ਦਾਦੀ ਨੂੰ ਦਵਾਈ ਦਵਾਉਣ ਜਾ ਰਹੇ ਪੌਤੇ ਦੀ ਕੰਬਾਇਨ ਹੇਠ ਆਉਣ ਕਾਰਨ ਮੌਤ
ਸਮਾਣਾ, (ਸੁਨੀਲ ਚਾਵਲਾ)। ਦਾਦੀ ਨੂੰ ਮੋਟਰਸਾਇਕਲ ਤੇ ਦਵਾਈ ਦਵਾਉਣ ਜਾ ਰਹੇ 16 ਸਾਲਾ ਪੌਤੇ ਦੀ ਕੰਬਾਇਨ ਦੇ ਹੇਠਾਂ ਆਉਣ ਕਾਰਨ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂਕਿ ਦਾਦੀ ਵਾਲ ਵਾਲ ਬਚ ਗਈ। ਕੰਬਾਇਨ ਚਾਲਕ ਮੌਕੇ ਤੋਂ ਕੰਬਾਇਨ ਛੱਡ ਕੇ ਫਰਾਰ ਹੋ ਗਿਆ। ਪੁਲਿਸ ਨੇ ਕੰਬਾਇਨ ਚਾਲਕ ਖ਼ਿਲਾਫ਼ ਆਈਪੀਸੀ ਦੀ ਧਾਰਾ 304ਏ ,279,337,427 ਤਹਿਤ ਮਾਮਲਾ ਦਰਜ਼ ਕਰਕੇ ਕੰਬਾਇਲ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਸਿਵਲ ਹਸਪਤਾਲ ਵਿਖੇ ਮ੍ਰਿਤਕ ਰਵੀਪ੍ਰੀਤ ਸਿੰਘ 16 ਪੁੱਤਰ ਲੱਖਾ ਸਿੰਘ ਵਾਸੀ ਪਿੰਡ ਜੋਗਿੰਦਰ ਸਿੰਘ ਨਗਰ ਥੇਹ ਦੇ ਪਿਤਾ ਲੱਖਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਰਵੀਪ੍ਰੀਤ ਸਿੰਘ ਆਪਣੀ ਦਾਦੀ ਮਲਕੀਤ ਕੌਰ ਨੂੰ ਅੱਜ ਸਵੇਰੇ ਪਿੰਡ ਤੋਂ ਦਵਾਈ ਦਵਾਉਣ ਲਈ ਬਾਦਸ਼ਾਪੁਰ ਵੱਲ ਜਾ ਰਿਹਾ ਸੀ ਕਿ ਸਾਹਮਣੇ ਤੋਂ ਆ ਰਹੀ ਕੰਬਾਇਨ ਨੇ ਉਸਨੂੰ ਫੇਟ ਮਾਰ ਦਿੱਤੀ ਜਿਸ ਕਾਰਨ ਰਵੀਪ੍ਰੀਤ ਸਿੰਘ ਸੜਕ ਵੱਲ ਜਾ ਡਿੱਗਾ ਤੇ ਕੰਬਾਇਨ ਦਾ ਪਿਛਲਾ ਟਾਇਰ ਉੁਸ ਦੇ ਉੱਪਰ ਚੜ ਗਿਆ ਜਿਸ ਕਾਰਨ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ,ਜਦੋਂਕਿ ਮਾਤਾ ਮਲਕੀਤ ਕੌਰ ਖੇਤਾਂ ਵੱਲ ਜਾ ਡਿੱਗੀ ਤੇ ਵਾਲ ਵਾਲ ਬੱਚ ਗਈ।
ਮਾਮਲੇ ਨੂੰ ਦੇਖ ਰਹੇ ਬਾਦਸ਼ਾਹਪੁਰ ਚੌਂਕੀ ਦੇ ਏਐਸਆਈ ਲਾਲੀ ਰਾਮ ਅਤੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਕੰਬਾਇਨ ਚਾਲਕ ਮੌਕੇ ਤੇ ਕੰਬਾਇਨ ਛੱਡ ਕੇ ਫਰਾਰ ਹੋ ਗਿਆ ਜਿਸ ਖ਼ਿਲਾਫ਼ ਪਰਿਵਾਰ ਦੀ ਸ਼ਿਕਾਇਤ ਤੇ ਕੰਬਾਇਨ ਚਾਲਕ ਖ਼ਿਲਾਫ਼ ਆਈਪੀਸੀ ਦੀ ਧਾਰਾ 304ਏ,279,337,427 ਤਹਿਤ ਮਾਮਲਾ ਦਰਜ਼ ਕਰ ਲਿਆ ਗਿਆ ਹੈ ਤੇ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ