ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਜ਼ਿਲੇ ਵਿੱਚ ਵੱਡੇ ਪੱਧਰ ‘ਤੇ ਪਿੰਡਾਂ ‘ਚ ਤਿਆਰ ਹੁੰਦੀ ਐ ਨਕਲੀ ਸ਼ਰਾਬ
ਪੰਜਾਬ ਦਾ ਕੋਈ ਵੀ ਇਹੋ ਜਿਹਾ ਜਿਲਾ ਨਹੀਂ ਜਿਥੇ ਨਾ ਮਿਲਦੀ ਹੋਵੇ ਨਕਲੀ ਸ਼ਰਾਬ
ਚੰਡੀਗੜ, (ਅਸ਼ਵਨੀ ਚਾਵਲਾ)। ਭਾਵੇ ਸਰਕਾਰੀ ਮਨਜੂਰੀ ਨਾਲ ਵਿਕਣ ਵਾਲੀ ਸ਼ਰਾਬ ਵੀ ਸਿਹਤ ਲਈ ਸਹੀ ਨਹੀਂ ਪਰ ਜਹਿਰੀਲੀ ਸ਼ਰਾਬ ਦਾ ਧੰਦਾ ਤਾਂ ਕਹਿਰ ਢਾਹ ਰਿਹਾ ਹੈ ਮੁਨਾਫ਼ੇ ਅੱਗੇ ਜਿੰਦਗੀ ਹੀ ਇਸ ਕਦਰ ਛੋਟੀ ਪੈਂਦੀ ਨਜ਼ਰ ਆ ਰਹੀ ਹੈ ਕਿ ਜਹਿਰੀਲੀ ਸ਼ਰਾਬ ਤਿਆਰ ਕਰਨ ਵਾਲੇ ਤੋਂ ਲੈ ਕੇ ਸਥਾਨਕ ਪੁਲਿਸ ਅਤੇ ਐਕਸਾਇਜ ਵਿਭਾਗ ਦੇ ਅਧਿਕਾਰੀ ਵੀ ਨੋਟਾਂ ਦੀ ਚਮਕ ਅੱਗੇ ਝੁਕਦੇ ਨਜ਼ਰ ਆ ਰਹੇ ਹਨ। ਤਰਨਤਾਰਨ ਜਾਂ ਫਿਰ ਅੰਮ੍ਰਿਤਸਰ ਅਤੇ ਬਟਾਲਾ ਹੀ ਨਹੀਂ ਸਗੋਂ ਪੰਜਾਬ ਭਰ ਵਿੱਚ ਇਸ ਨਕਲੀ ਸ਼ਰਾਬ ਦਾ ਨੈਟਵਰਕ ਫੈਲਿਆ ਹੋਇਆ ਹੈ ਅਤੇ ਖ਼ੁਦ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਜ਼ਿਲ੍ਹੇ ਪਟਿਆਲਾ ਵਿਖੇ ਵੱਡੇ ਪੱਧਰ ‘ਤੇ ਨਕਲੀ ਸ਼ਰਾਬ ਦਾ ਕਾਰੋਬਾਰ ਹੁੰਦਾ ਹੈ ਪਰ ਇਸੇ ਸ਼ਰਾਬ ਵਿੱਚੋਂ ਆਉਣ ਵਾਲੀ ਅਸਲੀ ਨੋਟਾਂ ਦੀ ਕਮਾਈ ਕਿਸੇ ਵੀ ਤਰਾਂ ਦੀ ਪੁਲਿਸ ਕਾਰਵਾਈ ਹੋਣ ਹੀ ਨਹੀਂ ਦਿੰਦੀ ਹੈ।
ਜਿਸ ਕਾਰਨ ਇਨਾਂ ਅੱਗੇ ਇਨਸਾਨੀ ਜਿੰਦਗੀ ਹੀ ਛੋਟੀ ਪੈਂਦੀ ਨਜ਼ਰ ਆ ਰਹੀਂ ਹੈ। ਤਰਨਤਾਰਨ ਅਤੇ ਅੰਮ੍ਰਿਤਸਰ ਸਣੇ ਬਟਾਲਾ ਵਿਖੇ ਮੌਤ ਦੇ ਇਸ ਤਾਂਡਵ ਵਿੱਚ 98 ਲੋਕ ਆਪਣੀ ਜਿੰਦਗੀ ਖ਼ਤਮ ਕਰ ਚੁੱਕੇ ਹਨ ਅਤੇ ਪੰਜਾਬ ਵਿੱਚ ਇਹ ਪਹਿਲੀ ਵਾਰ ਮੌਤ ਦਾ ਤਾਂਡਵ ਨਹੀਂ ਹੈ, ਇਸ ਤੋਂ ਪਹਿਲਾਂ ਵੀ ਪੰਜਾਬ ਵਿੱਚ ਕਈ ਵਾਰ ਨਕਲੀ ਅਤੇ ਜ਼ਹਿਰੀਲੀ ਸ਼ਰਾਬ ਦੇ ਕਾਰਨ ਮੌਤਾਂ ਹੋਈਆ ਹਨ ਪਰ ਸਖ਼ਤ ਕਾਰਵਾਈ ਨਹੀਂ ਹੋਣ ਕਰਕੇ ਅੱਜ ਵੀ ਇਨਾਂ ਸ਼ਰਾਬ ਕਾਰੋਬਾਰੀਆਂ ਦਾ ਨੈਟਵਰਕ ਪਹਿਲਾਂ ਵਾਂਗ ਹੀ ਚਲ ਰਿਹਾ ਹੈ।
ਪੰਜਾਬ ਵਿੱਚ ਸ਼ਾਇਦ ਹੀ ਕੋਈ ਜਿਲਾ ਹੋਏਗਾ, ਜਿਥੇ ਨਕਲੀ ਸ਼ਰਾਬ ਦਾ ਕਾਰੋਬਾਰ ਨਹੀਂ ਹੋ ਰਿਹਾ ਹੋਵੇਗਾ। ਪੰਜਾਬ ਦੇ ਸਤਲੁਜ ਅਤੇ ਘੱਗਰ ਦਰਿਆਂ ਦੇ ਕੰਢੇ ਤਾਂ ਇਸ ਸ਼ਰਾਬ ਦਾ ਕਾਰੋਬਾਰ ਸਾਰਿਆਂ ਤੋਂ ਜਿਆਦਾ ਹੁੰਦਾ ਹੈ, ਜਿਸ ਨੂੰ ਕੁਝ ਲੋਕ ਘਰ ਦੀ ਕੱਢੀਂ ਹੋਈ ਸ਼ਰਾਬ ਵੀ ਕਹਿ ਦਿੰਦੇ ਹਨ ਪਿਛਲੇ ਸਮੇਂ ਦੌਰਾਨ ਇਸ ਘਰ ਦੀ ਕੱਢੀ ਸ਼ਰਾਬ ਨਾਲ ਵੀ ਕਈ ਦਰਜ਼ਨਾ ਮੌਤਾਂ ਹੋ ਚੁੱਕੀਆਂ ਹਨ।
ਪੰਜਾਬ ਵਿੱਚ ਹਮੇਸ਼ਾ ਹੀ ਮੌਤਾਂ ਹੋਣ ਤੋਂ ਬਾਅਦ ਹੀ ਪੰਜਾਬ ਸਰਕਾਰ ਜਾਗਦੀ ਹੈ ਅਤੇ ਤੁਰੰਤ ਕੁਝ ਪੁਲਿਸ ਅਤੇ ਐਕਸਾਈਜ ਵਿਭਾਗ ਦੇ ਅਧਿਕਾਰੀਆਂ ਨੂੰ ਮੁਅੱਤਲ ਕਰਕੇ ਗੋਂਗਲੂਆਂ ਤੋਂ ਮਿੱਟੀ ਝਾੜਨ ਦਾ ਕੰਮ ਕੀਤਾ ਜਾਂਦਾ ਹੈ ਪਰ ਕੁਝ ਸਮਾਂ ਬਾਅਦ ਮੁੜ ਤੋਂ ਉਹ ਹੀ ਸਥਿਤੀ ਹੋ ਜਾਂਦੀ ਹੈ। ਪਟਿਆਲਾ, ਸੰਗਰੂਰ, ਜਲੰਧਰ, ਤਰਨਤਾਰਨ ਅਤੇ ਲੁਧਿਆਣਾ ਜ਼ਿਲ੍ਹਿਆ ਵਿੱਚ ਪਿਛਲੇ 2 ਦਹਾਕਿਆ ਤੋਂ ਕਈ ਅਜਿਹਾ ਮਾਮਲੇ ਸਾਹਮਣੇ ਆਏ ਹਨ, ਜਦੋਂ ਪਿੰਡਾਂ ਵਿੱਚ ਤਿਆਰ ਹੋਣ ਵਾਲੀ ਸ਼ਰਾਬ ਹੋਣ ਦੇ ਨਾਲ ਹੀ ਮੌਤ ਹੋ ਗਈ ਹੈ।
ਇਸ ਸ਼ਰਾਬ ਤਿਆਰ ਕਰਨ ਵਾਲੇ ਕਾਰੋਬਾਰੀ ਮੋਟਾ ਮੁਨਾਫ਼ਾ ਕਮਾਉਂਦੇ ਹੋਏ ਸਸਤੇ ਭਾਅ ‘ਤੇ ਸ਼ਰਾਬ ਨੂੰ ਪਿੰਡਾਂ ਵਿੱਚ ਰੇਹੜੀ-ਰਿਕਸਾ ਲਾ ਕੇ ਹੀ ਵੇਚ ਦਿੰਦੇ ਹਨ ਤਾਂ ਇਸ ਮੋਟੇ ਮੁਨਾਫ਼ੇ ਵਿੱਚੋਂ ਕਾਫ਼ੀ ਜਿਆਦਾ ਹਿੱਸਾ ਪੁਲਿਸ ਅਤੇ ਐਕਸਾਈਜ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਜਾਂਦਾ ਹੈ, ਜਿਸ ਕਾਰਨ ਪਲ ਪਲ ਦੀ ਖ਼ਬਰ ਹੋਣ ਦੇ ਬਾਵਜੂਦ ਵੀ ਨਾ ਤਾ ਪੁਲਿਸ ਕੋਈ ਕਾਰਵਾਈ ਕਰਦੀ ਹੈ ਅਤੇ ਨਾ ਹੀ ਐਕਸਾਇਜ ਵਿਭਾਗ ਦੇ ਅਧਿਕਾਰੀ ਇਸ ਪਾਸੇ ਕਾਰਵਾਈ ਕਰਦੇ ਹੋਏ ਇਸ ਸ਼ਰਾਬ ਦੇ ਨਕਲੀ ਕਾਰੋਬਾਰ ਨੂੰ ਰੋਕਣ ਦੀ ਕੋਸ਼ਸ਼ ਕਰਦੇ ਹਨ।
ਪਟਿਆਲਾ ਦਾ ਮਰੋੜੀ ਪਿੰਡ ਦਹਾਕਿਆਂ ਤੋਂ ਮਸ਼ਹੂਰ
ਨਕਲੀ ਸ਼ਰਾਬ ਬਣਾਉਣ ਦਾ ਮਾਮਲੇ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਜ਼ਿਲੇ ਪਟਿਆਲਾ ਵਿੱਚ ਵੀ ਕਈ ਪਿੰਡ ਸ਼ਾਮਲ ਹਨ, ਜਿਥੇ ਕਿ ਨਾ ਸਿਰਫ਼ ਰੋਜ਼ਾਨਾ ਨਕਲੀ ਸ਼ਰਾਬ ਤਿਆਰ ਹੁੰਦੀ ਹੈ, ਸਗੋਂ ਵੱਡੇ ਪੱਧਰ ‘ਤੇ ਵੇਚੀ ਵੀ ਜਾਂਦੀ ਹੈ। ਜਿਲ੍ਹਾਂ ਪਟਿਆਲਾ ਦਾ ਪਿੰਡ ਮਰੋੜੀ ਪਿਛਲੇ ਕਈ ਦਹਾਕੇ ਤੋਂ ਨਕਲੀ ਸ਼ਰਾਬ ਬਣਾਉਣ ਦਾ ਮਾਮਲੇ ਵਿੱਚ ਕਾਫ਼ੀ ਜਿਆਦਾ ਮਸ਼ਹੂਰ ਹੈ। ਦੱਸਿਆ ਜਾਂਦਾ ਹੈ ਕਿ ਇਸ ਪਿੰਡ ਵਿੱਚ ਪੰਜਾਬ ਪੁਲਿਸ ਵੀ ਕੋਈ ਜਿਆਦਾ ਨਹੀਂ ਜਾਂਦੀ ਹੈ ਅਤੇ ਪਿੰਡ ਵਿੱਚ ਸ਼ਾਇਦ ਹੀ ਕੋਈ ਇਹੋ ਜਿਹਾ ਹੋਏਗਾ, ਜਿਹੜਾ ਕਿ ਨਕਲੀ ਸ਼ਰਾਬ ਦੇ ਕਾਰੋਬਾਰ ਵਿੱਚ ਸਿੱਧੇ ਜਾਂ ਫਿਰ ਅਸਿੱਧੇ ਤੌਰ ‘ਤੇ ਜੁੜਿਆ ਨਹੀਂ ਹੋਏਗਾ। ਪੰਜਾਬ ਪੁਲਿਸ ਨੂੰ ਇਸ ਪਿੰਡ ਬਾਰੇ ਸਾਰੀ ਜਾਣਕਾਰੀ ਹੈ ਪਰ ਕਾਰਵਾਈ ਕਰਨ ਨੂੰ ਕੋਈ ਵੀ ਤਿਆਰ ਨਹੀਂ ਹੁੰਦਾ ਹੈ।
ਰਾਜਪੁਰਾ ਬਣਾ ਰਿਹਾ ਐ ਮੁੱਖ ਸਪਲਾਇਰ
ਪਟਿਆਲਾ ਜ਼ਿਲੇ ਦਾ ਸ਼ਹਿਰ ਰਾਜਪੁਰਾ ਨਕਲੀ ਸ਼ਰਾਬ ਬਣਾਉਣ ਦੇ ਸਮਾਨ ਦਾ ਮੁੱਖ ਸਪਲਾਇਰ ਬਣ ਕੇ ਉੱਭਰ ਰਿਹਾ ਹੈ। ਅੰਮ੍ਰਿਤਸਰ-ਦਿੱਲੀ ਨੈਸ਼ਨਲ ਹਾਈਵੇ ‘ਤੇ ਸਥਿਤ ਰਾਜਪੁਰਾ ਵਿਖੇ ਨਕਲੀ ਸਰਾਬ ਬਣਾਉਣ ਦਾ ਸਮਾਨ ਆਸਾਨੀ ਨਾਲ ਹੀ ਮਿਲ ਜਾਂਦਾ ਹੈ। ਦੱਸਿਆ ਜਾਂਦਾ ਹੈ ਕਿ ਰਾਜਪੁਰਾ ਦੀ ਇੱਕ ਫੈਕਟਰੀ ਵਲੋਂ ਇਸ ਸਮਾਨ ਦੀ ਸਪਲਾਈ ਕੀਤੀ ਜਾਂਦੀ ਹੈ ਤਾਂ ਇਸ ਨੈਸ਼ਨਲ ਹਾਈਵੇ ਤੋਂ ਗੁਜ਼ਰਨ ਵਾਲੇ ਟਰੱਕ ਸਮਾਨ ਨੂੰ ਦੇਣ ਅਤੇ ਲੈ ਕੇ ਜਾਣ ਦਾ ਕੰਮ ਕਰਦੇ ਹਨ। ਰਾਜਪੁਰਾ ਤੋਂ ਹੀ ਨਕਲੀ ਸ਼ਰਾਬ ਦੇ ਸਮਾਨ ਦੀ ਸਪਲਾਈ ਹੋਣ ਬਾਰੇ ਕਾਫ਼ੀ ਵਾਰ ਜਾਣਕਾਰੀ ਮਿਲ ਚੁੱਕੀ ਹੈ ਪਰ ਪਟਿਆਲਾ ਪੁਲਿਸ ਰਾਜਪੁਰਾ ਦੇ ਸਪਲਾਇਰ ਨੂੰ ਹੁਣ ਤੱਕ ਰੋਕ ਨਹੀਂ ਪਾਈ ਹੈ, ਜਿਸ ਕਾਰਨ ਹੀ 98 ਇਨਸਾਨੀ ਜ਼ਿੰਦਗੀਆਂ ਦਾ ਨੁਕਸਾਨ ਪੰਜਾਬ ਨੂੰ ਚੁੱਕਣਾ ਪਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ