ਮੌਤ ਦਾ ਤਾਂਡਵ ਜਾਰੀ, ਜ਼ਹਿਰੀਲੀ ਸ਼ਰਾਬ ਨਾਲ ਮੌਤ  ਦਾ ਅੰਕੜਾ ਪੁੱਜਾ 98

ਤਰਨਤਾਰਨ 75, ਅੰਮ੍ਰਿਤਸਰ 12 ਅਤੇ ਬਟਾਲਾ ਵਿਖੇ ਹੋਈ 11 ਮੌਤਾਂ

ਚੰਡੀਗੜ, (ਅਸ਼ਵਨੀ ਚਾਵਲਾ)। ਜ਼ਹਿਰੀਲੀ ਸ਼ਰਾਬ ਨਾਲ ਮੌਤ ਦਾ ਤਾਂਡਵ ਲਗਾਤਾਰ ਜਾਰੀ ਹੈ ਅਤੇ ਇਸ ਮੌਤ ਦਾ ਤਾਂਡਵ ਤਰਨਤਾਰਨ ਵਿਖੇ ਸਾਰੀਆਂ ਤੋਂ ਜਿਆਦਾ ਹੋ ਰਿਹਾ ਹੈ, ਜਿਥੇ ਕਿ ਪਿਛਲੇ 72 ਘੰਟੇ ਦੌਰਾਨ 75 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਸ ਸਮੇਂ ਤਿੰਨ ਜ਼ਿਲੇ ਵਿੱਚ ਮੌਤ ਦਾ ਅੰਕੜਾ 98 ਤੱਕ ਪੁੱਜ ਗਿਆ ਹੈ। ਦੋ ਦਿਨ ਪਹਿਲਾਂ ਤੱਕ ਜ਼ਹਿਰੀਲੀ ਸਰਾਬ ਨਾਲ 38 ਮੌਤਾਂ ਹੋਈਆ ਸਨ ਅਤੇ ਇੰਝ ਨਹੀਂ ਲਗ ਰਿਹਾ ਸੀ ਕਿ ਮੌਤਾਂ ਦੀ ਗਿਣਤੀ 100 ਦੇ ਨੇੜੇ ਪੁੱਜ ਜਾਏਗੀ ਪਰ ਹੁਣ ਇਥੇ ਤੱਕ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਕੁਝ ਘੰਟਿਆਂ ਵਿੱਚ ਮੌਤਾਂ ਦੀ ਗਿਣਤੀ ਇਸ ਤੋਂ ਵੀ ਜਿਆਦਾ ਹੋ ਸਕਦੀ ਹੈ, ਕਿਉਂਕਿ ਕੁਝ ਵਿਅਕਤੀ ਗੰਭੀਰ ਰੂਪ ਵਿੱਚ ਹਸਪਤਾਲ ਵਿੱਚ ਇਲਾਜ ਕਰਵਾ ਰਹੇ ਹਨ ਤਾਂ ਕੁਝ ਨੇ ਬਿਨਾਂ ਪੁਲਿਸ ਨੂੰ ਜਾਣਕਾਰੀ ਦਿੱਤੇ ਆਪਣੇ ਪਰਿਵਾਰਕ ਮੈਂਬਰ ਦਾ ਦਾਹ ਸੰਸਕਾਰ ਤੱਕ ਕਰ ਦਿੱਤਾ ਸੀ।

ਹੁਣ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਜਾਂਚ ਕਰਨ ਅਤੇ ਮੁਆਵਜ਼ਾ ਦੇਣ ਦੀ ਗੱਲ ਕਹਿਣ ਤੋਂ ਬਾਅਦ ਹੀ ਲੋਕ ਅੱਗੇ ਆਉਂਦੇ ਹੋਏ ਮੌਤ ਬਾਰੇ ਜਾਣਕਾਰੀ ਦੇ ਰਹੇ ਹਨ।  ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਤਰਨਤਾਰਨ ਵਿੱਚ 75 ਅਤੇ ਅੰਮ੍ਰਿਤਸਰ ਵਿੱਚ 12 ਅਤੇ ਬਟਾਲਾ ਵਿਖੇ 11 ਮੌਤਾਂ ਹੋਈਆ ਹਨ। ਇਥੇ ਹੀ ਪਿਛਲੇ 72 ਘੰਟਿਆ ਦੌਰਾਨ ਇਸ ਸਾਰੇ ਮਾਮਲੇ ਨੂੰ ਲੈ ਕੇ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਹੰਗਾਮਾ ਤਾਂ ਹੋ ਰਿਹਾ ਹੈ ਪਰ ਪੰਜਾਬ ਪੁਲਿਸ ਦੇ ਹੱਥੇ ਹੁਣ ਤੱਕ ਕੋਈ ਵੱਡੀ ਮੱਛੀ ਹੱਥ ਨਹੀਂ ਲੱਗੀ ।

ਪੰਜਾਬ ਪੁਲਿਸ ਵਲੋਂ ਹੁਣ ਤੱਕ ਸੂਬੇ ਭਰ ਵਿੱਚ ਛਾਪੇਮਾਰੀ ਜਾਰੀ ਹੈ ਅਤੇ 50 ਦੇ ਕਰੀਬ ਗ੍ਰਿਫ਼ਤਾਰੀਆਂ ਕਰਨ ਦੀ ਜਾਣਕਾਰੀ ਮਿਲ ਰਹੀ ਹੈ ਪਰ ਇਸ ਸਬੰਧੀ ਸਪਸ਼ਟ ਰੂਪ ਵਿੱਚ ਨਾ ਹੀ ਜਾਣਕਾਰੀ ਪੰਜਾਬ ਪੁਲਿਸ ਦੇ ਰਹੀ ਹੈ ਅਤੇ ਨਾ ਹੀ ਪੰਜਾਬ ਸਰਕਾਰ ਵੱਲੋਂ ਕੋਈ ਜਾਣਕਾਰੀ ਦਿੱਤੀ ਜਾ ਰਹੀ ਹੈ। ਦੂਜੇ ਪਾਸੇ ਇਹ ਮਾਮਲਾ ਹੁਣ ਰਾਜਨੀਤਕ ਰੰਗਤ ਵਿੱਚ ਆਉਂਦਾ ਨਜ਼ਰ ਆ ਰਿਹਾ ਹੈ। ਵਿਰੋਧੀ ਪਾਰਟੀਆਂ ਵਲੋਂ ਕਾਂਗਰਸ ਸਰਕਾਰ ਦੇ ਵਿਧਾਇਕਾਂ ਅਤੇ ਉਨਾਂ ਨਾਲ ਸਬੰਧਿਤ ਲੋਕਾਂ ‘ਤੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ ਗਏ ਹਨ। ਇੱਥੇ ਤੱਕ ਕਿ ਵਿਰੋਧੀ ਪਾਰਟੀਆਂ ਵਲੋਂ ਇਸ ਮੌਤ ਦੇ ਤਾਂਡਵ ਪਿਛਲੇ ਸਿਆਸੀ ਸਰਪ੍ਰਸਤੀ ਵਾਲੇ ਲੋਕਾਂ ਦਾ ਹੀ ਸਾਰਾ ਹੱਥ ਦੱਸਿਆ ਜਾ ਰਿਹਾ ਹੈ।

ਜਿਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਤਰਨਤਾਰਨ ਦੇ ਐਸ.ਐਸ.ਪੀ. ਨੂੰ ਫੋਨ ਕਰਕੇ ਕੁਝ ਲੋਕਾਂ ਦੀ ਭੂਮਿਕਾ ਬਾਰੇ ਜਾਂਚ ਕਰਨ ਦੀ ਗੱਲ ਵੀ ਆਖੀ ਹੈ। ਇਥੇ ਹੀ ਵਿਰੋਧੀ ਪਾਰਟੀਆਂ ਵੱਲੋਂ ਇਸ ਸਾਰੇ ਮਾਮਲੇ ਵਿੱਚ ਇਨਸਾਫ਼ ਮਿਲਣ ਤੋਂ ਵੀ ਇਨਕਾਰ ਕਰਦੇ ਹੋਏ ਸਰਕਾਰ ਅਤੇ ਪੰਜਾਬ ਪੁਲਿਸ ‘ਤੇ ਭਰੋਸਾ ਨਹੀਂ ਕੀਤਾ ਜਾ ਰਿਹਾ ਹੈ। ਐਤਵਾਰ ਨੂੰ ਇਨਾਂ ਤਿੰਨੇ ਜ਼ਿਲੇ ਦੇ ਦੌਰੇ ‘ਤੇ ਗਏ ਆਪ ਸੂਬਾ ਪ੍ਰਧਾਨ ਭਗਵੰਤ ਮਾਨ ਵਲੋਂ ਸਿੱਧੇ ਤੌਰ ਸਿਆਸੀ ਲੋਕਾਂ ਦਾ ਨਾਅ ਲੈਂਦੇ ਹੋਏ ਉਨਾਂ ਨੂੰ ਕਟਹਿਰੇ ਵਿੱਚ ਨਾ ਸਿਰਫ਼ ਖੜਾ ਕਰ ਦਿੱਤਾ ਹੈ, ਸਗੋਂ ਉਨਾਂ ਦੀ ਗ੍ਰਿਫ਼ਤਾਰੀ ਕਰਨ ਲਈ ਪੰਜਾਬ ਪੁਲਿਸ ਅੱਗੇ ਮੰਗ ਵੀ ਕਰ ਦਿੱਤੀ ਗਈ ਹੈ।

ਸੀਬੀਆਈ ਦੀ ਹੋਵੇ ਜਾਂਚ, ਪੰਜਾਬ ਪੁਲਿਸ ਨਹੀਂ ਕੱਢੇਗੀ ਹਲ਼ : ਕੇਜਰੀਵਾਲ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਜ਼ਹਿਰੀਲੀ ਸ਼ਰਾਬ ਨਾਲ ਹੋਈ ਮੌਤਾਂ ਦੇ ਮਾਮਲੇ ਵਿੱਚ ਦੁੱਖ ਜ਼ਾਹਿਰ ਕਰਦੇ ਹੋਏ ਕਿਹਾ ਕਿ ਸੂਬਾ ਸਰਕਾਰ ਨੂੰ ਸ਼ਰਾਬ ਮਾਫੀਆ ‘ਤੇ ਲਗਾਉਣ ਲਈ ਤੁਰੰਤ ਕਾਰਵਾਈ ਕਰਨ ਜਰੂਰਤ ਹੈ ਅਤੇ ਜ਼ਹਿਰੀਲੀ ਸ਼ਰਾਬ ਨਾਲ ਹੋਈ ਮੌਤਾਂ ਦੇ ਮਾਮਲੇ ਵਿੱਚ ਸੀਬੀਆਈ ਜਾਂਦੀ ਕਰਵਾਈ ਜਾਣੀ ਚਾਹੀਦੀ ਹੈ, ਕਿਉਂਕਿ ਪੰਜਾਬ ਪੁਲਿਸ ਨੇ ਪਿਛਲੇ ਕੁਝ ਮਹੀਨੇ ਵਿੱਚ ਨਾਜਾਇਜ਼ ਸ਼ਰਾਬ ਦੇ ਕੋਈ ਵੀ ਮਾਮਲੇ ਨੂੰ ਹਲ਼ ਨਹੀਂ ਕੀਤਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ