ਡਾਕਟਰਾਂ ਵੱਲੋਂ ਡੇਰਾ ਸੱਚਾ ਸੌਦਾ ਦੇ ਯੋਧਿਆਂ ਦੇ ਜਜਬੇ ਨੂੰ ਸਲਾਮ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਗੁਰਗੱਦੀ ਦਿਵਸ ਨੂੰ ਸਮਰਪਿਤ ਅੱਜ ਜ਼ਿਲ੍ਹਾ ਪਟਿਆਲਾ ਦੀ ਸਾਧ-ਸੰਗਤ ਵੱਲੋਂ ਪਟਿਆਲਾ ਦੇ ਰਾਜਿੰਦਰਾ ਬਲੱਡ ਬੈਂਕ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਵੱਲੋਂ 30 ਯੂਨਿਟ ਖ਼ੂਨਦਾਨ ਦਿੱਤਾ ਗਿਆ। ਖ਼ੂਨਦਾਨ ਦੇਣ ਲਈ ਬਲਾਕ ਮੱਲੇਵਾਲ, ਭਾਦਸੋਂ, ਸਮਾਣਾ ਅਤੇ ਬਾਦਸ਼ਾਹਪੁਰ ਤੋਂ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਪੁੱਜੇ ਹੋਏ ਸਨ।
ਇਸ ਮੌਕੇ ਡਾ. ਸੁਖਵਿੰਦਰ ਸਿੰਘ ਨੇ ਇਨ੍ਹਾਂ ਜਾਂਬਾਜ਼ ਯੋਧਿਆਂ ਦੀ ਤਾਰੀਫ਼ ਕਰਦਿਆਂ ਆਖਿਆ ਕਿ ਡੇਰਾ ਸੱਚਾ ਸੌਦਾ ਦੇ ਜ਼ਿਲ੍ਹਾ ਪਟਿਆਲਾ ਦੇ ਉਕਤ ਸੇਵਾਦਾਰ ਪਿਛਲੇ ਤਿੰਨ ਮਹੀਨਿਆਂ ਤੋਂ ਖੂਨਦਾਨ ਦੇਣ ਲਈ ਡਟੇ ਹੋਏ ਹਨ। ਉਨ੍ਹਾਂ ਕਿਹਾ ਕਿ ਬਲੱਡ ਬੈਂਕਾਂ ਵਿੱਚ ਜਦੋਂ ਖੂਨ ਦੀ ਕਮੀ ਪੈ ਜਾਂਦੀ ਹੈ ਤਾਂ ਉਕਤ ਸੇਵਾਦਾਰਾਂ ਵੱਲੋਂ ਉਸੇ ਸਮੇਂ ਹੀ ਖੂਨਦਾਨ ਕੈਂਪ ਲਗਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚ ਅਜਿਹੇ ਸੇਵਾਦਾਰ ਵੀ ਹਨ ਜੋ ਤਿੰਨ ਮਹੀਨਿਆਂ ਦੇ ਵਕਫੇ ਤੋਂ ਬਾਅਦ ਲਗਾਤਾਰ ਖ਼ੂਨਦਾਨ ਕਰ ਰਹੇ ਹਨ। ਇਨ੍ਹਾਂ ਸੇਵਾਦਾਰਾਂ ਦੇ ਜਜ਼ਬੇ ਨੂੰ ਦੇਖ ਕੇ ਹੋਰਨਾਂ ਨੂੰ ਵੀ ਪ੍ਰੇਰਨਾ ਲੈਣੀ ਚਾਹੀਦੀ ਹੈ।
45 ਮੈਂਬਰ ਹਰਮਿੰਦਰ ਨੋਨਾ ਨੇ ਦੱਸਿਆ ਕਿ ਸੇਵਾਦਾਰਾਂ ਵੱਲੋਂ ਹੁਣ ਤੱਕ ਇੱਥੇ ਦਰਜਨਾਂ ਕੈਂਪ ਲਗਾਏ ਜਾ ਚੁੱਕੇ ਹਨ ਅਤੇ ਕੋਰੋਨਾ ਮਹਾਂਮਾਰੀ ਦੇ ਇਸ ਸਮੇਂ ਵਿੱਚ 1400 ਯੂਨਿਟ ਤੋਂ ਵੱਧ ਖੂਨਦਾਨ ਦਿੱਤਾ ਜਾ ਚੁੱਕਾ ਹੈ। ਉਨ੍ਹਾਂ ਆਖਿਆ ਕਿ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਇਸੇ ਤਰ੍ਹਾਂ ਲਗਾਤਾਰ ਆਉਣ ਵਾਲੇ ਦਿਨਾਂ ਵਿੱਚ ਵੀ ਖ਼ੂਨਦਾਨ ਦੀ ਇਹ ਮੁਹਿੰਮ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ ਵੱਲੋਂ ਮਾਨਵਤਾ ਭਲਾਈ ਦੀ ਸਿੱਖਿਆ ਤਹਿਤ ਹੀ ਇਹ ਕਾਰਜ ਕੀਤੇ ਜਾ ਰਹੇ ਹਨ।
ਇਸ ਦੌਰਾਨ ਮੱਲੇਵਾਲ ਬਲਾਕ ਦੇ ਪਵਨ ਕੁਮਾਰ ਨੇ 29 ਵੀਂ ਵਾਰ ਖੂਨਦਾਨ ਦਿੱਤਾ। ਇਸ ਮੌਕੇ ਪਵਨ ਕੁਮਾਰ ਨੇ ਕਿਹਾ ਕਿ ਖ਼ੂਨਦਾਨ ਕਰਕੇ ਅਜਿਹੀ ਖੁਸ਼ੀ ਅਤੇ ਜਜ਼ਬਾ ਮਿਲਦਾ ਹੈ ਜੋ ਕਿ ਕਹਿਣ ਸੁਣਨ ਤੋਂ ਪਰੇ ਹੈ। ਇਸ ਮੌਕੇ ਸੇਵਾਦਾਰਾਂ ਨੇ ਆਖਿਆ ਕਿ ਇਹ ਸਭ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦਿੱਤੀ ਗਈ ਪ੍ਰੇਰਨਾ ਤਹਿਤ ਹੀ ਖੂਨਦਾਨ ਕੀਤਾ ਜਾ ਰਿਹਾ ਹੈ। ਇਸ ਮੌਕੇ 45 ਮੈਂਬਰ ਕੁਲਵੰਤ ਰਾਏ, 45 ਮੈਂਬਰ ਕਰਨਪਾਲ ਪਟਿਆਲਾ, 15 ਮੈਂਬਰ ਮਲਕੀਤ ਸਿੰਘ, ਗੰਗਾ ਰਾਮ, ਸਾਗਰ ਅਰੋੜਾ, ਮਹਿੰਦਰ ਸੈਟੀ ਸਮੇਤ ਵੱਖ-ਵੱਖ ਬਲਾਕਾਂ ਦੇ ਜਿੰਮੇਵਾਰ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.