ਕੋਰੋਨਾ ਪਾਜ਼ਿਟਿਵ ਵਿਧਾਇਕ ਨੇ ਸਰਕਾਰੀ ਹਸਪਤਾਲ ਛੱਡ ਕੋਵਿਡ ਪ੍ਰਬੰਧਾਂ ਦੀ ਪੋਲ ਖੋਲ੍ਹੀ: ਕੁੰਦਨ ਗੋਗੀਆ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਮੁੰਖ ਮੰਤਰੀ ਦੇ ਜ਼ਿਲ੍ਹੇ ਦੇ ਕੋਰੋਨਾ ਪਾਜ਼ਿਟਿਵ ਕਾਂਗਰਸੀ ਵਿਧਾਇਕ ਵੱਲੋਂ ਰਜਿੰਦਰਾ ਹਸਪਤਾਲ ਦੇ ਕੋਰੋਨਾ ਵਾਰਡ ‘ਚੋਂ ਕੁਝ ਸਮੇਂ ਬਾਅਦ ਹੀ ਨਿੱਜੀ ਹਸਪਤਾਲ ‘ਚ ਦਾਖਲ ਹੋਣ ਤੋਂ ਬਾਅਦ ਸਿਆਸੀ ਗਲਿਆਰਿਆਂ ‘ਚ ਮਾਮਲਾ ਤੂਲ ਫੜ ਗਿਆ ਹੈ। ਸਿਆਸੀ ਆਗੂਆਂ ਦਾ ਕਹਿਣਾ ਹੈ ਕਿ ਵਿਧਾਇਕ ਦਾ ਨਿੱਜੀ ਹਸਪਤਾਲ ਵੱਲ ਮੁੜਨਾ ਸਿੱਧਾ ਸਰਕਾਰੀ ਹਸਪਤਾਲ ਦੇ ਕੋਵਿਡ ਪ੍ਰਬੰਧਾਂ ਦੀ ਪੋਲ ਖੋਲ੍ਹਦਾ ਹੈ। ਇੱਧਰ ਪ੍ਰਸ਼ਾਸਨ ਕੋਰੋਨਾ ਵਾਰਡ ਅੰਦਰ ਪ੍ਰਬੰਧਾਂ ਅਤੇ ਸਾਫ਼ ਸਫਾਈ ਨੂੰ ਲੈ ਕੇ ਰੋਜਾਨਾ ਹੀ ਕੁਝ ਮਰੀਜ਼ਾਂ ਦੇ ਪ੍ਰਬੰਧਾਂ ਪ੍ਰਤੀ ਵਿਚਾਰ ਲੋਕਾਂ ਤੱਕ ਪਹੁੰਚਾਉਣ ਦੇ ਯਤਨ ‘ਚ ਦਿਨ ਰਾਤ ਪਸੀਨਾ ਵਹਾ ਰਿਹਾ ਹੈ।
ਦੱਸਣਯੋਗ ਹੈ ਕਿ ਪਿਛਲੇ ਦਿਨੀਂ ਹਲਕਾ ਸ਼ੁਤਰਾਣਾ ਤੋਂ ਵਿਧਾਇਕ ਨਿਰਮਲ ਸਿੰਘ ਕੋਰੋਨਾ ਪਾਜ਼ਿਟਿਵ ਆਉਣ ਤੋਂ ਬਾਅਦ ਰਜਿੰਦਰਾ ਹਸਪਤਾਲ ਵਿੱਚ ਦਾਖਲ ਹੋਏ ਸਨ, ਪਰ ਕੁਝ ਸਮੇਂ ਬਾਅਦ ਹੀ ਉਹ ਨਿੱਜੀ ਹਸਪਤਾਲ ਵਿੱਚ ਦਾਖਲ ਹੋ ਗਏ। ਉਨ੍ਹਾਂ ਦੇ ਨੇੜਲਿਆਂ ਵੱਲੋਂ ਕਿਹਾ ਗਿਆ ਕਿ ਹਸਪਤਾਲ ਅੰਦਰ ਸਫ਼ਾਈ ਪ੍ਰਬੰਧਾਂ ਦੀ ਘਾਟ ਸੀ, ਜਿਸ ਕਾਰਨ ਹੀ ਉਨ੍ਹਾਂ ਵੱਲੋਂ ਪ੍ਰਾਈਵੇਟ ਵੱਲ ਰੁੱਖ ਕੀਤਾ ਗਿਆ ਹੈ। ਇੱਧਰ ਵਿਰੋਧੀਆਂ ਵੱਲੋਂ ਇਸ ਮਾਮਲੇ ‘ਤੇ ਪ੍ਰਸ਼ਾਸਨ ਤੇ ਸਰਕਾਰ ਨੂੰ ਘੇਰ ਲਿਆ ਹੈ ਕਿ ਉਹ ਸਥਿਤੀ ਸਪੱਸ਼ਟ ਕਰਨ ਕਿ ਆਖਰ ਵਿਧਾਇਕ ਸਾਹਿਬ ਨੂੰ ਸਰਕਾਰੀ ਹਸਪਤਾਲ ਕਿਉਂ ਰਾਸ ਨਹੀਂ ਆਇਆ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੁੰਦਨ ਗੋਗੀਆ ਦਾ ਕਹਿਣਾ ਹੈ ਕਿ ਖੁਦ ਕਾਂਗਰਸ ਦੇ ਵਿਧਾਇਕ ਨੇ ਸਰਕਾਰੀ ਹਸਪਤਾਲ ਛੱਡ ਨਿੱਜੀ ਹਸਪਤਾਲ ਵਿੱਚ ਦਾਖਲ ਹੋ ਕਿ ਸਰਕਾਰੀ ਕੋਵਿਡ ਪ੍ਰਬੰਧਾਂ ‘ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਸਫਾਈ ਨਾ ਹੋਣ ਕਾਰਨ ਵਿਧਾਇਕ ਨੇ ਆਪਣੇ ਆਪ ਨੂੰ ਖੁਦ ਹੀ ਨਿੱਜੀ ਹਸਪਤਾਲ ਵਿੱਚ ਸਿਫਟ ਕਰ ਲਿਆ। ਜਦਕਿ ਪ੍ਰਸਾਸ਼ਨ ਪਿਛਲੇ ਕਈ ਦਿਨਾਂ ਤੋਂ ਲੋਕਾਂ ਦੀਆਂ ਵੀਡੀਓਜ਼ ਪਾ ਰਿਹਾ ਹੈ ਕਿ ਇੱਥੇ ਇਲਾਜ ਬਹੁਤ ਵਧੀਆ ਹੋ ਰਿਹਾ ਹੈ। ਗੋਗੀਆ ਨੇ ਕਿਹਾ ਕਿ ਸਰਕਾਰ ਸਰਕਾਰੀ ਹਸਪਾਤਲਾਂ ਵਿੱਚ ਚੰਗਾ ਪ੍ਰਬੰਧ ਲਿਆ ਕਿ ਦਿੱਲੀ ਵਾਂਗ ਲੋਕਾਂ ਦਾ ਦਿਲ ਜਿੱਤੇ ਅਤੇ ਕੋਵਿਡ ਮਰੀਜ਼ਾਂ ਦੀ ਚੰਗੀ ਦੇਖ ਭਾਲ ਕਰੇ ਤਾਂ ਕਿ ਲੋਕ ਨਿੱਜੀ ਹਸਪਤਾਲਾਂ ਦੀ ਬਜਾਏ ਖੁਦ ਸਰਕਾਰੀ ਹਸਪਤਾਲਾਂ ਵੱਲ ਰੁਖ ਕਰਨ।
ਕੁੰਦਨ ਗੋਗੀਆ ਨੇ ਕਿਹਾ ਕਿ ਜੇਕਰ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਕੋਵਿਡ ਪ੍ਰਬੰਧ ਚੰਗੇ ਹੁੰਦੇ ਤਾਂ ਕਾਂਗਰਸੀ ਵਿਧਾਇਕ ਰਾਜਿੰਦਰਾ ਹਸਪਤਾਲ ਦੀ ਆਈਸੋਲੇਸ਼ਨ ਵਾਰਡ ਵਿੱਚ ਹੀ ਰਹਿੰਦੇ। ਉਨ੍ਹਾਂ ਨੂੰ ਨਿੱਜੀ ਹਸਪਤਾਲ ਵਿੱਚ ਸਿਫਟ ਹੋਣ ਦੀ ਕੋਈ ਜਰੂਰਤ ਨਹੀਂ ਸੀ। ਉਨ੍ਹਾਂ ਕਿਹਾ ਕਿ ਪਿਛਲੇ ਕਾਫੀ ਸਮੇਂ ਤੋਂ ਸਰਕਾਰੀ ਹਸਪਤਾਲਾਂ ਵਿਚ ਕੋਵਿਡ ਦੇ ਪ੍ਰਬੰਧਾਂ ਸਬੰਧੀ ਵਾਇਰਲ ਹੋ ਰਹੀਆਂ ਵੀਡੀਓ ਲੋਕਾਂ ਸਾਹਮਣੇ ਸੱਚ ਲਿਆ ਰਹੀਆਂ ਸਨ, ਪਰ ਸਰਕਾਰ ਨੇ ਪੁਲਸੀਆ ਡੰਡੇ ਅਤੇ ਮੁਕੱਦਮਿਆਂ ਦਾ ਦਬਾਅ ਬਣਾ ਇਹ ਵੀਡੀਓ ਰੋਕ ਦਿੱਤੀਆਂ।
ਜਦਕਿ ਵਿਧਾਇਕ ਵੱਲੋਂ ਖੁਦ ਸਰਕਾਰੀ ਹਸਪਤਾਲ ਦੀ ਸਫਾਈ ‘ਤੇ ਸਵਾਲ ਖੜ੍ਹੇ ਕਰਕੇ ਨਿੱਜੀ ਹਸਪਤਾਲ ਜਾਣਾ ਸਰਕਾਰ ਲਈ ਵੱਡੀ ਸ਼ਰਮਿੰਦਗੀ ਹੈ। ਉਨ੍ਹਾਂ ਕਿਹਾ ਕਿ ਅਜੇ ਕੁਝ ਹੀ ਦੇਰ ਪਹਿਲਾਂ ਉਕਤ ਵਿਧਾਇਕ ਦੀ ਇਕ ਵੀਡੀਓ ਸਰਕਾਰੀ ਅਫਸਰਾਂ ਨੇ ਵਾਇਰਲ ਕੀਤੀ ਸੀ ਕਿ ਰਾਜਿੰਦਰਾ ਹਸਪਤਾਲ ਵਿੱਚ ਪ੍ਰਬੰਧ ਬਹੁਤ ਵਧੀਆ ਹਨ, ਪਰ ਚੰਦ ਹੀ ਮਿੰਟਾਂ ਬਾਅਦ ਸਫਾਈ ਪ੍ਰਬੰਧਾਂ ਦਾ ਹਵਾਲਾ ਦੇ ਕੇ ਖੁਦ ਵਿਧਾਇਕ ਵੀ ਨਿੱਜੀ ਹਸਪਤਾਲ ‘ਚ ਚਲੇ ਗਏ। ਇਸ ਲਈ ਇਹ ਵੀ ਜਾਂਚ ਹੋਵੇ ਕਿ ਇਹ ਵੀਡੀਓ ਕਿਸ ਦੇ ਦਬਾਅ ਵਿੱਚ ਆ ਕੇ ਬਣਾਈ ਗਈ ਸੀ ਅਤੇ ਪ੍ਰਸ਼ਾਸਨ ਨੂੰ ਇਸ ਮਾਮਲੇ ‘ਤੇ ਆਪਣਾ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ।
ਹਸਪਤਾਲ ਅੰਦਰ ਸਾਰੇ ਪ੍ਰਬੰਧ ਪੂਰੇ: ਸੁਰਭੀ ਮਲਿਕ
ਇਸ ਮਾਮਲੇ ਸਬੰਧੀ ਜਦੋਂ ਰਜਿੰਦਰਾ ਹਸਪਤਾਲ ਦੇ ਕੋਵਿਡ ਕੇਅਰ ਸੈਂਟਰ ਦੀ ਇੰਚਾਰਜ਼ ਆਈਏਐਸ ਮੈਡਮ ਸੁਰਭੀ ਮਲਿਕ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਫ਼ਾਈ ਨਾ ਹੋਣ ਵਾਲੀ ਕੋਈ ਗੱਲ ਨਹੀਂ ਸੀ। ਉਨ੍ਹਾਂ ਕਿਹਾ ਕਿ ਉਹ ਆਪਣੇ ਨਿੱਜੀ ਕਾਰਨਾਂ ਕਰਕੇ ਨਿੱਜੀ ਹਸਪਤਾਲ ਵਿੱਚ ਦਾਖਲ ਹੋਏ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਵਾਰਡ ਅੰਦਰ ਮਰੀਜ਼ਾਂ ਲਈ ਸਭ ਤੋਂ ਚੰਗੇ ਪ੍ਰਬੰਧ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.