ਹਰਸਿਮਰਤ ਦੀ ਕੁਰਸੀ ਬਚਾਉਣ ਲਈ ਬਾਦਲ ਪਰਿਵਾਰ ਕਰ ਰਿਹੈ ਪੰਜਾਬੀਆਂ ਨਾਲ ਗੱਦਾਰੀ : ਵਿਧਾਇਕ ਸੰਧਵਾਂ
ਸ੍ਰੀ ਮੁਕਤਸਰ ਸਾਹਿਬ, (ਸੁਰੇਸ਼ ਗਰਗ) ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਗਮੋਹਨ ਸਿੰਘ ਸੁਖਨਾ ਦੀ ਅਗਵਾਈ ਹੇਠ ਹਲਕਾ ਪ੍ਰਧਾਨ ਜਗਦੀਪ ਸਿੰਘ ਕਾਕਾ ਬਰਾੜ ਦੇ ਗ੍ਰਹਿ ਵਿਖੇ ਹੋਈ। ਜਿਸ ਵਿੱਚ ਵਿੰਗ ਦੇ ਸੂਬਾ ਪ੍ਰਧਾਨ ਅਤੇ ਵਿਧਾਇਕ ਕੋਟਕਪੂਰਾ ਕੁਲਤਾਰ ਸਿੰਘ ਸੰਧਵਾਂ ਵਿਸ਼ੇਸ਼ ਤੌਰ ‘ਤੇ ਪਹੁੰਚੇ। ਇਸ ਮੌਕੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਆਖਿਆ ਕਿ ਪਿਛਲੇ ਦਿਨੀਂ ਬਾਦਲ ਪਰਿਵਾਰ ਦੀ ਭਾਈਵਾਲੀ ਭਾਜਪਾ ਦੀ ਮੋਦੀ ਸਰਕਾਰ ਵੱਲੋਂ ਤਿੰਨ ਆਰਡੀਨੈਂਸ ਲਿਆਂਦੇ ਗਏ ਹਨ ਜਿਨ੍ਹਾਂ ਰਾਹੀਂ ਖੇਤੀ ਸਬੰਧੀ ਮਸਲਿਆਂ ਨੂੰ ਸੂਬੇ ਦੇ ਅਧਿਕਾਰ ਖਤਮ ਕਰਕੇ ਸੈਂਟਰ ਦੇ ਅਧੀਨ ਲਿਆਂਦਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਖੁੱਲ੍ਹੀ ਮੰਡੀ ਦੇ ਨਾਂਅ ਹੇਠ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਕਿ ਕਿਸਾਨ ਕਿਤੇ ਵੀ ਆਪਣੀ ਫਸਲ ਵੇਚ ਸਕਦਾ ਹੈ ਪਰ ਇਸ ਆਰਡੀਨੈਂਸ ਰਾਹੀ ਸਰਕਾਰ ਕਣਕ ਝੋਨੇ ਦਾ ਸਮਰੱਥਨ ਮੁੱਲ ‘ਤੇ ਖਰੀਦ ਕਰਨ ਤੋਂ ਭੱਜਣ ਵੱਲ ਵੱਧ ਰਹੀ ਹੈ ਜਿਸ ਤਹਿਤ ਪ੍ਰਾਈਵੇਟ ਫਰਮਾਂ ਪਹਿਲੋਂ ਪਹਿਲ ਕਿਸਾਨਾਂ ਦੀ ਹਮਦਰਦੀ ਹਾਸਲ ਕਰਨ ਲਈ ਸਰਕਾਰੀ ਮੁੱਲ ਤੋਂ ਵੱਧ ਰੇਟ ਦੇਣਗੀਆਂ ਫਿਰ ਜਦ ਮੰਡੀ ਬੋਰਡ ਦਾ ਢਹਿ ਢਾਂਚਾ ਤਹਿਸ ਨਹਿਸ ਹੋ ਗਿਆ ਉਸ ਵੇਲੇ ਇਨਾਂ ਨੇ ਆਪਣਾ ਅਸਲ ਰੰਗ ਵਿਖਾਉਣਾ ਹੈ, ਜਦ ਮੰਡੀ ਸਿਸਟਮ ਪੂਰੀ ਤਰਾਂ ਪ੍ਰਾਈਵੇਟ ਸੈਕਟਰ ਦੇ ਅਧੀਨ ਹੋ ਗਿਆ ਤਾਂ ਕਿਸਾਨ ਆਪਣੀ ਜਿਣਸ ਮੰਡੀ ਦੀ ਥਾਂ ਸਿੱਧੇ ਹੀ ਇਨਾਂ ਕੰਪਨੀਆਂ ਦੇ ਬਣਾਏ ਹੋਏ ਵੱਡੇ ਵੱਡੇ ਸਾਇਲੋ ਸੈਂਟਰਾਂ ‘ਚ ਵੇਚਣ ਲਈ ਮਜਬੂਰ ਹੋਣਗੇ
ਜਿਸ ਨਾਲ ਮੰਡੀ ਸਿਸਟਮ ਤਬਾਹ ਹੋ ਜਾਵੇਗਾ ਅਤੇ ਲੱਖਾਂ ਆੜਤੀਆਂ, ਮੁਨੀਮਾਂ, ਮੰਡੀ ਵਿੱਚ ਲੇਬਰ ਦਾ ਕੰਮ ਕਰਨ ਵਾਲੇ ਮਜ਼ਦੂਰ, ਮੰਡੀ ‘ਚੋਂ ਜਿਣਸ ਦੀ ਢੋਆ ਢੁਆਈ ਕਰਨ ਵਾਲੇ ਹਜ਼ਾਰਾਂ ਟਰਾਂਸਪੋਰਟਰ ਅਤੇ ਛੋਟੇ ਵਪਾਰੀ ਵੀ ਬੇਰੁਜ਼ਗਾਰ ਹੋ ਜਾਣਗੇ। ਵਿਧਾਇਕ ਕੁਲਤਾਰ ਸੰਧਵਾਂ ਨੇ ਆਖਿਆ ਕਿ 20 ਜੁਲਾਈ ਤੱਕ ਪਿੰਡ-ਪਿੰਡ ਕੇਂਦਰ, ਬਾਦਲ ਤੇ ਕਾਂਗਰਸ ਦੇ ਪੁਤਲੇ ਫੂਕ ਪ੍ਰਦਰਸ਼ਨ ਕੀਤੇ ਜਾਣ ਅਤੇ 20 ਜੁਲਾਈ ਨੂੰ ਡੀ.ਸੀ ਦਫਤਰ ਮੂਹਰੇ ਟਰੈਕਟਰਾਂ ‘ਤੇ ਝੰਡੇ ਲਗਾਕੇ ਉਕਤ ਆਰਡੀਨੈਂਸਾਂ ਦਾ ਵਿਰੋਧ ਕੀਤਾ ਜਾਵੇਗਾ।
ਇਸ ਮੌਕੇ ਹਲਕਾ ਪ੍ਰਧਾਨ ਜਗਦੀਪ ਸਿੰਘ ਕਾਕਾ ਬਰਾੜ ਨੇ ਆਖਿਆ ਕਿ ਉਕਤ ਆਰਡੀਨੈਂਸਾਂ ਬਾਰੇ ਬਾਦਲ ਪਰਿਵਾਰ ਮੋਦੀ ਸਰਕਾਰ ਦੇ ਫੈਸਲੇ ਦਾ ਵਿਰੋਧ ਕਰਨ ਦੀ ਬਜਾਏ ਸਿਰਫ ਬੀਬਾ ਬਾਦਲ ਦੀ ਕੁਰਸੀ ਬਚਾਉਣ ਲਈ ਪੰਜਾਬ ਦੇ ਲੋਕਾਂ ਨਾਲ ਗਦਾਰੀ ਕਰ ਰਿਹਾ ਹੈ ਅਤੇ ਉਲਟਾ ਇਹ ਕਹਿ ਕੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ ਕਿ ਐਮਐਸਪੀ ਜਾਰੀ ਰਹੇਗੀ ਪਰ ਇਹ ਨਹੀਂ ਦੱਸ ਰਿਹਾ ਕਿ ਜਦ ਮੰਡੀ ਸਿਸਟਮ ਹੀ ਤਬਾਹ ਹੋ ਗਿਆ ਤਾਂ ਐਮਐਸਪੀ ਜਾਰੀ ਰਹਿਣ ਦੀ ਕੀ ਤੁਕ ਰਹਿ ਜਾਵੇਗੀ?
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ