2186 (57%) ਪੂਰੀ ਤਰਾਂ ਠੀਕ ਹੋ ਗਏ ਹਨ। ਇਸ ਸਮੇਂ 1597 ਅਧਿਕਾਰੀ/ ਕਰਮਚਾਰੀ ਪਾਜ਼ੇਟਿਵ ਹਨ, ਜਿਨਾਂ ਵਿਚ 38 ਗਜ਼ਟਿਡ ਅਧਿਕਾਰੀ ਅਤੇ 21 ਐਸ.ਐਚ.ਓ. ਸ਼ਾਮਲ ਹਨ। ਪੁਲਿਸ ਮੁਲਾਜ਼ਮਾਂ ਦੇ ਤਕਰੀਬਨ 32 ਪਰਿਵਾਰਕ ਮੈਂਬਰ ਵੀ ਕੋਵਿਡ ਪਾਜ਼ੇਟਿਵ ਹਨ। 50 ਹੋਰ ਪੁਲਿਸ ਮੁਲਾਜ਼ਮ ਜੋ ਪਾਜ਼ੇਟਿਵ ਵਿਅਕਤੀਆਂ ਦੇ ਨੇੜਲੇ ਸੰਪਰਕ ਵਿੱਚ ਸਨ, ਸਵੈ-ਇਕਾਂਤਵਾਸ ਅਧੀਨ ਹਨ। ਇੱਕ ਡੀਐਸਪੀ ਸਣੇ ਕੁੱਲ 20 ਅਧਿਕਾਰੀਆਂ/ ਕਰਮਚਾਰੀਆਂ ਨੇ ਪਿਛਲੇ ਦਿਨੀਂ ਕਰੋਨਾ ਵਾਇਰਸ ਦੀ ਰੋਕਥਾਮ ਦੌਰਾਨ ਫਰੰਟ ਲਾਈਨ ਯੋਧਿਆਂ ਵਜੋਂ ਲੜਦਿਆਂ ਆਪਣੀ ਜਾਨ ਦਿੱਤੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.