ਘਿਰਾਓ ਤੋਂ ਬਾਅਦ ਮੈਡੀਕਲ ਪ੍ਰਿੰਸੀਪਲ ਨੇ ਕੀਤੀ ਮੀਟਿੰਗ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਰਾਜਿੰਦਰਾ ਹਸਪਤਾਲ ਅਤੇ ਮੈਡੀਕਲ ਕਾਲਜ ਵਿਖੇ ਵੱਖ ਵੱਖ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੈਡੀਕਲ ਕਾਲਜ਼ ਦੇ ਪ੍ਰਿੰਸੀਪਲ ਦਫ਼ਤਰ ਦਾ ਘਿਰਾਓ ਕਰਕੇ ਨਾਅਰੇਬਾਜੀ ਕੀਤੀ ਗਈ। ਮੁਲਾਜ਼ਮਾਂ ਨੇ ਦੋਸ਼ ਲਾਇਆ ਕਿ ਕੋਰੋਨਾ ਸੰਕਟ ਵਿੱਚ ਉਹ ਆਪਣੀ ਡਿਊਟੀ ਦੇ ਰਹੇ ਹਨ, ਪਰ ਉਨ੍ਹਾਂ ਦੀ ਸਿਹਤ ਅਤੇ ਮੰਗਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਇੰਪਲਾਈਜ਼ ਵੈਲਫੇਅਰ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਪ੍ਰਧਾਨ ਸਵਰਨ ਸਿੰਘ ਬੰਗਾ,ਚੇਅਰਮੈਨ ਸਾਥੀ ਰਾਮ ਕਿਸ਼ਨ ਅਤੇ ਸਰਪ੍ਰਸਤ ਅਮਰੀਕ ਸਿੰਘ ਦੀ ਅਗਵਾਈ ਵਿਚ ਮਲਾਜ਼ਮ ਮੰਗਾਂ ਨੂੰ ਲੈ ਕੇ ਸਵੇਰੇ ਰੋਸ਼ ਪ੍ਰਦਰਸ਼ਨ ਕੀਤਾ ਗਿਆ ਅਤੇ ਨਾਲ ਹੀ ਪ੍ਰਿੰਸੀਪਲ ਦਫ਼ਤਰ ਅੱਗੇ ਘਿਰਾਓ ਕਰਦਿਆ ਜੋਰਦਾਰ ਨਾਅਰੇਬਾਜੀ ਕੀਤੀ ਗਈ। ਇਸ ਤੋਂ ਬਾਅਦ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ ਹਰਜਿੰਦਰ ਸਿੰਘ ਵੱਲੋਂ ਜੁਆਇੰਟ ਐਕਸ਼ਨ ਕਮੇਟੀ ਦੇ ਆਗੂਆਂ ਨੂੰ ਮੀਟਿੰਗ ਲਈ ਸੱਦਿਆ ਗਿਆ।
ਮੀਟਿੰਗ ਦੌਰਾਨ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਜਾਣੂ ਕਰਵਾਉਂਦਿਆ ਉਨ੍ਹਾਂ ਦੱਸਿਆ ਕਿ ਕੋਰੋਨਾ ਯੋਧਿਆਂ ਲਈ 50 ਲਖ ਬੀਮੇ ਦੇ ਫਾਰਮ ਭਰਨ, ਕਰਮਚਾਰੀਆਂ ਨੂੰ ਲੋੜ ਅਨੁਸਾਰ ਹੈਂਡ ਸੈਨੇਟਾਈਜਰ ਮਾਸਕ ਤੇ ਹੋਰ ਸਾਜੋ ਸਮਾਨ ਦੀ ਪੂਰਤੀ, ਸਾਰੇ ਕੇਡਰਾਂ ਦੇ ਮੁਲਾਜ਼ਮਾਂ ਦੀਆਂ ਰੋਟੇਸ਼ਨ ਵਾਈਜ ਡਿਊਟੀਆਂ ਲਗਾਉਣ ਤੇ ਸਹਿਮਤੀ ਬਣੀ। ਇਸ ਤੋਂ ਇਲਾਵਾ ਪ੍ਰਿੰਸੀਪਲ ਡਾ ਹਰਜਿੰਦਰ ਸਿੰਘ ਨੇ ਕਰਮਚਾਰੀ ਆਗੂਆਂ ਨੂੰ ਦਸਿਆ ਕਿ ਠੇਕਾ ਆਧਾਰਤ ਕਰਮਚਾਰੀਆਂ ਨੂੰ ਰੈਗੂਲਰ ਕਰਨ ਲਈ ਸਰਕਾਰ ਦੀ ਮੰਗ ਅਨੁਸਾਰ ਸਾਰਾ ਰਿਕਾਰਡ ਭੇਜਿਆ ਜਾ ਚੁੱਕਾ ਹੈ ਅਤੇ ਪੈਂਡਿੰਗ ਤਰਸ ਅਧਾਰਿਤ ਕੇਸ ਵੀ ਡੀ ਆਰ ਐਮ ਈ ਨੂੰ ਭੇਜੇ ਜਾ ਚੁਕੇ ਹਨ।
ਮਲਟੀਟਾਸਕ ਸਟਾਫ (104) ਦੀਆਂ ਤਨਖਾਹਾਂ ਅਤੇ ਈ ਪੀ ਐਫ ਨੰਬਰ ਵੀ ਆ ਚੁੱਕੇ ਹਨ। ਇਸ ਤੋਂ ਬਾਅਦ ਆਗੂਆਂ ਨੇ ਇਸ ਤੇ ਭਰੋਸਾ ਕਰਦਿਆ ਅੱਜ ਦਾ ਪ੍ਰਦਰਸ਼ਨ ਖਤਮ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨੂੰ ਜਲਦ ਪੂਰਾ ਨਾ ਕੀਤਾ ਗਿਆ ਤਾ ਇਸ ਤੋਂ ਬਾਅਦ ਤਿੱਖਾ ਸੰਘਰਸ ਹੋਵੇਗਾ। ਇਸ ਮੌਕੇ ਰਾਕੇਸ਼ ਕਲਿਆਣ, ਨਰਿੰਦਰ ਕੁਮਾਰ, ਨਰੇਸ਼ ਕੁਮਾਰ ਗਾਟ, ਸੁਰਿੰਦਰਪਾਲ ਦੁੱਗਲ, ਰੋਹਿਤ ਮਾਨ,ਅਜੈ ਕੁਮਾਰਸੀਪਾ,ਅਮਨ, ਬਲਜਿੰਦਰ ਸਿੰਘ, ਵਿਜੇ ਕੁਮਾਰ, ਰੇਣੂ, ਜਸਬੀਰ ਕੌਰ ਅਤੇ ਅੰਗਰੇਜ਼ ਕੌਰ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।