ਮੇਰਾ ਪੁੱਤਰ ਬੇਕਸੂਰ, ਉਸਨੂੰ ਧੋਖੇ ਨਾਲ ਫਸਾਇਆ ਗਿਐ: ਸੁਰਜੀਤ ਸਿੰਘ

ਘਰ ਵਿੱਚ ਗਰੀਬ ਹੋਣ ਕਾਰਨ ਪਤੀ ਗਿਆ ਸੀ ਵਿਦੇਸ਼: ਭੁਪਿੰਦਰ ਕੌਰ

ਅਮਲੋਹ, (ਅਨਿਲ ਲੁਟਾਵਾ)। ਇਨਸਾਨ ਦੋ ਵਕਤ ਦੀ ਰੋਟੀ ਲਈ ਘਰੋਂ ਨਿਕਲਦਾ ਹੈ ਅੱਗੋਂ ਪਤਾ ਨਹੀਂ ਹੁੰਦਾ ਕਿ ਉਸ ਨੇ ਮੁੜ ਘਰ ਪਰਤਣਾ ਹੈ ਜਾਂ ਜ਼ੇਲ੍ਹ ਦੀਆਂ ਸਲਾਖਾਂ ਵਿੱਚ ਅਜਿਹਾ ਹੀ ਜਿਲ੍ਹਾ ਫ਼ਤਹਿਗੜ ਸਾਹਿਬ ਦੀ ਅਮਲੋਹ ਤਹਿਸੀਲ ਦੇ ਪਿੰਡ ਭਗਵਾਨਪੁਰ ਦੇ ਵਸਨੀਕ ਲਖਵੀਰ ਸਿੰਘ ਨਾਲ ਵਾਪਰਿਆ ਲਖਵੀਰ ਸਿੰਘ ਦੇ ਪਿਤਾ ਸੁਰਜੀਤ ਸਿੰਘ ਅਤੇ ਪ੍ਰੀਵਾਰਕ ਮੈਬਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਪਣੇ ਦੁਖੜੇ ਸੁਣਾਉਂਦੇ ਦੱਸਿਆ ਕਿ ਘਰ ਵਿੱਚ ਗਰੀਬੀ ਹੋਣ ਕਾਰਨ ਲਖਵੀਰ ਸਿੰਘ 3 ਮਾਰਚ ਨੂੰ ਦੁਬਈ ਗਿਆ ਸੀ ਤਾਂ ਕਿ ਆਪਣੇ ਬੀਮਾਰ ਬਾਪ ਅਤੇ ਬੱਚਿਆਂ ਦੇ ਗੁਜਾਰੇ ਲਈ ਚਾਰ ਸਿੱਲੜ ਕਮਾ ਸਕੇ

ਲਖਵੀਰ ਸਿੰਘ ਦੇ ਪਿਤਾ ਦੇ ਦੱਸਣ ਅਨੁਸਾਰ ਲਖਵੀਰ ਸਿੰਘ ਨੂੰ ਉਥੇ ਕੋਈ ਕੰਮ ਨਹੀਂ ਮਿਲਿਆ ਤਾਂ ਉਸਨੂੰ ਉਨ੍ਹਾਂ ਦੇ ਇੱਕ ਜਾਣਕਾਰ ਜੋ ਕਿ ਜ਼ਿਲ੍ਹਾ ਸੰਗਰੂਰ ਦੇ ਪਿੰਡ ਮੰਨਵੀ ਦੇ ਜੱਸਾ ਸਿੰਘ ਨੇ ਸਾਂਭਿਆ ਅਤੇ ਉਸਨੂੰ ਕੰਮ ‘ਤੇ ਲਵਾਉਣ ਦਾ ਭਰੋਸਾ ਵੀ ਦਿੱਤਾ ਪਰੰਤੂ ਕੋਈ ਪੱਕਾ ਕੰਮ ਨਾ ਮਿਲ ਸਕਿਆ ਜਿਸ ਕਰਕੇ ਅਸੀਂ ਆਪਣੇ ਪੁੱਤਰ ਨੂੰ ਵਾਪਸ ਭਾਰਤ ਭੇਜਣ ਲਈ ਕਿਹਾ, ਤਾਂ ਏਨੇ ਵਿਚ ਲਾਕਡਾਊਨ ਲੱਗ ਗਿਆ ਤੇ ਲਖਵੀਰ ਸਿੰਘ ਦੁਬਈ ਵਿੱਚ ਹੀ ਫਸ ਗਿਆ

ਜਿਸਨੂੰ ਵਾਪਿਸ ਲਿਆਉਣ ਲਈ ਅਮਲੋਹ ਦੇ ਹਲਕਾ ਵਿਧਾਇਕ ਨਾਲ ਵੀ ਸੰਪਰਕ ਕੀਤਾ ਗਿਆ ਪਰੰਤੂ ਜਹਾਜਾਂ ਦੀ ਆਵਾਜਾਈ ਬੰਦ ਹੋ ਗਈ। ਇਸ ਲਈ ਅਸੀਂ ਜੱਸਾ ਸਿੰਘ ਮੰਨਵੀ ਨੂੰ ਵਾਰ ਵਾਰ ਬੇਨਤੀ ਕਰਦੇ ਰਹੇ ਕਿ ਲਖਵੀਰ ਸਿੰਘ ਨੂੰ ਵਾਪਿਸ ਭਾਰਤ ਭੇਜ ਦੇਵੇ ਲੰਮੇ ਸਮੇਂ ਬਾਅਦ ਆਖਿਰ ਲਖਵੀਰ ਨੂੰ 16 ਜੁਲਾਈ ਨੂੰ ਆਉਣ ਦਾ ਰਾਹ ਲੱਭਾ ਤਾਂ ਉਸਨੂੰ ਦੁਬਈ ਦੇ ਏਅਰਪੋਰਟ ‘ਤੇ ਜੱਸਾ ਸਿੰਘ ਮੰਨਵੀ ਵੱਲੋਂ ਇਕ ਬੈਗ ਦਿੱਤਾ ਗਿਆ ਜਿਸ ਵਿੱਚ ਕੁਝ ਸਾਮਾਨ ਮਿਕਸੀ , ਪ੍ਰੈਸ ਤੇ ਕੁੱਝ ਹੋਰ ਸਾਮਾਨ ਸੀ ਤੇ ਉਸਨੂੰ ਕਿਹਾ ਕਿ ਉਹ ਅੰਮ੍ਰਿਤਸਰ ਪਹੁੰਚ ਕੇ ਉਸਨੂੰ ਫੋਨ ਕਰੇ ਤਾਂ ਉਸ ਦੇ ਬੰਦੇ ਲੈ ਲੈਣਗੇ ।

ਲਖਵੀਰ ਸਿੰਘ ਦੀ ਪਤਨੀ ਭੁਪਿੰਦਰ ਕੌਰ ਅਨੁਸਾਰ ਉਸਨੇ 16 ਜੁਲਾਈ ਨੂੰ ਅੰਮ੍ਰਿਤਸਰ ਪੁੱਜ ਕੇ ਇਕ ਵਾਰੀ ਉਨ੍ਹਾਂ ਨੂੰ ਫੋਨ ਕੀਤਾ ਕਿ ਉਹ ਅੰਮ੍ਰਿਤਸਰ ਪਹੁੰਚ ਗਿਆ ਹੈ । ਫਿਰ ਉਸਦਾ ਕੋਈ ਥਹੁ ਪਤਾ ਨਹੀਂ ਲੱਗਾ। ਫਿਰ ਉਸਦਾ ਫੋਨ ਮੁੜ 18 ਜੁਲਾਈ ਨੂੰ ਜਦੋਂ ਉਹ ਦਿਹਾੜੀ ਕਰਨ ਗਈ ਹੋਈ ਸੀ ਉਦੋਂ ਉਸਦੇ ਸਹੁਰੇ ਕੋਲ ਆਇਆ ਜਿਸ ਵਿੱਚ ਉਸਨੇ ਕਿਹਾ ਕਿ ਕਿ ਉਸਨੂੰ ਜੱਸਾ ਸਿੰਘ ਮੰਨਵੀ ਵੱਲੋਂ ਧੋਖੇ ਨਾਲ ਫਸਾ ਦਿੱਤਾ ਹੈ

ਲਖਵੀਰ ਸਿੰਘ ਦੇ ਪਿਤਾ ਦੇ ਦੱਸਣ ਅਨੁਸਾਰ ਜਦੋਂ ਉਹ ਏਅਰ ਪੋਰਟ ‘ਤੇ ਉਤਰਿਆ ਤਾਂ ਜੱਸੇ ਮੰਨਵੀ ਨੇ ਉਸਨੂੰ ਜੋ ਬੈਗ ਦਿੱਤਾ ਸੀ ਉਸ ਵਿੱਚੋਂ ਸੋਨਾ ਮਿਲਿਆ ਹੈ । ਲਖਵੀਰ ਸਿੰਘ ਦੇ ਪਿਤਾ ਨੇ ਦੱਸਿਆ ਕਿ ਉਸਦਾ ਚੂਲ੍ਹਾ ਟੁੱਟਿਆ ਹੋਇਆ ਹੈ ਉਸਦੀ ਨੂੰਹ ਦਿਹਾੜੀ ਕਰਕੇ ਹੀ ਘਰ ਦਾ ਗੁਜਾਰਾ ਚਲਾਉਦੀ ਹੈ ਉਸ ਦਾ ਇਹੀ ਕਮਾਊ ਪੁੱਤ ਸੀ ਜਿਸਨੂੰ ਝੂਠਾ ਫਸਾਇਆ ਗਿਆ ਹੈ ਉਸਨੇ ਭਾਰਤ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸਦੀ ਜਾਂਚ ਕਰਕੇ ਅਸਲ਼ੀ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇ ਤੇ ਉਸਦੇ ਪੁੱਤ ਨੂੰ ਛੱੱਡਿਆ ਜਾਵੇ।

ਇਸ ਮੌਕੇ ਪਿੰਡ ਭਗਵਾਨਪੁਰਾ ਦੇ ਨੰਬਰਦਾਰ ਮੇਵਾ ਰਾਮ ਨੇ ਦੱਸਿਆ ਕਿ ਲਖਵੀਰ ਸਿੰਘ ਧੋਖੇ ਦਾ ਸ਼ਿਕਾਰ ਹੋਇਆ ਹੈ ਉਸਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਇਸ ਕੇਸ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਅਤੇ ਅਸਲੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ ਤੇ ਲਖਵੀਰ ਸਿੰਘ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ ਨਹੀਂ ਤਾਂ ਉਸਦਾ ਟੱਬਰ ਰੁਲ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ