ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਪਰਾਲੀ ਅਧਾਰਿਤ ਪਲਾਂਟ ਦੀ ਤਜ਼ਵੀਜ ਨੂੰ ਕੀਤਾ ਦਰਕਿਨਾਰ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪਾਵਰਕੌਮ ਵੱਲੋਂ ਬਠਿੰਡਾ ਥਰਮਲ ਪਲਾਂਟ ਦੀ ਮਸ਼ੀਨਰੀ ਨੂੰ ਵੇਚਣ ਲਈ ਈ-ਨਿਲਾਮੀ ਨੂੰ ਅੱਗੇ ਵਧਾ ਦਿੱਤਾ ਗਿਆ ਹੈ। ਉਂਜ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਬਠਿੰਡਾ ਥਰਮਲ ਪਲਾਂਟ ਨੂੰ ਪਰਾਲੀ ਆਧਾਰਿਤ ਪਲਾਂਟ ‘ਚ ਤਬਦੀਲ ਕਰਨ ਲਈ ਵਿੱਤੀ ਸਹਾਇਤਾ ਦੀ ਪੇਸ਼ਕਸ਼ ਕੀਤੀ ਗਈ ਸੀ, ਪਰ ਪਾਵਰਕੌਮ ਨੇ ਇਸ ਨੂੰ ਦਰਨਿਕਾਰ ਕਰਦਿਆ ਇਸ ਪਲਾਂਟ ਦੀ ਮਸ਼ੀਨਰੀ ਵੇਚਣ ਲਈ ਟੈਂਡਰ ਮੁੜ ਲਾ ਦਿੱਤਾ ਹੈ। ਜਾਣਕਾਰੀ ਅਨੁਸਾਰ ਬਠਿੰਡਾ ਥਰਮਲ ਪਲਾਂਟ ਦੀ ਮਸ਼ੀਨਰੀ ਨੂੰ ਵੇਚਣ ਲਈ ਈ ਨਿਲਾਮੀ ਅੱਜ 20 ਅਗਸਤ ਵਾਸਤੇ ਤੈਅ ਕੀਤੀ ਗਈ ਸੀ। ਪਰ ਅੰਤਿਮ ਮਿਤੀ ਵਾਲੇ ਦਿਨ ਪਾਵਰਕੌਮ ਨੇ ਸੋਧ ਲਗਵਾ ਕੇ ਈ ਨਿਲਾਮੀ ਦੀ ਤਾਰੀਖ 9 ਸਤੰਬਰ 2020 ਤੱਕ ਵਧਾ ਦਿੱਤੀ ਹੈ।
ਅਸਲ ਵਿਚ ਪੀਐਮਓ ਦਫ਼ਤਰ ਨੇ ਇਸ ਪਲਾਂਟ ਨੂੰ ਪਰਾਲੀ ਆਧਾਰਿਤ ਪਲਾਂਟ ‘ਚ ਤਬਦੀਲ ਕਰਨ ਵਾਸਤੇ ਵਿੱਤੀ ਸਹਾਇਤਾ ਦੀ ਪੇਸ਼ਕਸ਼ ਜੁਲਾਈ ਅੱਧ ਦੇ ਕਰੀਬ ਕੀਤੀ ਸੀ। ਪਾਵਰਕੌਮ ਨੇ ਇਸ ਤੋਂ ਪਹਿਲਾਂ ਹੀ ਬਠਿੰਡਾ ਪਲਾਂਟ ਦੀ ਮਸ਼ੀਨਰੀ ਵੇਚਣ ਦਾ ਟੈਂਡਰ ਜੁਲਾਈ ਦੇ ਅਖੀਰ ਤੋਂ ਪਹਿਲਾਂ ਲਾ ਦਿੱਤਾ ਸੀ। ਪਹਿਲਾਂ ਲਾਏ ਟੈਂਡਰ ਮੁਤਾਬਕ ਬੋਲੀ ਦਸਤਾਵੇਜ਼ ਅਪਲੋਡ ਕਰਨ ਦੀ ਮਿਤੀ 20 ਜੁਲਾਈ ਤੈਅ ਕੀਤੀ ਗਈ ਸੀ। ਪ੍ਰੀ ਬੋਲੀ ਦਸਤਾਵੇਜ਼ ਦੇਣ ਦੀ ਮਿਤੀ 17 ਅਗਸਤ ਤੈਅ ਕੀਤੀ ਗਈ ਸੀ ਤੇ ਫਲੋਰ ਪ੍ਰਾਈਜ਼ 132 ਕਰੋੜ ਰੁਪਏ ਰੱਖਿਆ ਗਿਆ ਸੀ।
ਜੋ ਸੋਧ ਹੁਣ ਜਾਰੀ ਕੀਤੀ ਗਈ ਹੈ, ਉਸ ਮੁਤਾਬਕ ਬੋਲੀ ਦਸਤਾਵੇਜ਼ ਪਹਿਲਾਂ ਹੀ 17 ਜੁਲਾਈ ਨੂੰ ਅਪਲੋਡ ਹੋ ਚੁੱਕੇ ਹਨ।
ਪ੍ਰੀ ਬੋਲੀ ਦਸਤਾਵੇਜ਼ ਪੇਸ਼ ਕਰਨ ਦੀ ਮਿਤੀ 7 ਸਤੰਬਰ ਤੈਅ ਕੀਤੀ ਗਈ ਹੈ ਤੇ ਈ ਬੋਲੀ ਲਈ 9 ਸਤੰਬਰ ਦੀ ਤਾਰੀਕ ਨਿਸ਼ਚਿਤ ਕੀਤੀ ਗਈ ਹੈ। ਇਸ ਤੋਂ ਸਪਸ਼ਟ ਹੋ ਗਿਆ ਹੈ ਕਿ ਰਾਜ ਸਰਕਾਰ ਇਸ ਪਲਾਂਟ ਨੂੰ ਪਰਾਲੀ ‘ਤੇ ਆਧਾਰਿਤ ਕਰਕੇ ਚਲਾਉਣ ਦੇ ਮੂਡ ਵਿਚ ਬਿਲਕੁਲ ਨਹੀਂ ਹੈ। ਇਸ ਪਲਾਂਟ ਵਿਚ ਦੋਂ 110 ਮੈਗਾਵਾਟ ਅਤੇ ਦੋ 120 ਮੈਗਾਵਾਟ ਸਮਰਥਾ ਵਾਲੇ ਚਾਰ ਯੂਨਿਟ ਸਨ। ਇਨ੍ਹਾਂ ਯੂਨਿਟਾਂ ਵੱਲੋਂ ਰਾਜ ਲਈ ਵੱਡੀ ਪੈਦਾਵਾਰ ਕੀਤੀ ਗਈ ਸੀ।
ਪਾਵਰਕੌਮ ਦੇ ਹੀ ਬੋਰਡ ਆਫ ਡਾਇਰੈਕਟਰਜ਼ ਨੇ ਪਿਛਲੇ ਸਾਲ ਅਗਸਤ ਵਿਚ ਰਾਜ ਸਰਕਾਰ ਨੂੰ ਇਸ ਪਲਾਂਟ ਨੂੰ ਅਪਗਰੇਡ ਕਰਨ ਦੀ ਸਿਫਾਰਸ਼ ਕੀਤੀ ਸੀ ਪਰ ਰਾਜ ਸਰਕਾਰ ਨੇ ਇਸ ਸਿਫਾਰਸ਼ ਨੂੰ ਦਰਕਿਨਾਰ ਕਰ ਕੇ ਪਲਾਂਟ ਦੀ ਜ਼ਮੀਨ ‘ਤੇ ਮੈਗਾ ਫਾਰਮਾਸਿਊਟਿਕਲ ਇੰਡਸਟਰੀ ਪਾਰਕ ਸਥਾਪਿਤ ਕਰਨ ਦਾ ਫੈਸਲਾ ਕੀਤਾ ਹੈ।
ਪਤਾ ਲੱਗਾ ਹੈ ਕਿ ਇਸ ਪਲਾਂਟ ਨੂੰ ਡਿਸਮੈਂਟਲ ਕਰਨ ਅਤੇ ਇਹ ਸਮਾਨ ਵੇਚਣ ਲਈ 21 ਫਰਮਾਂ ਦੌੜ ਵਿਚ ਹਨ। ਦਸਤਾਵੇਜ਼ਾਂ ਨੂੰ ਮੁਕੰਮਲ ਕਰਨ ਵਾਸਤੇ ਹੀ ਇਹ ਤਾਰੀਕ ਵਧਾਈ ਗਈ ਹੈ। ਇੱਧਰ ਪਾਵਰਕੌਮ ਦੇ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਬਠਿੰਡਾ ਦੀ ਇਸ ਧਰੋਹਰ ਨੂੰ ਖਤਮ ਕਰਨ ਤੇ ਹੀ ਤੁੱਲ ਗਈ ਹੈ ਤਾ ਹੀ ਪਰਾਲੀ ਅਧਾਰਿਤ ਇਸ ਪਲਾਂਟ ਨੂੰ ਚਲਾਉਣ ਲਈ ਕੋਈ ਤਰਜੀਹ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਸਰਕਾਰਾਂ ਸਰਕਾਰੀ ਅਦਾਰਿਆਂ ਨੂੰ ਨਿੱਜੀ ਹੱਥਾਂ ‘ਚ ਦੇ ਕੇ ਆਮ ਲੋਕਾਂ ਦੀ ਲੁੱਟ ਕਰਵਾਉਣ ਤੇ ਲੱਗੇ ਹੋਏ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.