ਆਗੂਆਂ ਸਰਕਾਰਾਂ ਵੱਲੋਂ ਮਜ਼ਦੂਰਾਂ ਪ੍ਰਤੀ ਅਪਣਾਈ ਜਾ ਰਹੀ ਨੀਤੀ ਦੀ ਕੀਤੀ ਨਿਖੇਧੀ
ਬਰਨਾਲਾ, (ਜਸਵੀਰ ਸਿੰਘ) ਕੱਟੇ ਕਾਰਡਾਂ ਨੂੰ ਬਹਾਲ ਕਰਨ ਸਮੇਤ ਹੋਰ ਮੰਗਾਂ ਨੂੰ ਲੈ ਕੇ ਸੈਂਕੜੇ ਮਜ਼ਦੂਰ ਔਰਤਾਂ ਨੇ ਸਥਾਨਕ ਡੀਸੀ ਦਫ਼ਤਰ ਅੱਗੇ ਸੰਘਰਸ਼ ਕਮੇਟੀ ਦੇ ਬੈਨਰ ਹੇਠ ਹੱਥਾਂ ‘ਚ ਵੱਖ ਵੱਖ ਮੰਗਾਂ ਸਬੰਧੀ ਤਖ਼ਤੀਆਂ ਫ਼ੜ ਕੇ ਰੋਸ ਧਰਨਾ ਦਿੱਤਾ। ਪ੍ਰਦਰਸ਼ਨਾਕਰੀਆਂ ਨੇ ਸਰਕਾਰਾਂ ਵੱਲੋਂ ਮਜ਼ਦੂਰਾਂ ਪ੍ਰਤੀ ਅਪਣਾਈ ਜਾ ਰਹੀ ਨੀਤੀ ਦੇ ਵਿਰੋਧ ਦੀ ਨਿਖੇਧੀ ਕਰਦਿਆਂ ਜੋਰਦਾਰ ਨਾਅਰੇਬਾਜ਼ੀ ਵੀ ਕੀਤੀ।
ਧਰਨੇ ਨੂੰ ਸੰਬੋਧਨ ਕਰਦਿਆਂ ਲਖਵੀਰ ਸਿੰਘ, ਖੁਸੀਆ ਸਿੰਘ ਤੇ ਜਗਰਾਜ ਸਿੰਘ ਰਾਮਾ ਆਦਿ ਮਜ਼ਦੂਰ ਆਗੂਆਂ ਨੇ ਕਿਹਾ ਕਿ ਫੂਡ ਸਪਲਾਈ ਵਿਭਾਗ ਅਤੇ ਮਿਉਂਸਪਲ ਕਮੇਟੀ ਦੇ ਅਫ਼ਸਰਾਂ ਦੀ ਕਥਿੱਤ ਮਿਲੀ ਭੁਗਤ ਕਾਰਨ ਜ਼ਿਲੇ ਦੇ ਸੈਂਕੜੇ ਮਜ਼ਦੂਰ ਪਰਿਵਾਰ ਭੁੱਖੇ ਪੇਟ ਸੌਣ ਲਈ ਮਜ਼ਬੂਰ ਹਨ।
ਉਨਾਂ ਕਿਹਾ ਕਿ ਵਿਭਾਗ ਨੇ ਕਾਰਡ ਕੱਟ ਕੇ ਸਰਾਸ਼ਰ ਲੋੜਵੰਦਾਂ ਨਾਲ ਧੱਕਾ ਕੀਤਾ ਹੈ। ਇੱਕ ਕੋਰੋਨਾ ਮਹਾਂਮਾਰੀ ਨੇ ਉਨਾਂ ਦੇ ਸਮੁੱਚੇ ਕਾਰੋਬਾਰ ਠੱਪ ਕਰ ਦਿੱਤੇ ਤੇ ਦੂਸਰਾ ਕੱਟੇ ਗਏ ਰਾਸ਼ਨ ਕਾਰਡਾਂ ਕਾਰਨ ਪਹਿਲਾਂ ਮਿਲਦੀਆਂ ਸਹੂਲਤਾਂ ਵੀ ਉਨਾਂ ਕੋਲੋ ਖੁੱਸ ਗਈਆਂ ਹਨ। ਇਸ ਦੌਰਾਨ ਮਜ਼ਦੂਰਾਂ ਨੇ ਕੱਟੇ ਕਾਰਡ ਬਹਾਲ ਕਰੋ ਆਦਿ ਦੀਆਂ ਤਖ਼ਤੀਆਂ ਹੱਥਾਂ ‘ਚ ਫੜਕੇ ਵਿਭਾਗ ਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਦੌਰਾਨ ਆਗੂਆਂ ਨੇ ਸਰਕਾਰਾਂ ਵੱਲੋਂ ਮਜ਼ਦੂਰਾਂ ਪ੍ਰਤੀ ਅਪਣਾਈ ਜਾ ਰਹੀ ਨੀਤੀ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਵੀ ਕੀਤੀ। ਉਨਾਂ ਕੱਟੇ ਕਾਰਡਾਂ ਨੂੰ ਬਿਨਾਂ ਸ਼ਰਤ ਬਹਾਲ ਕਰਨ ਦੀ ਮੰਗ ਜ਼ੋਰਦਾਰ ਢੰਗ ਨਾਲ ਉਠਾਈ। ਅਖੀਰ ‘ਚ ਆਗੂਆਂ ਦੁਆਰਾ ਡੀਸੀ ਬਰਨਾਲਾ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ। ਇਸ ਮੌਕੇ ਗਿਆਨੀ ਹਰੀ ਸਿੰਘ, ਪਰਮਜੀਤ ਕੌਰ, ਦਰਸ਼ਨ ਕੌਰ, ਗੁਰਨਾਮ ਕੌਰ, ਜੀਤ ਕੌਰ, ਗੁਰਪ੍ਰੀਤ ਕੌਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਮਜ਼ਦੂਰ ਮਰਦ/ ਔਰਤਾਂ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।