227 ਸ਼ਰਾਬ ਤਸਕਰਾਂ ਵਿਰੁੱਧ ਸੀ.ਆਰ.ਪੀ.ਸੀ ਦੀ ਧਾਰਾ 110 ਤਹਿਤ ਕਲੰਦਰੇ ਅਦਾਲਤਾਂ ‘ਚ ਪੇਸ਼ ਕੀਤੇ: ਐਸ.ਐਸ.ਪੀ. ਦੁੱਗਲ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਪੁਲਿਸ ਨੇ ਨਾਜਾਇਜ਼ ਸ਼ਰਾਬ ਤਿਆਰ ਕਰਨ ਅਤੇ ਸ਼ਰਾਬ ਦੀ ਤਸਕਰੀ ਕਰਨ ਵਾਲੇ ਸਮੱਗਲਰਾਂ ਨੂੰ ਨੱਥ ਪਾਉਣ ਲਈ ਵਿੱਢੀ ਸਪੈਸ਼ਲ ਮੁਹਿੰਮ ਤਹਿਤ ਹੁਣ ਤੱਕ ਦੀ ਵੱਡੀ ਕਾਰਵਾਈ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਵਿਕਰਮਜੀਤ ਦੁੱਗਲ ਨੇ ਦੱਸਿਆ ਹੈ ਕਿ ਐਸ.ਪੀ. ਜਾਂਚ ਹਰਮੀਤ ਸਿੰਘ ਹੁੰਦਲ ਦੀ ਦੇਖ-ਰੇਖ ਹੇਠ ਪਟਿਆਲਾ ਪੁਲਿਸ ਨੇ ਨਾਜਾਇਜ਼ ਸ਼ਰਾਬ ਤਿਆਰ ਕਰਨ ਅਤੇ ਸ਼ਰਾਬ ਦੀ ਤਸਕਰੀ ਕਰਨ ਵਾਲੇ 227 ਸਮੱਗਲਰਾਂ ਵਿਰੁੱਧ ਸੀ.ਆਰ.ਪੀ.ਸੀ. ਦੀ ਧਾਰਾ 110 ਤਹਿਤ ਕਲੰਦਰੇ ਤਿਆਰ ਕਰਕੇ ਵੱਖ-ਵੱਖ ਅਦਾਲਤਾਂ ਵਿੱਚ ਪੇਸ਼ ਕੀਤੇ ਹਨ।
ਉਨ੍ਹਾਂ ਦੱਸਿਆ ਕਿ ਇਸ ਤਹਿਤ ਸਰਕਲ ਸਿਟੀ-1 ਪਟਿਆਲਾ ਦੇ 12, ਸਰਕਲ ਸਿਟੀ-2 ਪਟਿਆਲਾ ਦੇ 24, ਸਰਕਲ ਦਿਹਾਤੀ ਪਟਿਆਲਾ ਦੇ 46, ਸਰਕਲ ਰਾਜਪੁਰਾ ਦੇ 19, ਸਰਕਲ ਘਨੌਰ ਦੇ 34, ਸਰਕਲ ਨਾਭਾ ਦੇ 39, ਸਰਕਲ ਸਮਾਣਾ ਦੇ 39, ਸਰਕਲ ਪਾਤੜਾਂ ਦੇ 14, ਨਜਾਇਜ ਸ਼ਰਾਬ ਦੇ ਤਸਕਰਾਂ ਨੂੰ ਅਦਾਲਤਾਂ ਵਿੱਚ ਪੇਸ਼ ਕਰਕੇ 101 ਨਜਾਇਜ਼ ਸ਼ਰਾਬ ਦੇ ਤਸਕਰਾਂ ਨੂੰ ਨੇਕ ਚਲਣੀ ‘ਤੇ ਪਾਬੰਦ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਲ੍ਹਾ ਪਟਿਆਲਾ ਅੰਦਰ ਨਜਾਇਜ ਸ਼ਰਾਬ ਦੇ ਧੰਦੇ ਵਿੱਚ ਸ਼ਾਮਲ ਕਿਸੇ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਅਜਿਹੇ ਅਨਸਰਾਂ ਖ਼ਿਲਾਫ਼ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.