ਕਿਸਾਨਾਂ ਨੇ ਪ੍ਰਸ਼ਾਸਨਿਕ ਮਨਜ਼ੂਰੀ ਪਿੱਛੋਂ ਆਪਣੇ ਖਰਚੇ ‘ਤੇ ਪੰਜਾਬ ਲਿਆਂਦੇ ਪ੍ਰਵਾਸੀ ਮਜ਼ਦੂਰ

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਉਦਮਾਂ ਨੂੰ ਪਿਆ ਬੂਰ

ਬਰਨਾਲਾ, (ਜਸਵੀਰ ਸਿੰਘ) ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਆਗੂਆਂ ਦੁਆਰਾ ਕੀਤੇ ਜਾ ਰਹੇ ਸੰਘਰਸ਼ ਨੂੰ ਉਸ ਸਮੇਂ ਬੂਰ ਪੈ ਗਿਆ ਜਦੋਂ ਕਿਸਾਨਾਂ ਨੇ ਪ੍ਰਸ਼ਾਸਨਿਕ ਮੰਨਜੂਰੀ ਪਿੱਛੋਂ ਆਪਣੇ ਖਰਚੇ ‘ਤੇ ਪ੍ਰਵਾਸੀ ਮਜ਼ਦੂਰਾਂ ਨੂੰ ਪੰਜਾਬ ਲਿਆਂਦਾ। ਪੰਜਾਬ ਪੁੱਜਣ ‘ਤੇ ਪ੍ਰਵਾਸੀ ਮਜ਼ਦੂਰਾਂ ਦਾ ਫੁੱਲਾਂ ਦੇ ਹਾਰ ਪਾ ਕੇ ਸਨਮਾਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਨੇ ਕਿਸਾਨਾਂ ਤੇ ਪ੍ਰਵਾਸੀ ਮਜ਼ਦੂਰਾਂ ਨੂੰ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਮਾਸਕ ਤੇ ਹੋਰ ਸੁਰੱਖਿਆ ਸਮਾਨ ਵੰਡਿਆ ਤੇ ਸਿਹਤ ਵਿਭਾਗ ਦੁਆਰਾ ਜ਼ਾਰੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ।

ਜ਼ਿਕਰਯੋਗ ਹੈ ਕਿ ਝੋਨੇ ਦੀ ਬਿਜ਼ਾਈ ਲਈ ਕਿਸਾਨਾਂ ਨੂੰ ਲੇਬਰ ਦੀ ਘਾਟ ਨਾਲ ਜੂਝਣਾ ਪੈ ਰਿਹਾ ਸੀ ਤੇ ਇਸ ਲੇਬਰ ਦੀ ਘਾਟ ਨੂੰ ਪੂਰਾ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂਆਂ ਦੁਆਰਾ ਜਥੇਬੰਦੀ ਦੇ ਜ਼ਿਲਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਦੀ ਅਗਵਾਈ ‘ਚ ਸੰਘਰਸ਼ ਅਰੰਭਿਆ ਹੋਇਆ ਸੀ।

ਜਿਸ ਦੌਰਾਨ ਆਗੂਆਂ ਦੁਆਰਾ ਪ੍ਰਸ਼ਾਸਨ ਪਾਸੋਂ ਝੋਨੇ ਦੀ ਬਿਜਾਈ ਲਈ ਮਜ਼ਦੂਰਾਂ ਨੂੰ ਪੰਜਾਬ ਲਿਆਉਣ ਲਈ ਆਗਿਆ ਮੰਗ ਜਾ ਰਹੀ ਸੀ। ਜਿਸ ਨੂੰ ਅੱਜ ਉਸ ਸਮੇਂ ਬੂਰ ਪੈ ਗਿਆ ਜਦੋਂ ਪ੍ਰਸ਼ਾਸਨ ਦੀ ਮੰਨਜੂਰੀ ਪਿੱਛੋਂ ਪ੍ਰਵਾਸੀ ਮਜ਼ਦੂਰ ਜ਼ਿਲੇ ਦੇ ਪਿੰਡ ਕੈਰੇ ਤੇ ਪਿੰਡ ਚੰਨਣਵਾਲ ਵਿਖੇ ਪੁੱਜ ਗਏ। ਜਿੰਨਾਂ ਨੂੰ ਪੰਜਾਬ ਪੁੱਜਣ ‘ਤੇ ਜਥੇਬੰਦੀ ਦੇ ਆਗੂਆਂ ਵੱਲੋਂ ਜਿੱਥੇ ਪ੍ਰਵਾਸੀ ਮਜ਼ਦੂਰਾਂ ਦਾ ਫੁੱਲਾਂ ਦੇ ਹਾਰ ਪਾ ਕੇ ਸਨਮਾਨ ਕੀਤਾ ਗਿਆ

ਉੱਥੇ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਮਾਸਕ, ਸੈਨੇਟਾਈਜਰ, ਸਾਬਣ ਤੇ ਹੋਰ ਲੋੜੀਦਾ ਸੁਰੱਖਿਆ ਸਮਾਨ ਵੀ ਵੰਡਿਆ ਗਿਆ। ਇਹ ਵੀ ਦੱਸਣਾ ਬਣਦਾ ਹੈ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਲਿਆਉਣ ਲਈ ਕਿਸਾਨਾਂ ਨੇ ਆਪਣੇ ਖਰਚੇ ‘ਤੇ ਬੱਸਾਂ ਭੇਜੀਆਂ ਸਨ ਜਿੰਨਾਂ ਰਾਹੀਂ ਕਿਸਾਨਾਂ ਨੂੰ ਪੰਜਾਬ ਲਿਆਂਦਾ ਗਿਆ ਹੈ।

ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਨੇ ਦੱਸਿਆ ਕਿ ਝੋਨੇ ਦੀ ਬਿਜ਼ਾਈ ਲਈ ਕਿਸਾਨਾਂ ਨੂੰ ਪ੍ਰਵਾਸੀ ਲੇਬਰ ਦੀ ਘਾਟ ਵੱਡੇ ਪੱਧਰ ‘ਤੇ ਰੜਕ ਰਹੀ ਸੀ, ਜਿਸ ਨੂੰ ਧਿਆਨ ‘ਚ ਰਖਦਿਆਂ ਬੀਕੇਯੂ ਲੱਖੋਵਾਲ ਵੱਲੋਂ ਪ੍ਰਵਾਸੀ ਮਜ਼ਦੂਰਾਂ ਨੂੰ ਲਿਆਉਣ ਲਈ ਡੀਸੀ ਬਰਨਲਾ ਤੇ ਐਸਡੀਐਮ ਬਰਨਾਲਾ ਨਾਲ ਗੱਲਬਾਤ ਕਰਕੇ ਮਜ਼ਦੂਰਾਂ ਨੂੰ ਲਿਆਉਣ ਲਈ ਮੰਨਜੂਰੀ ਮੰਗੀ ਜਾ ਰਹੀ ਸੀ। ਉਨਾਂ ਦੱਸਿਆ ਕਿ ਪ੍ਰਸ਼ਾਸਨਿਕ ਮੰਨਜੂਰੀ ਪਿੱਛੋਂ ਅੱਜ ਬਿਹਾਰ ਤੇ ਯੂਪੀ ਤੋਂ ਪ੍ਰਵਾਸੀ ਮਜ਼ਦੂਰਾਂ ਨੂੰ ਲਿਆਂਦਾ ਗਿਆ ਹੈ।

ਜਿਸ ਕਾਰਨ ਕਿਸਾਨ ਖੁਸ਼ ਨਜਰ ਆ ਰਹੇ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਪ੍ਰਵਾਸੀ ਮਜ਼ਦੂਰਾਂ ਦਾ ਮੈਡੀਕਲ ਚੈੱਕਅਪ ਕਰਵਾਉਣ ਦੇ ਨਾਲ-ਨਾਲ ਪ੍ਰਸ਼ਾਸਨ ਦੁਆਰਾ ਜਾਰੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ। ਉਨ੍ਹਾਂ ਦੱਸਿਆ ਕਿ ਉਕਤ ਪ੍ਰਵਾਸੀ ਮਜ਼ਦੂਰਾਂ ਨੂੰ ਉਨਾਂ ਦੇ ਸੂਬੇ ਤੋਂ ਪੰਜਾਬ ਲਿਆਉਣ ਲਈ ਕਿਸਾਨਾਂ ਵੱਲੋਂ ਆਪਣੇ ਖਰਚੇ ‘ਤੇ ਬੱਸਾਂ ਭੇਜੀਆਂ ਗਈਆਂ ਸਨ। ਉਨਾਂ ਪੰਜਾਬ ਸਰਕਾਰ ਤੋਂ ਪ੍ਰਵਾਸੀ ਮਜ਼ਦੂਰਾਂ ਨੂੰ ਲਿਆਉਣ ਲਈ ਰੇਲਾਂ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ।

ਇਸ ਮੌਕੇ ਜ਼ਿਲਾ ਮੀਤ ਪ੍ਰਧਾਨ ਬਲਵਿੰਦਰ ਸਿੰਘ ਦੁੱਗਲ, ਜਗਰਾਜ ਸਿੰਘ ਕੈਰੇ, ਸਮਸੇਰ ਸਿੰਘ ਹੁੰਦਲ, ਸੁਖਵਿੰਦਰ ਸਿੰਘ, ਬਲਵੰਤ ਸਿੰਘ, ਨਿਰਮਲ ਸਿੰਘ, ਪਾਲ ਸਿੰਘ, ਸਰਕਲ ਪ੍ਰਧਾਨ ਲਖਵਿੰਦਰ ਸਿੰਘ ਆਦਿ ਆਗੂ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।