ਪਿਛਲੇ ਸਾਲ ਦਾ ਰਿਕਾਰਡ ਤੋੜਿਆ, ਸਰਕਾਰੀ ਥਰਮਲਾਂ ਦੇ ਅੱਠ ਯੂਨਿਟ ਚਾਲੂ, ਦਿਹਾਤੀ ਖੇਤਰਾਂ ‘ਚ ਬਿਜਲੀ ਦੇ ਲੱਗ ਰਹੇ ਨੇ ਕੱਟ
ਪਟਿਆਲਾ, (ਖੁਸਵੀਰ ਸਿੰਘ ਤੂਰ)।
ਸੂਬੇ ਅੰਦਰ ਪੈ ਰਹੀ ਹੁੰਮਸ ਭਰੀ ਗਰਮੀ ਨੇ ਆਮ ਲੋਕਾਂ ਨੂੰ ਬੇਹਾਲ ਕਰਕੇ ਰੱਖ ਦਿੱਤਾ ਹੈ। ਅੰਬਰੋਂ ਵਰ੍ਹ ਰਹੀ ਇਸ ਗਰਮੀ ਕਾਰਨ ਬਿਜਲੀ ਦੀ ਮੰਗ ਵੀ ਪਾਰੇ ਵਾਗ ਸਿਖਰਾਂ ‘ਤੇ ਪੁੱਜ ਗਈ ਹੈ। ਸੂਬੇ ਅੰਦਰ ਬਿਜਲੀ ਦੀ ਮੰਗ 3018 ਯੂਨਿਟ ‘ਤੇ ਅੱਪੜ ਗਈ ਹੈ। ਪਿਛਲੇ ਸਾਲ ਇਹ ਮੰਗ 2999 ਲੱਖ ਯੂਨਿਟ ਰਿਕਾਰਡ ਕੀਤੀ ਗਈ ਸੀ। ਪਾਵਰਕੌਮ ਅਧਿਕਾਰੀਆਂ ਦਾ ਦਾਅਵਾ ਹੈ ਕਿ ਬਿਜਲੀ ਦੀ ਇਸ ਮੰਗ ਨੂੰ ਸੌਖਿਆਂ ਪੂਰਾ ਕੀਤਾ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਪਿਛਲੇ ਹਫ਼ਤੇ ਤੋਂ ਪੈ ਰਹੀ ਅੰਤਾਂ ਦੀ ਗਰਮੀ ਨੇ ਆਮ ਲੋਕਾਂ ਨੂੰ ਬੇਹਾਲ ਕੀਤਾ ਹੋਇਆ ਹੈ। ਗਰਮੀ ਅਤੇ ਝੋਨੇ ਦੇ ਸੀਜ਼ਨ ਕਾਰਨ ਬਿਜਲੀ ਦੀ ਮੰਗ ਸਿਖਰਾਂ ‘ਤੇ ਪੁੱਜ ਚੁੱਕੀ ਹੈ। ਮੌਜੂਦਾ ਸਮੇਂ ਬਿਜਲੀ ਦੀ ਮੰਗ 13144 ਮੈਗਾਵਾਟ ਭਾਵ 3018 ਲੱਖ ਯੂਨਿਟ ‘ਤੇ ਪੁੱਜ ਗਈ ਹੈ। ਪਾਵਰਕੌਮ ਵੱਲੋਂ ਵਧੀ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਆਪਣੇ 8 ਯੂਨਿਟਾਂ ਨੂੰ ਚਲਾਇਆ ਜਾ ਰਿਹਾ ਹੈ ਜੋ ਕਿ ਹਫ਼ਤਾ ਪਹਿਲਾਂ ਪੰਜ ਯੂਨਿਟ ਹੀ ਚਾਲੂ ਸਨ। ਪਾਵਰਕੌਮ ਵੱਲੋਂ ਰੋਪੜ ਥਰਮਲ ਪਲਾਂਟ ਦੇ ਆਪਣੇ ਚਾਰੇ ਯੂਨਿਟਾਂ ਤੋਂ ਇਲਾਵਾ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਵੀ ਚਾਰ ਯੂਨਿਟ ਚਾਲੂ ਹਨ। ਪਾਵਰਕੌਮ ਵੱਲੋਂ ਸਰਕਾਰੀ ਅਤੇ ਪ੍ਰਾਈਵੇਟ ਥਰਮਲ ਪਲਾਂਟਾਂ ਤੋਂ 1616 ਮੈਗਾਵਾਟ ਬਿਜਲੀ ਹਾਸਲ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਹਾਈਡਲ ਪ੍ਰੋਜੈਕਟਾਂ ਤੋਂ 850 ਮੈਗਾਵਾਟ ਅਤੇ ਆਈ ਪੀ ਪੀਜ਼ 3654 ਮੈਗਾਵਾਟ ਬਿਜਲੀ ਹਾਸਲ ਕੀਤੀ ਜਾ ਰਹੀ ਹੈ। ਪਾਵਰਕੌਮ ਵੱਲੋਂ ਇਸ ਵਾਰ ਪਿਛਲੇ ਸਾਲ ਨਾਲੋਂ ਜ਼ਿਆਦਾ ਬਿਜਲੀ ਵੱਖ-ਵੱਖ ਸ੍ਰੋਤਾਂ ਤੋਂ ਖਰੀਦੀ ਜਾ ਰਹੀ ਹੈ।
demand for electricity in the state reached 3018 lakh units
ਦੱਸਣਯੋਗ ਹੈ ਕਿ ਇੱਕ ਹਫ਼ਤਾ ਪਹਿਲਾਂ ਬਿਜਲੀ ਦੀ ਮੰਗ 12 ਹਜਾਰ ਮੈਗਾਵਾਟ ਨੂੰ ਪਾਰ ਕਰ ਚੁੱਕੀ ਸੀ ਅਤੇ ਇਸ ਹਫ਼ਤੇ ਪੈ ਰਹੀ ਭਾਰੀ ਗਰਮੀ ਕਾਰਨ ਬਿਜਲੀ ਦੀ ਮੰਗ 13144 ਮੈਗਾਵਾਟ ‘ਤੇ ਪੁੱਜ ਗਈ ਹੈ। ਬਿਜਲੀ ਦੀ ਮੰਗ ਸਿਰਫ਼ ਮੀਂਹ ਪੈਣ ਨਾਲ ਹੀ ਘੱਟ ਹੋਣ ਦੀ ਸੰਭਾਵਨਾ ਹੈ ਅਤੇ ਅਗਲੇ ਦਿਨਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਜੇਕਰ ਮੀਂਹ ਨਹੀਂ ਪਿਆ ਤਾਂ ਇਹ ਮੰਗ ਹੋਰ ਰਿਕਾਰਡ ‘ਤੇ ਪੁੱਜੇਗੀ। ਇੱਧਰ ਪਾਵਰਕੌਮ ਵੱਲੋਂ ਭਾਵੇਂ ਕੱਟਾਂ ਤੋਂ ਇਨਕਾਰ ਕੀਤਾ ਗਿਆ ਹੈ, ਪਰ ਦਿਹਾਤੀ ਖੇਤਰਾਂ ਵਿੱਚ ਰਾਤਾਂ ਸਮੇਤ ਦਿਨ ਨੂੰ ਬਿਜਲੀ ਗੁੱਲ ਹੁੰਦੀ ਰਹਿੰਦੀ ਹੈ, ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ।
ਪਾਵਰਕੌਮ ਸੌਖੇ ਤਰੀਕੇ ਨਾਲ ਕਰ ਰਹੀ ਐ ਬਿਜਲੀ ਦੀ ਮੰਗ ਨੂੰ ਪੂਰਾ: ਸੀਐਮਡੀ
ਪਾਵਰਕੌਮ ਦੇ ਸੀਐਮਡੀ ਏ. ਵੈਣੂ ਪ੍ਰਸ਼ਾਦ ਦਾ ਕਹਿਣਾ ਹੈ ਕਿ ਪਾਵਰਕੌਮ ਵੱਲੋਂ ਕਿਸਾਨਾਂ ਨੂੰ ਟਿਊਬਵੈੱਲਾਂ ਲਈ 8 ਘੰਟੇ ਬਿਜਲੀ ਦੇਣ ਨਾਲ ਹੀ ਬਿਜਲੀ ਦੀ 3018 ਲੱਖ ਯੂਨਿਟ ਦੀ ਮੰਗ ਨੂੰ ਪੂਰਾ ਕਰਨਾ ਪਾਵਰਕੌਮ ਦੀ ਵੱਡੀ ਸਫ਼ਲਤਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਕਿੱਧਰੇ ਵੀ ਕਿਸੇ ਵਰਗ ‘ਤੇ ਕੱਟ ਨਹੀਂ ਲਗਾਏ ਜਾ ਰਹੇ। ਉਨ੍ਹਾਂ ਕਿਹਾ ਕਿ ਖਪਤਕਾਰਾਂ ਦੀਆਂ ਸ਼ਿਕਾਇਤਾਂ ਨੂੰ ਵੀ ਪਾਵਰਕੌਮ ਵੱਲੋਂ ਪਹਿਲ ਦੇ ਅਧਾਰ ‘ਤੇ ਹੱਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਤੇ ਤਕਨੀਕੀ ਨੁਕਸ ਕਾਰਨ ਬਿਜਲੀ ‘ਚ ਖੜੋਤ ਆਉਂਦੀ ਹੈ ਤਾਂ ਕੁਝ ਹੀ ਸਮੇਂ ਵਿੱਚ ਬਿਜਲੀ ਸਪਲਾਈ ਚਾਲੂ ਕਰ ਦਿੱਤੀ ਜਾਂਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ