ਪ੍ਰਗਤੀਸ਼ੀਲ ਸਮਾਜ ਲਈ ‘ਪਿੰਡਾਂ’ ਦਾ ਵਿਕਾਸ ਜ਼ਰੂਰੀ
ਭਾਰਤ ਦਾ ਦਿਲ ਪਿੰਡਾਂ ਵਿੱਚ ਵੱਸਦਾ ਹੈ ਕਿਉਂਕਿ 70% ਲੋਕ ਪਿੰਡਾਂ ਵਿੱਚ ਰਹਿੰਦੇ ਹਨ। ਇਹ ਵੀ ਸੱਚਾਈ ਹੈ ਕਿ ਹਰੇਕ ਪਿੰਡ ਵਿੱਚ ਇੱਕ ਅਜਿਹਾ ਪਿੰਡ ਰਹਿੰਦਾ ਹੈ, ਜਿਹੜਾ ਬੁਨਿਆਦੀ ਲੋੜਾਂ ਤੇ ਸੁਖ-ਸਹੂਲਤਾਂ ਪੱਖੋਂ ਹੀ ਨਹੀਂ ਸਗੋਂ ਹਰ ਪੱਖੋਂ ਪੱਛੜਿਆ ਹੁੰਦਾ ਹੈ। Àੁੱਦਮ ਅਤੇ ਗਤੀਸ਼ੀਲਤਾ ਦੀ ਘਾਟ ਕਾਰਨ ਵੀ ਇਹ ਸਮਾਜ ਵਿਕਾਸ ਪੱਖੋਂ ਰੀਂਗਦਾ ਹੀ ਰਹਿੰਦਾ ਹੈ। ਅਜਿਹੇ ਪੱਛੜੇ ‘ਪਿੰਡਾਂ’ ਦੇ ਲੋਕਾਂ ਨੂੰ ਉਸਾਰੂ ਸੋਚ ਅਪਣਾਉਣ ਲਈ ਕਹਿਣਾ ਡੱਡੂ ਨੂੰ Àੁੱਡਣ ਲਈ ਕਹਿਣ ਬਰਾਬਰ ਹੀ ਹੁੰਦਾ ਹੈ।
ਅਜਿਹੇ ਖੇਤਰਾਂ ‘ਚ ਅਕਲਮੰਦ ਘੱਟ ਤੇ ਅਕਲਬੰਦ ਜ਼ਿਆਦਾ ਹੁੰਦੇ ਹਨ। ਅਰਥਸ਼ਾਸਤਰ ਅਨੁਸਾਰ ਸਮਾਜ ਨੂੰ ਤਿੰਨ ਭਾਗਾਂ ‘ਚ ਵੰਡਿਆ ਜਾਂਦਾ ਹੈ; ਈਲੀਟ, ਬੁਰਜਵਾ ਤੇ ਪਰੋਲੀਟੇਰੀਅਨ ਵਰਗ। ਇਨ੍ਹਾਂ ਖੇਤਰਾਂ ‘ਚ ਬਹੁਗਿਣਤੀ ਵੱਸੋਂ ਪਰੋਲੀਟੇਰੀਅਨ ਭਾਵ ਮਜ਼ਦੂਰ ਵਰਗ ਨਾਲ ਸਬੰਧਿਤ ਹੁੰਦੀ ਹੈ। ਇਨ੍ਹਾਂ ‘ਪਿੰਡਾਂ’ ਵਿੱਚ ਬੁੱਢਿਆਂ ਦੀ ਗਿਣਤੀ ਜ਼ਿਆਦਾ ਤੇ ਬਜ਼ੁਰਗਾਂ ਦੀ ਗਿਣਤੀ ਘੱਟ ਹੁੰਦੀ ਹੈ।
ਬਜ਼ੁਰਗ ਤੇ ਬੁੱਢੇ ਵਿੱਚ ਬੁਨਿਆਦੀ ਫ਼ਰਕ ਇਹ ਹੁੰਦਾ ਹੈ ਕਿ ਬਜ਼ੁਰਗ ਸਿਆਣੀਆਂ ਗੱਲਾਂ ਕਰਦੇ ਹਨ ਜਦੋਂਕਿ ਬੁੱਢੇ ਸਿਰਫ ਗੱਲਾਂ ਹੀ ਕਰਦੇ ਹਨ। ਅਜਿਹੇ ਖੇਤਰ ਦੇ ਲੋਕਾਂ ਦੇ ‘ਢਿੱਡ ਵਿੱਚ ਦਿਮਾਗ਼’ ਹੁੰਦਾ ਹੈ ਜਿਸ ਕਰਕੇ ਉਹ ਕਦੇ ਅੱਗੇ ਨਹੀਂ ਵਧ ਸਕਦੇ। ਕਿਉਂਕਿ ਚਿੰਤਨ ਕਰਕੇ ਅੱਗੇ ਵਧਣ ਲਈ ਚੇਤਨ ਦਿਮਾਗ਼ ਦੀ ਜ਼ਰੂਰਤ ਹੁੰਦੀ ਹੈ। ਮੌਤ ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ ਹੁੰਦਾ ਹੈ ਚੇਤਨਾ ਦਾ ਮਰਨਾ ਤੇ ਦੂਸਰਾ ਸਰੀਰਕ ਤੌਰ ‘ਤੇ ਮਰਨਾ। ਜਿਸ ਖੇਤਰ ‘ਚ ਪਹਿਲੀ ਸ਼੍ਰੇਣੀ ਦੇ ਲੋਕ ਜ਼ਿਆਦਾ ਰਹਿੰਦੇ ਹੋਣ ਉਹ ਕਦੇ ਵੀ ਤਰੱਕੀ ਨਹੀਂ ਕਰ ਸਕਦਾ।
ਸਮਾਜਿਕ ਵਾਤਾਵਰਨ ਦੀ ਪੜਚੋਲ ਕਰਨ ‘ਤੇ ਪਤਾ ਚੱਲਦਾ ਹੈ ਕਿ ਗ਼ਰੀਬੀ, ਅਗਿਆਨਤਾ ਅਤੇ ਸਮਾਜਿਕ ਬੁਰਾਈਆਂ ਦੇ ਕੁਚੱਕਰਾਂ ਵਿੱਚ ਫਸੇ ਇਹ ਲੋਕ ਸਮਾਜਿਕ ਬੁਰਾਈਆਂ ਦੀਆਂ ਅਲਾਮਤਾਂ ਵਿੱਚ ‘ਚ ਹੀ ਉਲਝੇ ਰਹਿੰਦੇ ਹਨ। ਇਨ੍ਹਾਂ ਏਰੀਆਂ ਵਿੱਚ ਕੁੱਝ ਗੱਲਾਂ ਲਗਭਗ ਇੱਕੋ-ਜਿਹੀਆਂ ਹੀ ਹੁੰਦੀਆਂ ਹਨ ਜਿਵੇਂ ਕਿ ਤੰਗ ਗਲੀਆਂ, ਬੇ-ਤਰਤੀਬੇ ਘਰ, ਛੋਟੇ ਦਰਵਾਜੇ, ਛੋਟੀ ਸੋਚ, ਸਾੜਾ, ਈਰਖਾ ਅਤੇ ਨਫ਼ਰਤ ਦੀ ਮਜ਼ਬੂਤ ਜ਼ਕੜ ‘ਚ ਫਸੇ ਲੋਕ…।
ਗ਼ਲਤ ਨੂੰ ਗ਼ਲਤ ਕਹਿਣ ਵਾਲਿਆਂ ਦੀ ਗਿਣਤੀ ਬਹੁਤ ਥੋੜ੍ਹੀ ਹੋਣਾ ਤੇ ਲੱਤਾਂ ਖਿੱਚਣ ਵਾਲੇ ਜ਼ਿਆਦਾ ਹੋਣਾ। ਨੌਜਵਾਨਾਂ ਵੱਲੋਂ ਕਿਸ਼ਤਾਂ ਦੇ ਮੋਟਰਸਾਈਕਲਾਂ ‘ਤੇ ਗ਼ੈਰ-ਜ਼ਰੂਰੀ ਹੌਰਨ ਤੇ ਗੇੜੇ ਮਾਰਨੇ। ਕੰਨਾਂ ‘ਚ ਮੁਰਕੀਆਂ ਪਾਉਣਾ, ਟੋਪੀ ਦਾ ਫਲੈਪ ਪਿੱਛੇ ਵੱਲ ਕਰਨਾ ਤੇ ਕੰਨਾਂ ਤੋਂ ਉੱਚੇ ਕਰਕੇ ਵਾਲ ਕੱਟਕੇ ਆਪਣੇ ਬਾਗੀ ਤੇ ਜਵਾਨ ਹੋਣ ਦੀ ਮੁਨੀਆਦੀ ਕਰਨਾ। ਰਾਤ ਨੂੰ ਸ਼ੇਰ ਬਣ ਜਾਣਾ ਤੇ ਸਵੇਰੇ ਗਿੱਦੜ ਬਣ ਜਾਣਾ! ਘਰੇਲੂ ਹਿੰਸਾ। ਭਵਿੱਖ ਬਾਰੇ ਯੋਜਨਾਬੰਦੀ ਦਾ ਨਾ ਹੋਣਾ। ਚਿੱਟੀ ਦਾੜ੍ਹੀ ਵਾਲੇ ਬੁੜ੍ਹੇ ਅਜਿਹੇ ਕੰਮ (ਤਾਸ਼ ਖੇਡਣਾ, ਨਿੰਦਿਆ ਚੁਗਲੀ ਕਰਨਾ, ਨਸ਼ੇ ਦਾ ਸੇਵਨ ਕਰਨਾ, ਵਿਹਲੜ ਰਹਿਣ ਦੀ ਪ੍ਰਵਿਰਤੀ ਨੂੰ ਉਤਸ਼ਾਹਿਤ ਕਰਨਾ ਆਦਿ) ਕਰਦੇ ਆਮ ਹੀ ਦੇਖੇ ਜਾ ਸਕਦੇ ਹਨ ਜੋ ਨੌਜਵਾਨ ਪੀੜ੍ਹੀ ਲਈ ਘਾਤਕ ਸਿੱਧ ਹੁੰਦੇ ਹਨ।
ਇੱਥੇ ਵਿਚਾਰਕ ਪ੍ਰਦੂਸਣ ਫਲਾਉਣ ਵਾਲੇ ਜਿਆਦਾ ਤੇ ਸਮਾਜ ਵਿਚ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰਨ ਵਾਲੇ ਲੋਕ ਘੱਟ ਮਿਲਦੇ ਹਨ। ਲੜਾਈ ਸਮੇਂ ਗਾਲੀ-ਗਲੋਚ ਤੋਂ ਇਲਾਵਾ ਤੇਜ਼ਾਬੀ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਰਿਸ਼ਤੇ-ਨਾਤਿਆਂ ਨੂੰ ਹਮੇਸ਼ਾ ਲਈ ਹੀ ਸਾੜ ਦਿੰਦੇ ਹਨ ਤੇ ਫਿਰ ਜਾਨਵਰਾਂ ਆਦਿ ਨੂੰ ਮੰਦਾ-ਚੰਗਾ ਬੋਲ ਕੇ ਅਸਿੱਧੇ ਰੂਪ ‘ਚ ਦੂਜੀ ਧਿਰ ਨੂੰ ਮਾਨਸਿਕ ਪੀੜਾ ਦੇਣ ਲਈ ਯਤਨ ਸ਼ੁਰੂ ਹੋ ਜਾਂਦੇ ਹਨ।
ਅਜਿਹੇ ਖੇਤਰਾਂ ‘ਚ ਅਗਿਆਨਤਾ ਕਾਰਨ ਗੁਣੀ ਤੇ ਗਿਆਨੀ ਬੰਦਿਆਂ ਦੀ ਕਦਰ ਘੱਟ ਹੁੰਦੀ ਹੈ ਜਦੋਂ ਕਿ ਗੁੰਡਾ ਪ੍ਰਵਿਰਤੀ ਵਾਲੇ ਚੌਧਰੀਆਂ ਦੀ ਚੌਧਰ ਜ਼ਿਆਦਾ ਹੁੰਦੀ ਹੈ। ਤੁਹਾਨੂੰ ਹਰ ਗਲੀ ਵਿਚ ਪ੍ਰਧਾਨ ਵੀ ਜ਼ਰੂਰ ਮਿਲ ਜਾਵੇਗਾ!
ਪਿੰਡ ਦਾ ਕਿਹੜਾ ਬੰਦਾ ਚੰਗਾ ਹੈ, ਕਿਹੜਾ ਮਾੜਾ, ਇਹ ਸਰਟੀਫਿਕੇਟ ਦੇਣ ਦਾ ਵਿਭਾਗ ਇਨ੍ਹਾਂ ਕੋਲ ਹੀ ਹੁੰਦਾ ਹੈ! ਇਹ ਘੜੰਮ ਚੌਧਰੀ ਚੀਚੀ ਨੂੰ ਚੀਰਾ ਦੇ ਕੇ ਸ਼ਹੀਦ ਬਣਨ ਨੂੰ ਤਿਆਰ ਰਹਿੰਦੇ ਹਨ। ਪਰ ਇਨ੍ਹਾਂ ਕੋਲ ਵਿਕਾਸ ਲਈ ਕੋਈ ਯੋਜਨਾ ਨਾ ਹੋਣ ਕਾਰਨ ਸਮਾਜ ਅੱਗੇ ਨਹੀਂ ਵਧਦਾ। ਅਜਿਹੇ ਖੇਤਰਾਂ ਦੇ ਵਿਕਾਸ ਵੱਲ ਸਰਕਾਰਾਂ ਵੀ ਧਿਆਨ ਨਹੀਂ ਦਿੰਦਿਆਂ। ਚੋਣਾਂ ਦੌਰਾਨ ਲੀਡਰ ਇਨ੍ਹਾਂ ਲੋਕਾਂ ਨਾਲ ਹੱਥ ਮਿਲਾ ਕੇ, ਇਨ੍ਹਾਂ ਦੇ ਆਗੂਆਂ ਨੂੰ ਚਾਰ ਦਿਨ ਕਾਰਾਂ ‘ਚ ‘ਸਨਮਾਨ’ ਤੇ ‘ਸਾਮਾਨ’ ਦੇ ਕੇ ਇਨ੍ਹਾਂ ਨੂੰ ਆਪਣੇ ਹਿੱਤ ਲਈ ਵਰਤ ਜਾਂਦੇ ਹਨ।
ਕੁਦਰਤ ਨੇ ਮਨੁੱਖ ਨਾਲ ਭੇਦ-ਭਾਵ ਨਹੀਂ ਕੀਤਾ ਹਰੇਕ ਮਨੁੱਖ ਨੂੰ ਦੋ ਅੱਖਾਂ, ਦੋ ਕੰਨ, ਦੋ ਹੱਥ, ਦੋ ਲੱੱਤਾਂ ਤੇ ਇੱਕ ਦਿਮਾਗ਼ ਦਿੱਤਾ ਹੈ। ਇਨ੍ਹਾਂ ਅੰਗਾਂ ਦੀ ਵਰਤੋਂ ਕਰਕੇ ਮਨੁੱਖ ਤਰੱਕੀ ਕਰਦਾ ਹੈ ਤੇ ਸਮਾਜ ਵਿਚ ਆਪਣੀ ਪਛਾਣ ਬਣਾਉਂਦਾ ਹੈ। ਦਿਮਾਗ਼ ਇੱਕ ਮਾਸ ਦਾ ਹੀ ਟੁੱਕੜਾ ਹੈ। ਜੇਕਰ ਦਿਮਾਗ਼ ਦੀ ਬੋਧਿਕ ਕੀਮਤ ਦੀ ਗੱਲ ਕਰੀਏ ਤਾਂ ਕਰੋੜਾਂ-ਅਰਬਾਂ ਰੁਪਇਆਂ ਤੋਂ ਵੀ ਉੱਪਰ ਆਂਕੀ ਜਾ ਸਕਦੀ ਹੈ।
ਵਿੱਦਿਆ ਅਤੇ ਵਿਕਾਸ ਦਾ ਸਿੱਧਾ ਸਬੰਧ ਹੈ ਇਸ ਸੱਚਾਈ ਨੂੰ ਜਾਣਦੇ ਹੋਏ ਪਿੰਡਾਂ ਵਿਚ ਵੱਸਦੇ ‘ਪਿੰਡਾਂ’ ਦੇ ਗ਼ਰੀਬ ਤੋਂ ਗ਼ਰੀਬ ਮਾਂ-ਬਾਪ ਵੀ ਬੱਚੇ ਨੂੰ ਆਪਣੇ ਵਿੱਤ ਅਨੁਸਾਰ ਪੜ੍ਹਾਉਣਾ ਚਾਹੁੰਦੇ ਹਨ ਪਰ ਬੱਚਿਆਂ ਦੀ ਕਲਪਨਾ ਦਾ ਘੇਰਾ ਸੀਮਤ ਹੋਣ ਕਰਕੇ ਉਹ ਆਪਣਾ ਦਿਮਾਗ਼ੀ ਖੇਤਰਫਲ ਵਧਾਉਣ ਵੱਲ ਧਿਆਨ ਹੀ ਨਹੀਂ ਦਿੰਦੇ। ਨਤੀਜੇ ਵਜੋਂ ਉਨ੍ਹਾਂ ਲਈ ਦਸਵੀਂ ਪਾਸ ਕਰਨਾ ਹੀ ਪੀ. ਐਚ. ਡੀ. ਕਰਨ ਬਰਾਬਰ ਹੋ ਨਿੱਬੜਦਾ ਹੈ। ਵਿੱਦਿਅਕ ਪੱਖੋਂ ਪੱਛੜਨ ਦਾ ਮੁੱਖ ਕਾਰਨ ਅਗਿਆਨਤਾ ਅਤੇ ਵਿੱਦਿਅਕ ਮਾਹੌਲ ਦਾ ਨਾ ਹੋਣਾ ਹੈ। ਸਕੂਲਾਂ ‘ਚੋਂ ਭੱਜੇ ਅਜਿਹੇ ਨੌਜਵਾਨ ਆਪਣੇ ਸਮਾਜ ਲਈ ਪ੍ਰੇਸ਼ਾਨੀ ਦਾ ਕਾਰਨ ਹੀ ਬਣਦੇ ਹਨ।
ਪੜ੍ਹਾਈ ਨਾਲ ਮੋਹ ਘੱਟ ਹੋਣ ਕਰਕੇ ਇੱਥੇ ਸਰਕਾਰੀ ਬਾਬੂ ਤਾਂ ਘੱਟ ਹੀ ਹੁੰਦੇ ਹਨ ਪਰ ਅਜਿਹੇ ਬਾਬੇ ਵਾਧੂ ਹੁੰਦੇ ਹਨ ਜੋ ਖੁੰਢੇ ਦਿਮਾਗ਼ਾਂ ਨੂੰ ਹੋਰ ਖੁੰਢਾ ਕਰਕੇ ਆਪਣਾ ਤੋਰੀ-ਫੁਲਕਾ ਚਲਾਉਣ ‘ਚ ਮਾਹਿਰ ਹੁੰਦੇ ਹਨ। ਅਜਿਹੇ ਖੇਤਰਾਂ ‘ਚ ਮੋੜਾਂ ‘ਤੇ ਰੋਡ-ਇੰਸਪੈਕਟਰਾਂ ਦਾ ਝੁੰਡ ਤੁਹਾਡਾ ਸੁਆਗਤ ਕਰਨ ਲਈ ਖੜ੍ਹਾ ਹੀ ਹੁੰਦਾ ਹੈ। ਇਨ੍ਹਾਂ ਦਾ ਮੁੱਖ ਕੰਮ ਰੋਡ ਤੋਂ ਲੰਘਣ ਵਾਲੇ ਬੰਦੇ ਦਾ ਲੇਖਾ-ਜੋਖਾ ਕਰਨਾ ਹੁੰਦਾ ਹੈ। ਆਪਣੇ ਇਲਾਕੇ ਦੇ ਕਿਸੇ ਮੰਦਬੁੱਧੀ ਬੰਦੇ ਦੀਆਂ ਗੱਲਾਂ ਸੁਣ-ਸੁਣ ਹੱਸ ਕੇ ਸਮਾਂ ਪਾਸ ਕਰਨਾ ਇਨ੍ਹਾਂ ਦੇ ਮਨੋਰੰਜਨ ਦਾ ਸਾਧਨ ਹੁੰਦਾ ਹੈ। ਚਾਹੇ ਕਿਸੇ ਦੇਸ਼ ਦਾ ਪੀ. ਐਮ. ਹੋਵੇ, ਕੋਈ ਸੀ. ਐਮ. ਜਾਂ ਭਾਰਤੀ ਕ੍ਰਿਕਟ ਟੀਮ ਦਾ ਕਪਤਾਨ ਹੋਵੇ, ਇਹ ਟੋਲਾ ਸਾਰਿਆਂ ਵਿੱਚ ਕਮੀਆਂ ਕੱਢਣ ਦੇ ‘ਸਮਰੱਥ’ ਹੁੰਦਾ ਹੈ! ਇਨ੍ਹਾਂ ਨੂੰ ਆਪਣੀਆਂ ਕਮੀਆਂ ਦਾ ਅਹਿਸਾਸ ਵੀ ਨਹੀਂ ਹੁੰਦਾ ਇਹ ਆਪਣੇ ਕੰਮਫਰਟ ਜ਼ੋਨ ‘ਚ ਪੂਰੇ ਮਸਤ ਹੁੰਦੇ ਹਨ।
ਅਜਿਹੇ ਪਿੰਡਾਂ ‘ਚ ਪੜ੍ਹੇ-ਲਿਖਿਆਂ ਦੀ ਗਿਣਤੀ ਆਟੇ ਵਿੱਚ ਲੂਣ ਬਰਾਬਰ ਹੀ ਹੁੰਦੀ ਹੈ। ਜੇਕਰ ਕੋਈ ਪੜ੍ਹਿਆ-ਲਿਖਿਆ ਬੰਦਾ ਇਨ੍ਹਾਂ ਨੂੰ ਉਸਾਰੂ ਵਿਚਾਰ ਦੇ ਕੇ ਅੱਗੇ ਵੱਲ ਵਧਣ ਲਈ ਪ੍ਰੇਰਦਾ ਹੈ ਤਾਂ ਇਹ ‘ਝੁੰਡ-ਮਾਨਸਿਕਤਾ’ ਦਾ ਇਸਤੇਮਾਲ ਕਰਕੇ ਪਹਿਲਾਂ ਤਾਂ ਪੜ੍ਹੇ-ਲਿਖੇ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਹੁੰਦੇ ਫਿਰ ਅਗਲੇ ਪੜਾਅ ‘ਤੇ ਆਪਣੇ ਤਜ਼ਰਬੇ ਨਾਲ ਪੜ੍ਹਾਈ-ਲਿਖਾਈ ਨੂੰ ਹੀ ਨਕਾਰਨ ਲੱਗਦੇ ਹਨ। ਅਜਿਹੇ ਮਾਹੌਲ ‘ਚ ਜਿੱਥੇ ਅਨਪੜ੍ਹਾਂ ਦੀ ਚੌਧਰ ਹੋਵੇ ਪੜ੍ਹਿਆ-ਲਿਖਿਆ ਵਿਅਕਤੀ ਪੜ੍ਹਾਈ ਦਾ ਹੀ ਸਰਾਪ ਭੁਗਤਦਾ ਹੈ। ਹਾਲਤਾਂ ਤੋਂ ਤੰਗ ਆ ਕੇ ਉਹ ਕਿਸੇ ਹੋਰ ਇਲਾਕੇ ‘ਚ ਸ਼ਿਫਟ ਹੋ ਜਾਂਦਾ ਹੈ ਤੇ ਮੁੜ ਕੇ ਕਦੇ ਆਪਣੇ ਪਿੰਡ ਆਉਣ ਬਾਰੇ ਨਹੀਂ ਸੋਚਦਾ।
ਅਜਿਹੇ ਖੇਤਰ ਦੇ ਲੋਕਾਂ ਦਾ ਮੁੱਖ ਕਿੱਤਾ ਮਜ਼ਦੂਰੀ ਜਾਂ ਕੋਈ ਛੋਟਾ-ਮੋਟਾ ਕਾਰੋਬਾਰ ਹੁੰਦਾ ਹੈ। ਲੋਕਾਂ ਦੀਆਂ ਆਦਤਾਂ, ਸ਼ੌਂਕ ਤੇ ਜ਼ਿੰਦਗੀ ਜਿਉਣ ਪ੍ਰਤੀ ਨਜ਼ਰੀਆ ਇਨ੍ਹਾਂ ਨੂੰ ਮੌਜੂਦਾ ਹਾਲਾਤਾਂ ਵਿੱਚ ਜਕੜੀ ਰੱਖਣ ਵਿੱਚ ਸਹਾਈ ਹੁੰਦੇ ਹਨ। ਅਜਿਹੇ ਖੇਤਰਾਂ ‘ਚ ਕਈ ਲੋਕ ਆਪਣੇ ਸ਼ੌਂਕ ਜਾਂ ਸਾਈਡ ਬਿਜ਼ਨਸ ਬਰਕਰਾਰ ਰੱਖਣ ਲਈ ਕੁੱਤੇ, ਬਿੱਲੀਆਂ, ਭੇਡਾਂ, ਮੁਰਗੇ ਜਾਂ ਕਬੂਤਰ ਰੱਖ ਲੈਂਦੇ ਹਨ। ਪਰ ਇਹ ਵੀ ਇੱਕ ਸੱਚਾਈ ਹੈ ਕਿ ਇਕੀਵੀਂ ਸਦੀ ‘ਚ ਰਹਿ ਕੇ ਚੌਦਵੀਂ ਸਦੀ ਵਾਲੇ ਸ਼ੌਂਕ ਤਰੱਕੀ ਨਹੀਂ ਦਵਾ ਸਕਦੇ ਪਰ ਆਂਢੀ-ਗੁਆਂਢੀਆਂ ਲਈ ਪ੍ਰੇਸ਼ਾਨੀ ਦਾ ਸ਼ਬੱਬ ਜ਼ਰੂਰ ਬਣਦੇ ਹਨ।
ਬੌਧਿਕ ਪੱਧਰ ਨੀਵਾਂ ਹੋਣ ਕਰਕੇ ਇਨ੍ਹਾਂ ਨੂੰ ਆਪਣੀਆਂ ਬਦਤਮੀਜ਼ੀਆਂ ਦਾ ਅਹਿਸਾਸ ਵੀ ਨਹੀਂ ਹੁੰਦਾ। ਇਹ ਭੁੱਲ ਜਾਂਦੇ ਹਨ ਕਿ ਇੱਕ ਸੱਭਿਅਕ ਮਨੁੱਖ ਦੀਆਂ ਪਰਿਵਾਰਕ ਜ਼ਿੰਮੇਵਾਰੀਆਂ ਦੇ ਨਾਲ-ਨਾਲ ਕੁੱਝ ਸਮਾਜਿਕ ਜਿੰਮੇਵਾਰੀਆਂ ਵੀ ਹੁੰਦੀਆਂ ਹਨ। ਅਗਾਂਹਵਧੂ, ਚੇਤਨ ਅਤੇ ਜਾਗਰੂਕ ਨੌਜਵਾਨਾਂ ਨੂੰ ਅੱਗੇ ਆ ਕੇ ਅਜਿਹੀਆਂ ਸਮਾਜਿਕ ਸਮੱਸਿਆਵਾਂ ਦੇ ਹੱਲ ਲਈ ਯਤਨ ਕਰਨੇ ਚਾਹੀਦੇ ਹਨ।
ਅਸੂਲੋਂ ਪੇ ਅਗਰ ਆਂਚ ਆਏ ਤੋਂ ਟਕਰਾਨਾ ਜ਼ਰੂਰੀ ਹੈ
ਜ਼ਿੰਦਾ ਹੋ ਅਗਰ ਤੁਮ ਜ਼ਿੰਦਾ ਨਜ਼ਰ ਆਨਾ ਜ਼ਰੂਰੀ ਹੈ।
ਵਿਕਾਸਸ਼ੀਲ ਦੇਸ਼ਾਂ ਦੀ ਸ਼੍ਰੇਣੀ ਵਿੱਚ ਸ਼ਾਮਲ ਹੋਣ ਲਈ ਭਾਰਤ ਵਿੱਚ ਅਸੀਮਤ ਸੰਭਾਵਨਾਵਾਂ ਮੌਜੂਦ ਹਨ ਪਰ ਇਹ ਵੀ ਇੱਕ ਸੱਚਾਈ ਹੈ ਕਿ ਕੋਈ ਵੀ ਦੇਸ਼ ਆਪਣੀ ਅਬਾਦੀ ਦੇ ਵੱਡੇ ਹਿੱਸੇ ਨੂੰ ਅਣਦੇਖਿਆ ਕਰਕੇ ਆਪਣੀ ਅਰਥਵਿਵਸਥਾ ਮਜ਼ਬੂਤ ਨਹੀਂ ਕਰ ਸਕਦਾ। ਇਸ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਪਿੰਡਾਂ ਦੇ ਇਨ੍ਹਾਂ ‘ਪਿੰਡਾਂ’ ਦੀ ਅਬਾਦੀ ਦੀਆਂ ਸਮੱਸਿਆਵਾਂ ਦੇ ਕਾਰਨਾਂ ਦੀ ਤਲਾਸ਼ ਕਰਕੇ ਉਨ੍ਹਾਂ ਦਾ ਹੱਲ ਲੱਭਿਆ ਜਾਵੇ। ਇਨ੍ਹਾਂ ਖੇਤਰਾਂ ‘ਚ ਸਮਾਜਿਕ ਅਤੇ ਆਥਿਕ ਪੱਖਾਂ ਦੀ ਘੋਖ ਕਰਕੇ, ਨਵੇਂ ਅਤੇ ਨਰੋਏ ਸਮਾਜ ਦੀ ਸਿਰਜਣਾ ਕਰਨ ਲਈ ਅਜੇ ਬਹੁਤ ਕੁਝ ਅਜਿਹਾ ਕਰਨ ਦੀ ਲੋੜ ਹੈ, ਜੋ ਹੁਣ ਤੱਕ ਨਹੀਂ ਹੋਇਆ।
ਲੋਕਾਂ ਨੂੰ ਆਪਣੀਆਂ ਆਦਤਾਂ ਤੇ ਘਸੀਆਂ-ਪਿਟੀਆਂ ਪੁਰਾਣੀਆਂ ਧਾਰਨਾਵਾਂ ਨੂੰ ਤਿਆਗਣ ਲਈ ਪ੍ਰੇਰਿਤ ਕਰਨਾ ਪਵੇਗਾ। ਉਸਾਰੂ ਸੋਚ ਅਪਣਾ ਕੇ ਨਵੇਂ ਰਾਹਾਂ ਦੀ ਤਲਾਸ਼ ਕਰਨੀ ਚਾਹੀਦੀ ਹੈ। ਲੋਕਾਂ ਨੂੰ ਆਪਣੇ ਇਤਿਹਾਸ ਅਤੇ ਸਮਾਜ ਸ਼ਾਸਤਰ ਨੂੰ ਸਮਝਣਾ ਚਾਹੀਦਾ ਹੈ। ਅਗਾਂਹਵਧੂ ਸਮਾਜ ਤੇ ਵਿਕਸਤ ਦੇਸ਼ ਦੇ ਲੋਕਾਂ ਦੀ ਜੀਵਨਸ਼ੈਲੀ ਨੂੰ ਸਮਝਣਾ ਪਵੇਗਾ, ਜੋ ਦੁਨੀਆਂ ਦੇ ਬਾਕੀ ਖਿੱਤਿਆਂ ਦੇ ਲੋਕਾਂ ਨਾਲੋਂ ਵਧੇਰੇ ਖ਼ੁਸ਼ਹਾਲ ਅਤੇ ਸ਼ਾਂਤ ਹਨ। ਇਸ ਤੋਂ ਇਲਾਵਾ ਸਮਾਜ ਨੂੰ ਸਿਹਤਮੰਦ ਰੱਖਣ ਲਈ ਅਜਿਹੇ ਖੇਤਰਾਂ ਵਾਸਤੇ ਸਾਨੂੰ ਬਹੁਨੁਕਾਤੀ ਪ੍ਰੋਗਰਾਮ ਉਲੀਕਣ ਦੀ ਲੋੜ ਹੈ।
ਸੰਸਥਾਪਕ: ਮਿਸ਼ਨ ‘ਜ਼ਿੰਦਗੀ ਖ਼ੂਬਸੂਰਤ ਹੈ’
ਇੰਗਲਿਸ਼ ਕਾਲਜ, ਮਾਲੇਰਕੋਟਲਾ
ਮੋ. 98140-96108
ਪ੍ਰੋ. ਮਨਜੀਤ ਤਿਆਗੀ ‘ਸਟੇਟ ਐਵਾਰਡੀ’
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.