ਪੰਜਾਬ ਦਾ ਉੱਘਾ ਮੁੱਕੇਬਾਜ਼ ਰਾਮ ਸਿੰਘ

ਪੰਜਾਬ ਦਾ ਉੱਘਾ ਮੁੱਕੇਬਾਜ਼ ਰਾਮ ਸਿੰਘ

ਜ਼ਿਲ੍ਹਾ ਪਟਿਆਲਾ ਨਾਲ ਸਬੰਧਤ ਪਿੰਡ ਅਸਮਾਨਪੁਰ (ਨੈਣਾ-ਅਕੌਤ) ਵਿਖੇ ਸੰਨ 1983 ਦੇ ਅਪਰੈਲ ਮਹੀਨੇ ਦੀ 15 ਤਰੀਕ ਨੂੰ ਪਿਤਾ ਸ੍ਰ. ਰਣਧੀਰ ਸਿੰਘ ਘੁਮਾਣ ਦੇ ਘਰ ਮਾਤਾ ਸ੍ਰੀਮਤੀ ਗੁਰਮੇਲ ਕੌਰ ਦੀ ਕੁੱਖੋਂ ਪੈਦਾ ਹੋਇਆ ਰਾਮ ਸਿੰਘ ਖੇਡਾਂ ਦੀ ਦੁਨੀਆਂ ਵਿੱਚ ਵਿਸ਼ੇਸ਼ ਮੁਹਾਰਤ ਹਾਸਲ ਕਰ ਚੁੱਕਿਆ ਹੈ  ਰਾਮ ਨੇ ਦਸਵੀਂ ਤੱਕ ਦੀ ਪੜ੍ਹਾਈ ਸਰਕਾਰੀ ਹਾਈ ਸਕੂਲ ਨੈਣ ਕਲਾਂ ਤੋਂ ਕਰਕੇ ਬਾਰ੍ਹਵੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੰਨਰਹੇੜੀ ਤੋਂ ਪਾਸ ਕੀਤੀ

ਪੇਂਡੂ ਖਿੱਤੇ ਨਾਲ ਸਬੰਧਤ ਹੋਣ ਕਾਰਨ ਨੌਵੀਂ ਜਮਾਤ ਵਿੱਚ ਹੀ ਰਾਮ ਸਿੰਘ ਪੰਜਾਬੀਆਂ ਦੀ ਹਰਮਨਪਿਆਰੀ ਖੇਡ ਕਬੱਡੀ ਨਾਲ ਜੁੜ ਗਿਆ ਰਾਮ ਬਚਪਨ ਤੋਂ ਹੀ ਚੰਗੀ ਡੀਲ-ਡੌਲ ਅਤੇ ਵਧੀਆ ਕੱਦ-ਕਾਠ ਦਾ ਮਾਲਕ ਸੀ ਇਸ ਲਈ ਸਕੂਲ ਦੇ ਡੀਪੀਈ ਅਮਰਜੀਤ ਸਿੰਘ ਨੇ ਰਾਮ ਨੂੰ ਕਬੱਡੀ ਦੇ ਨਾਲੋ-ਨਾਲ ਐਥਲੈਟਿਕਸ ਦੇ 400 ਮੀ: ਅੜਿੱਕਾ ਦੌੜ ਈਵੈਂਟ ਦਾ ਅਭਿਆਸ ਕਰਨ ਲਈ ਵੀ ਪ੍ਰੇਰਿਤ ਕੀਤਾ

ਗਿਆਰਵੀਂ ਦੀ ਪੜ੍ਹਾਈ ਦੌਰਾਨ ਰਾਮ ਕਬੱਡੀ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦਾ ਚੈਂਪੀਅਨ ਬਣਿਆ ਤੇ ਉਸਨੂੰ ਸਟੇਟ ਪੱਧਰੀ ਮੁਕਾਬਲਿਆਂ ਵਿੱਚ ਵੀ ਭਾਗ ਲੈਣ ਦਾ ਅਵਸਰ ਪ੍ਰਾਪਤ ਹੋਇਆ ਜਦੋਂ ਉਹ ਅੜਿੱਕਾ ਦੌੜ ਦੇ ਸਟੇਟ ਪੱਧਰੀ ਮੁਕਾਬਲਿਆਂ ‘ਚ ਹਿੱਸਾ ਲੈਣ ਲਈ ਫਰੀਦਕੋਟ ਗਿਆ ਤਾਂ ਡੀਪੀਈ ਨਰਿੰਦਰ ਸਿੰਘ ਨੇ ਉੱਥੇ ਪੁੱਜੇ ਹੋਏ ਨਾਮਵਰ ਬਾਕਸਿੰਗ ਕੋਚ ਕੁਲਵਿੰਦਰ ਸਿੰਘ ਨੂੰ ਰਾਮ ਦੀ ਖੇਡਾਂ ਪ੍ਰਤੀ ਲਗਨ ਬਾਰੇ ਜਾਣੂ ਕਰਵਾਇਆ

ਸ੍ਰ. ਕੁਲਵਿੰਦਰ ਸਿੰਘ ਨੇ ਰਾਮ ਦੀ ਸਰੀਰਕ ਬਣਤਰ ਤੇ ਜਜ਼ਬਾ ਵੇਖ ਕੇ ਉਸਨੂੰ ਮੁੱਕੇਬਾਜ਼ੀ ਦੀ ਖੇਡ ਵਿੱਚ ਵੀ ਜੋਰ ਅਜ਼ਮਾਈ ਕਰਨ ਦੀ ਸਲਾਹ ਦਿੱਤੀ ਮੈਦਾਨ ਵਿੱਚ ਹੌਂਸਲੇ ਬੁਲੰਦ ਕਰਕੇ ਖੇਡਣ ਵਾਲਾ ਰਾਮ ਸਿਰਫ ਤਿੰਨ ਦਿਨਾਂ ਦੀ ਪ੍ਰੈਕਟਿਸ ਤੋਂ ਬਾਅਦ ਹੀ ਬਾਕਸਿੰਗ ਦੇ ਜੂਨੀਅਰ ਸਟੇਟ ਪੱਧਰੀ ਮੁਕਾਬਲਿਆਂ ਵਿੱਚ ਸਿਲਵਰ ਮੈਡਲ ਦਾ ਜੇਤੂ ਬਣ ਗਿਆ ਕੁਝ ਕੁ ਦਿਨਾਂ ਦੀ ਮਿਹਨਤ ਨਾਲ ਮਿਲੇ ਇਸ ਸ਼ਾਨਦਾਰ ਨਤੀਜੇ ਨੇ ਰਾਮ ਨੂੰ ਪੱਕੇ ਤੌਰ ‘ਤੇ ਹੀ ਮੁੱਕੇਬਾਜ਼ੀ ਦੀ ਖੇਡ ਨਾਲ ਜੋੜ ਦਿੱਤਾ ਅਗਲੇ ਵਰ੍ਹੇ 2002 ਦੌਰਾਨ ਉਹ ਸਕੂਲ ਨੈਸ਼ਨਲ, ਜੂਨੀਅਰ ਨੈਸ਼ਨਲ ਤੇ ਸੀਨੀਅਰ ਨੈਸ਼ਨਲ ਮੁਕਾਬਲਿਆਂ ਵਿੱਚ ਕ੍ਰਮਵਾਰ ਸੋਨ, ਚਾਂਦੀ ਤੇ ਕਾਂਸੀ ਦੇ ਤਗਮਿਆਂ ਦਾ ਜੇਤੂ ਬਣਿਆ

ਬਾਰ੍ਹਵੀਂ ਦੀ ਪੜ੍ਹਾਈ ਪੂਰੀ ਕਰਨ ਉਪਰੰਤ ਹੀ ਸਵਾ ਛੇ ਫੁੱਟ ਕੱਦ ਵਾਲੇ ਰਾਮ ਸਿੰਘ ਨੂੰ ਪੰਜਾਬ ਪੁਲਿਸ ਵਿਭਾਗ (ਸਪੋਰਟਸ ਕੋਟਾ) ਵਿੱਚ ਬਤੌਰ ਕਾਂਸਟੇਬਲ ਨੌਕਰੀ ਮਿਲ ਗਈ ਤੇ ਬਾਕਸਿੰਗ ਦਾ ਅਭਿਆਸ ਕਰਨ ਲਈ ਉਹ ਇੰਡੀਆ ਕੈਂਪ ਵਿੱਚ ਭਰਤੀ ਹੋ ਗਿਆ ਜ਼ਿਕਰਯੋਗ ਹੈ ਕਿ ਉਲੰਪੀਅਨ ਮੁੱਕੇਬਾਜ਼ ਵਿਜੇਂਦਰ ਸਿੰਘ ਅਤੇ ਰਾਮ ਸਿੰਘ ਇੰਡੀਆ ਕੈਂਪ ਦੌਰਾਨ ਇੱਕੋ ਕਮਰੇ ‘ਚ ਇਕੱਠੇ ਰਹਿੰਦੇ ਰਹੇ ਹਨ ਸਾਲ 2004 ਤੋਂ 2012 ਦੌਰਾਨ ਉਹ ਪੰਜਾਬ ਪੁਲਿਸ ਵਿਭਾਗ ਵੱਲੋਂ ਸਰਬ ਭਾਰਤੀ ਪੁਲਿਸ ਖੇਡਾਂ ਵਿੱਚ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ 6 ਵਾਰ ਗੋਲਡ ਤੇ ਦੋ ਵਾਰੀ ਸਿਲਵਰ ਤੇ ਬਰੌਂਜ ਮੈਡਲ ਦਾ ਜੇਤੂ ਬਣਿਆ

2005 ਦੌਰਾਨ ਕਰਾਚੀ (ਪਾਕਿਸਤਾਨ) ਵਿਖੇ ਹੋਏ ਬਾਕਸਿੰਗ ਮੁਕਾਬਲਿਆਂ ਵਿੱਚ ਰਾਮ ਸਿੰਘ ਭਾਰਤ ਦਾ ਇਕਲੌਤਾ ਮੁੱਕੇਬਾਜ਼ ਸੀ, ਜਿਸਨੇ ਆਪਣੇ ਵਤਨ ਦੀ ਝੋਲੀ ਵਿੱਚ ਬਰੌਂਜ ਮੈਡਲ ਪਾਇਆ 2008 ਵਿੱਚ ਚੰਡੀਗੜ੍ਹ ਵਿਖੇ ਹੋਏ ਇੰਟਰਨੈਸ਼ਨਲ ਟੂਰਨਾਮੈਂਟ ‘ਚ ਉਸਨੇ ਏਸ਼ੀਅਨ ਚੈਂਪੀਅਨ ਮੁੱਕੇਬਾਜ਼ਾਂ ਨੂੰ ਮਾਤ ਦਿੰਦਿਆਂ ਗੋਲਡਨ ਖਿਡਾਰੀ ਬਣਨ ਦਾ ਮਾਣ ਹਾਸਲ ਕੀਤਾ  ਇਸੇ ਵਰ੍ਹੇ ਦੀ 18 ਫਰਵਰੀ ਨੂੰ ਰਾਮ ਸਿੰਘ ਸ਼ਹਿਰ ਸੰਗਰੂਰ ਦੀ ਧੀ ਬੀਬਾ ਮਨਦੀਪ ਕੌਰ ਨਾਲ ਵਿਆਹ ਬੰਧਨ ਵਿੱਚ ਬੱਝ ਗਿਆ

ਸਾਲ 2009 ਦੌਰਾਨ ਰਾਮ ਨੇ ਕਜ਼ਾਕਿਸਤਾਨ ਵਿਖੇ ਇੰਡੀਆ ਟੀਮ ਲਈ ਬਿਹਤਰੀਨ ਕਾਰਗੁਜ਼ਾਰੀ ਦਿਖਾਉਂਦਿਆਂ ਬਰੌਂਜ ਮੈਡਲ ਜਿੱਤਿਆ ਤੇ ਇਸੇ ਵਰ੍ਹੇ ਦੇ ਦਸਵੇਂ ਮਹੀਨੇ ਦੀ ਅੱਠ ਤਰੀਕ ਨੂੰ ਉਸ ਦੇ ਘਰ ਇੱਕ ਨੰਨ੍ਹੀ ਪਰੀ ਨੇ ਜਨਮ ਲਿਆ, ਜਿਸ ਦਾ ਨਾਂਅ ਹਰਵੀਨ ਕੌਰ ਰੱਖਿਆ ਗਿਆ  2010 ਦੌਰਾਨ ਰਾਮ ਨੇ ਅਸਟਰੇਲੀਆ ਵਿਖੇ ਹੋਏ ਬਾਕਸਿੰਗ ਟੂਰਨਾਮੈਂਟ ਵਿੱਚ ਵੀ ਭਾਰਤ ਦੀ ਨੁਮਾਇੰਦਗੀ ਕੀਤੀ ਇਸੇ ਸਾਲ ਨਵੀਂ ਦਿੱਲੀ ਵਿਖੇ ਹੋਈਆਂ

21ਵੀਆਂ ਰਾਸ਼ਟਰਮੰਡਲ ਖੇਡਾਂ ਦੌਰਾਨ ਰਾਮ ਸਿੰਘ ਭਾਰਤ ਵਿੱਚ ਚੱਲ ਰਹੀ ਸਪੋਰਟਸ ਰਾਜਨੀਤੀ ਦਾ ਸ਼ਿਕਾਰ ਹੋ ਗਿਆ ਰਾਮ ਸਿੰਘ ਆਪਣੇ ਇਸ ਦੁਖਾਂਤ ਨੂੰ ਬੜੀ ਬੇਬਾਕੀ ਨਾਲ ਬਿਆਨ ਕਰਦਾ ਹੈ ਕਿ ਕਾਮਨਵੈਲਥ ਗੇਮਜ਼-2010 ਦੌਰਾਨ ਮੇਰੇ ਤੋਂ ਹਾਰੇ ਹੋਏ ਖਿਡਾਰੀਆਂ ਨੂੰ ਭਾਰਤ ਲਈ ਮੁਕਾਬਲੇ ਖੇਡਣ ਦੇ ਮੌਕੇ ਮਿਲੇ ਪਰ ਮੈਨੂੰ ਵਾਧੂ ਖਿਡਾਰੀ ਵਜੋਂ ਹੀ ਟੀਮ ਦੇ ਨਾਲ ਰੱਖਿਆ ਗਿਆ

ਬਾਰਾਂ ਸਾਲ ਇੰਡੀਆ ਕੈਂਪ ਦਾ ਹਿੱਸਾ ਰਹਿਣ ਵਾਲੇ ਤੇ ਅਨਗਿਣਤ ਤਗਮਿਆਂ ਦੇ ਜੇਤੂ ਰਾਮ ਸਿੰਘ ਲਈ ਸਾਲ 2013 ਇੱਕ ਮਨਹੂਸ ਵਰ੍ਹੇ ਵਜੋਂ ਸਾਬਿਤ ਹੋਇਆ, ਜਦੋਂ ਉਹ ਪੰਜਾਬ ਪੁਲਿਸ ਵੱਲੋਂ 6000 ਕਰੋੜ ਦੀ ਡਰੱਗ ਤਸਕਰੀ ਦੇ ਮਾਮਲੇ ਵਿੱਚ ਜਗਦੀਸ਼ ਸਿੰਘ ਭੋਲਾ ਨਾਲ ਨਾਮਜ਼ਦ ਕਰ ਲਿਆ ਗਿਆ ਇਸ ਘਟਨਾ ਕਾਰਨ ਰਾਮ ਨੂੰ ਪੁਲਿਸ ਵਿਭਾਗ ਦੀ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਗਿਆ ਅਤੇ ਉਸ ‘ਤੇ ਨਸ਼ਾ ਤਸਕਰੀ ਦਾ ਮੁਕੱਦਮਾ ਦਰਜ਼ ਕਰਕੇ ਇੱਕ ਮਹੀਨਾ ਸੱਤ ਦਿਨ ਪੁਲਿਸ ਰਿਮਾਂਡ ‘ਤੇ ਰੱਖਿਆ ਗਿਆ

ਲਗਭਗ 25 ਦਿਨ ਨਾਭਾ ਜੇਲ੍ਹ ਵਿੱਚ ਲਾਉਣ ਤੋਂ ਬਾਅਦ ਉਸ ਨੂੰ ਜ਼ਮਾਨਤ ਮਿਲ ਗਈ ਇਸ ਦੁੱਖਦਾਇਕ ਘਟਨਾ ਨੇ ਉਸਨੂੰ ਧੁਰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ ਰਾਮ ਸਿੰਘ ਖੇਡਾਂ ਦੀ ਦੁਨੀਆਂ ਤੋਂ ਵੀ ਦੂਰ ਰਹਿਣ ਲੱਗ ਪਿਆ ਤੇ ਉਹ ਸਰੀਰਕ ਤੇ ਮਾਨਸਿਕ ਪੱਖੋਂ ਬਿਲਕੁਲ ਟੁੱਟ ਚੁੱਕਾ ਸੀ

ਇਸ ਧੁਰੰਦਰ ਖਿਡਾਰੀ ਦੇ ਸਾਹਾਂ ਵਿੱਚ ਸਾਹ ਲੈਣ ਵਾਲੇ ਸਾਰੇ ਦੋਸਤ-ਮਿੱਤਰ ਇੱਕਦਮ ਸਾਥ ਛੱਡ ਗਏ ਪਰ ਦੁੱਖ ਦੀ ਘੜੀ ਵਿੱਚ ਫਤਿਹ ਬੁਜਰਕ ਅਤੇ ਸੰਦੀਪ ਜੈਨ ਨੇ ਕਾਫੀ ਸਾਥ ਦਿੱਤਾ ਸੀਨੀਅਰ ਕਪਤਾਨ ਪੁਲਿਸ ਪ੍ਰਿਤਪਾਲ ਸਿੰਘ ਥਿੰਦ ਅਤੇ ਕਪਤਾਨ ਪੁਲਿਸ ਮਨਜੀਤ ਸਿੰਘ ਬਰਾੜ ਤੋਂ ਮਿਲੇ ਧਰਵਾਸ ਕਾਰਨ 2014 ਵਿੱਚ ਉਸਨੇ ਪਬਲਿਕ ਕਾਲਜ ਸਮਾਣਾ ਦੇ ਪ੍ਰਬੰਧਕਾਂ ਦੇ ਸਹਿਯੋਗ ਨਾਲ ਪਬਲਿਕ ਕਾਲਜ ਵਿਖੇ ਬਾਕਸਿੰਗ ਦਾ ਸਿਖਲਾਈ ਕੇਂਦਰ ਸਥਾਪਤ ਕਰਕੇ ਮੁੱਕੇਬਾਜ਼ਾਂ ਲਈ ਅੱਗੇ ਵਧਣ ਵਾਸਤੇ ਨਵਾਂ ਦੁਆਰ ਖੋਲ੍ਹ ਦਿੱਤਾ

ਭਾਰਤ ਦੇ ਅਲੱਗ-ਅਲੱਗ ਰਾਜਾਂ ਨਾਲ ਸਬੰਧਤ 100 ਦੇ ਕਰੀਬ ਲੜਕੇ ਤੇ ਲੜਕੀਆਂ ਹਰ ਸਾਲ ਪਬਲਿਕ ਕਾਲਜ ਸਮਾਣਾ ਦੇ ਸਿਖਲਾਈ ਕੇਂਦਰ ਵਿਖੇ ਰਾਮ ਸਿੰਘ ਕੋਲੋਂ ਬਾਕਸਿੰਗ ਦੇ ਦਾਅ-ਪੇਚ ਸਿੱਖ ਰਹੇ ਹਨ ਹਰੇਕ ਵਰ੍ਹੇ ਸਰਬ ਭਾਰਤੀ ਅੰਤਰ ਯੂਨੀਵਰਸਿਟੀ ਤੇ ਅੰਤਰ ਕਾਲਜ ਮੁਕਾਬਲਿਆਂ ‘ਚ ਰਾਮ ਦੇ ਅਨੇਕਾਂ ਸ਼ਾਗਿਰਦ ਮੈਡਲਾਂ ਦੇ ਜੇਤੂ ਬਣ ਕੇ ਆਪਣੇ ਕਾਲਜਾਂ ਤੇ ਯੂਨੀਵਰਸਿਟੀਆਂ ਦਾ ਨਾਂਅ ਚਮਕਾਉਂਦੇ ਹਨ ਰਾਮ ਸਿੰਘ ਦੇ ਦੱਸੇ ਰਾਹਾਂ ‘ਤੇ ਚੱਲਦਿਆਂ 30 ਦੇ ਕਰੀਬ ਮੁੱਕੇਬਾਜ਼ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਆਪਣੀ ਧੜੱਲੇਦਾਰ ਖੇਡ ਦਾ ਜਲਵਾ ਵਿਖਾ ਚੁੱਕੇ ਹਨ ਤੇ ਲਗਭਗ 25 ਬਾਕਸਰ ਵਿਦੇਸ਼ਾਂ ਵਿੱਚ ਹੋਣ ਵਾਲੇ ਟੂਰਨਾਮੈਂਟਾਂ ‘ਤੇ ਆਪਣੀ ਜ਼ਬਰਦਸਤ ਖੇਡ ਦਾ ਲੋਹਾ ਮਨਵਾ ਚੁੱਕੇ ਹਨ

ਵਰਣਨਯੋਗ ਹੈ ਕਿ 2021 ਦੀਆਂ ਉਲੰਪਿਕ ਖੇਡਾਂ ਵਿੱਚ ਭਾਗ ਲੈਣ ਵਾਲੀ ਪੰਜਾਬ ਦੀ ਪਹਿਲੀ ਮਹਿਲਾ ਮੁੱਕੇਬਾਜ਼ ਸਿਮਰਨਜੀਤ ਕੌਰ ਚਕਰ (ਲੁਧਿਆਣਾ) ਵੀ ਰਾਮ ਸਿੰਘ ਦੇ ਸਿਖਲਾਈ ਕੇਂਦਰ ਵਿੱਚ ਲਗਭਗ ਤਿੰਨ ਸਾਲ ਬਾਕਸਿੰਗ ਦੀਆਂ ਬਾਰੀਕੀਆਂ ਸਿੱਖਦੀ ਰਹੀ ਹੈ ਸਿਆਣਿਆਂ ਦੇ ਆਖੇ ਮੁਤਾਬਿਕ ਝੂਠੀ ਬੁਨਿਆਦ ਵਾਲੀਆਂ ਕੰਧਾਂ ਜ਼ਿਆਦਾ ਸਮਾਂ ਨਹੀਂ ਕੱਟਦੀਆਂ ਤੇ ਸੱਚ ਦੀ ਜਿੱਤ ਇੱਕ ਦਿਨ ਜ਼ਰੂਰ ਹੁੰਦੀ ਹੈ ਲੰਘੇ ਵਰ੍ਹੇ 2019 ਦੇ ਫਰਵਰੀ ਮਹੀਨੇ ਦੌਰਾਨ ਡਰੱਗ ਤਸਕਰੀ ਦੇ ਮੁਕੱਦਮੇ ‘ਚ ਬੇਕਸੂਰ ਰਾਮ ਸਿੰਘ ਨੂੰ ਮਾਣਯੋਗ ਸੀਬੀਆਈ ਅਦਾਲਤ ਨੇ ਬਰੀ ਕਰ ਦਿੱਤਾ

ਅੱਜ-ਕੱਲ੍ਹ ਰਾਮ ਸਿੰਘ ਸਕੂਲ ਤੇ ਕਾਲਜਾਂ ਨਾਲ ਜੁੜੇ ਖਿਡਾਰੀ/ਖਿਡਾਰਨਾਂ ਨੂੰ ਬਾਕਸਿੰਗ ਦੀ ਟਰੇਨਿੰਗ ਦਿੰਦਾ ਹੋਇਆ ਸਮੁੱਚੇ ਪਰਿਵਾਰ ਸਮੇਤ ਆਪਣੀ ਜਨਮ ਭੂਮੀ ਪਿੰਡ ਅਸਮਾਨਪੁਰ ਵਿਖੇ ਖੁਸ਼ਹਾਲ ਜੀਵਨ ਬਤੀਤ ਕਰ ਰਿਹਾ ਹੈ ਸਾਡੀ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਬਾਕਸਿੰਗ ਦੀ ਦੁਨੀਆਂ ਦਾ ਅਣਮੁੱਲਾ ਹੀਰਾ ਪੰਜਾਬ ਪੁਲਿਸ ਵਿਭਾਗ ਦੇ ਉੱਚ ਅਹੁਦੇ ‘ਤੇ ਜਲਦੀ ਤੈਨਾਤ ਹੋਵੇ ਅਤੇ ਆਪਣੇ ਖੇਡ ਸਫਰ ਨੂੰ ਅੱਗੇ ਤੋਰਦਾ ਹੋਇਆ ਭਾਰਤ ਦੇਸ਼ ਦਾ ਮਾਣ ਵਧਾਵੇ
ਪ੍ਰੋ. ਗੁਰਸੇਵਕ ਸਿੰਘ,
ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ
ਮੋ. 94642-25126

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ