ਗ੍ਰੀਨ-ਟੀ ਦੇ ਸ਼ੌਕੀਨ ਅਧਿਕਾਰੀਆਂ ਤੇ ਮੰਤਰੀਆਂ ਲਈ ਵੀ ਹੋ ਰਿਹਾ ਐ ਔਖਾ, ਘਰੋਂ ਲੈ ਕੇ ਆਉਣਾ ਪਏਗਾ ਗਰਮ ਪਾਣੀ
ਚੰਡੀਗੜ੍ਹ, (ਅਸ਼ਵਨੀ ਚਾਵਲਾ) ਪੰਜਾਬ ਦੇ ਮੰਤਰੀਆਂ ਨੂੰ ਹੁਣ ਸਿਵਲ ਸਕੱਤਰੇਤ ਵਿਖੇ ਚਾਹ ਕੌਫੀ ਦਾ ਸੁਆਦ ਨਹੀਂ ਮਿਲੇਗਾ, ਇੱਥੇ ਹੀ ਭੁੱਖ ਲੱਗਣ ‘ਤੇ ਮਿਲਣ ਵਾਲਾ ‘ਪਨੀਰ ਦੇ ਪਕੌੜੇ’ ਤੇ ਕਚੌਰੀ ਸਣੇ ਸਮੋਸਾ ਵੀ ਉਨ੍ਹਾਂ ਦੀ ਪਲੇਟ ‘ਚੋਂ ਗਾਇਬ ਹੀ ਨਜ਼ਰ ਆਏਗਾ, ਕਿਉਂਕਿ ਕੋਰੋਨਾ ਦੇ ਡਰ ਕਾਰਨ ਉੱਚ ਅਧਿਕਾਰੀ ਵੱਲੋਂ ਇਸ ਤਰ੍ਹਾਂ ਦੀ ਸਪਲਾਈ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਪੰਜਾਬ ਦੇ ਸਾਰੇ ਕੈਬਨਿਟ ਮੰਤਰੀਆਂ ਤੇ ਅਧਿਕਾਰੀਆਂ ਨੂੰ ਹੁਣ ਤੋਂ ਬਾਅਦ ਬੰਦ ਪੈਕ ਲੱਸੀ ਤੇ ਜੂਸ ਹੀ ਸਪਲਾਈ ਕੀਤਾ ਜਾਏਗਾ ਇਸ ਨਾਲ ਖਾਣ ਲਈ ਸੀਲ ਬੰਦ ਛੋਟੇ ਬਿਸਕੁਟ ਦੇ ਪੈਕੇਟ ਹੀ ਮਿਲਣਗੇ। ਇਸ ਪਿੱਛੇ ਕੋਰੋਨਾ ਨੂੰ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ। ਪੰਜਾਬ ‘ਚ ਆਮ ਜਨਤਾ ‘ਤੇ ਭਾਰੀ ਪਿਆ ਕੋਰੋਨਾ ਹੁਣ ਕੈਬਨਿਟ ਮੰਤਰੀਆਂ ਤੇ ਅਧਿਕਾਰੀਆਂ ਦੇ ਮੂੰਹ ਦੇ ਸੁਆਦ ‘ਤੇ ਵੀ ਭਾਰੀ ਪੈਂਦਾ ਨਜ਼ਰ ਆ ਰਿਹਾ ਹੈ।
ਜਾਣਕਾਰੀ ਅਨੁਸਾਰ ਪੰਜਾਬ ਸਿਵਲ ਸਕੱਤਰੇਤ ਵਿਖੇ ਪੰਜਾਬ ਦੇ ਮੁੱਖ ਮੰਤਰੀ, ਸਾਰੇ ਕੈਬਨਿਟ ਮੰਤਰੀਆਂ ਤੋਂ ਇਲਾਵਾ ਸਾਰੇ ਸੀਨੀਅਰ ਅਧਿਕਾਰੀਆਂ ਦਾ ਦਫ਼ਤਰ ਸਥਿਤ ਹੈ। ਇਸੇ ਸਿਵਲ ਸਕੱਤਰੇਤ ਵਿਖੇ ਹੀ ਕੈਬਨਿਟ ਮੰਤਰੀ ਤੇ ਅਧਿਕਾਰੀ ਪੰਜਾਬ ਦਾ ਸਾਰਾ ਕੰਮਕਾਜ ਕਰਦੇ ਹਨ।
ਇਨ੍ਹਾਂ ਮੰਤਰੀਆਂ ਤੇ ਅਧਿਕਾਰੀਆਂ ਦੇ ਚਾਹ ਪਾਣੀ ਦਾ ਇੰਤਜ਼ਾਮ ਕਰਨ ਦੀ ਜ਼ਿੰਮੇਵਾਰੀ 4-5 ਵੀਆਈਪੀ ਕੰਟੀਨਾਂ ਦੇ ਜਿੰਮੇ ਰਹਿੰਦੀ ਹੈ। ਪਿਛਲੇ ਸਮੇਂ ਦੌਰਾਨ ਇਨ੍ਹਾਂ ਵੀਆਈਪੀ ਕੰਟੀਨਾਂ ਤੋਂ ਮੰਤਰੀਆਂ ਅਤੇ ਅਧਿਕਾਰੀਆਂ ਲਈ ਕਈ ਤਰ੍ਹਾਂ ਦੇ ਪਕੌੜੇ, ਸਮੋਸਾ, ਕਚੌਰੀ, ਮਠਿਆਾਈ ਵਿੱਚ ਬਰਫ਼ੀ, ਗੁਲਾਬ ਜਾਮਨ ਤੇ ਵੇਸਨ ਦੇ ਲੱਡੂ ਬਰਫ਼ੀ ਦੀ ਸਪਲਾਈ ਦੇਣ ਦੇ ਨਾਲ ਹੀ ਚਾਹ ਕੌਫ਼ੀ ਵੀ ਦਿੱਤੀ ਜਾਂਦੀ ਰਹੀਂ ਹੈ।
ਬੀਤੇ 2 ਮਹੀਨੇ ਪਹਿਲਾਂ ਕੋਰੋਨਾ ਦੇ ਕਾਰਨ ਸਿਵਲ ਸਕੱਤਰੇਤ ਵਿਖੇ ਕੈਬਨਿਟ ਮੰਤਰੀਆਂ ਨੇ ਆਉਣਾ ਬੰਦ ਕਰ ਦਿੱਤਾ ਤਾਂ ਅਧਿਕਾਰੀ ਵੀ ਬਹੁਤ ਹੀ ਘੱਟ ਆਪਣੇ ਦਫ਼ਤਰਾਂ ‘ਚ ਬੈਠ ਰਹੇ ਹਨ। ਇੱਥੇ ਹੀ ਕੇਂਦਰ ਸਰਕਾਰ ਵੱਲੋਂ ਜਾਰੀ ਆਦੇਸ਼ਾਂ ਅਨੁਸਾਰ ਕੰਟੀਨਾਂ ਨੂੰ ਵੀ ਜ਼ਿਆਦਾ ਸਮਾਂ ਬੰਦ ਹੀ ਰੱਖਿਆ ਗਿਆ ਸੀ ਪਰ ਹੁਣ ਬੀਤੇ ਦਿਨਾਂ ਤੋਂ ਜ਼ਿਆਦਾਤਰ ਅਧਿਕਾਰੀਆਂ ਨੇ ਸਾਰਾ ਦਿਨ ਦਫ਼ਤਰ ‘ਚ ਹਾਜ਼ਰੀ ਭਰਨੀ ਸ਼ੁਰੂ ਕਰ ਦਿੱਤੀ ਹੈ ਤਾਂ ਕੈਬਨਿਟ ਮੰਤਰੀ ਵੀ ਆਪਣੇ ਦਫ਼ਤਰਾਂ ‘ਚ ਆਉਣ ਦੇ ਨਾਲ-ਨਾਲ ਮੀਟਿੰਗਾਂ ਕਰ ਰਹੇ ਹਨ।
ਇਸ ਨਾਲ ਮੁੜ ਤੋਂ ਵੀਆਈਪੀ ਕੰਟੀਨਾਂ ਨੂੰ ਪਹਿਲਾਂ ਵਾਂਗ ਖੋਲ੍ਹ ਦਿੱਤਾ ਗਿਆ ਹੈ ਪਰ ਇਨ੍ਹਾਂ ਵੱਲੋਂ ਸਪਲਾਈ ਕਰਨ ਵਾਲੇ ਸਮਾਨ ਨੂੰ ਸੀਮਤ ਕਰ ਦਿੱਤਾ ਗਿਆ ਹੈ। ਇਸ ਵਿੱਚ ਹੁਣ ਪਕੌੜੇ, ਸਮੋਸਾ, ਕਚੌਰੀ, ਬਰਫ਼ੀ, ਗੁਲਾਬ ਜਾਮਨ ਤੇ ਵੇਸਨ ਦੇ ਲੱਡੂ, ਬਰਫ਼ੀ ਸਣੇ ਚਾਹ-ਕੌਫੀ ‘ਤੇ ਪਾਬੰਦੀ ਲਗਾਈ ਗਈ ਹੈ। ਕੈਬਨਿਟ ਮੰਤਰੀਆਂ ਤੇ ਅਧਿਕਾਰੀਆਂ ਨੂੰ ਸਿਰਫ਼ ਬੰਦ ਪੈਕ ਲੱਸੀ ਤੇ ਜੂਸ ਸਣੇ ਬਿਸਕੁਟ ਹੀ ਸਪਲਾਈ ਕੀਤੇ ਜਾਣਗੇ ਤੇ ਕੋਈ ਵੀ ਖੁੱਲ੍ਹੀ ਚੀਜ਼ ਪਲੇਟ ‘ਚ ਸਪਲਾਈ ਨਹੀਂ ਕੀਤੀ ਜਾਏਗੀ, ਇੱਥੋਂ ਤੱਕ ਕਿ ਬਿਸਕੁਟ ਵੀ ਬੰਦ ਪੈਕ ਹੀ ਦਿੱਤੇ ਜਾਣਗੇ।
ਕੋਰੋਨਾ ਦੇ ਕਾਰਨ ਲਿਆ ਗਿਆ ਐ ਫੈਸਲਾ, ਰਿਸਕ ਨਹੀਂ ਲੈ ਸਕਦੇ : ਡਾਇਰੈਕਟਰ
ਪ੍ਰਾਹੁਣਚਾਰੀ ਵਿਭਾਗ ਦੇ ਡਾਇਰੈਕਟਰ ਮਨੀਸ਼ ਕੁਮਾਰ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਆਦੇਸ਼ ‘ਤੇ ਇਹ ਤੈਅ ਕੀਤਾ ਗਿਆ ਹੈ ਕਿ ਹੁਣ ਕੋਈ ਵੀ ਖੁੱਲ੍ਹਾ ਸਾਮਾਨ ਸਪਲਾਈ ਨਹੀਂ ਹੋਏਗਾ। ਸਿਰਫ਼ ਬੰਦ ਪੈਕਿੰਗ ਵਾਲਾ ਹੀ ਸਾਮਾਨ ਹੀ ਅਧਿਕਾਰੀਆਂ ਤੇ ਕੈਬਨਿਟ ਮੰਤਰੀਆਂ ਨੂੰ ਦਿੱਤਾ ਜਾਏਗਾ, ਜਿਸ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਖਤਰਾ ਨਹੀਂ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਰਿਸਕ ਨਹੀਂ ਲਿਆ ਜਾ ਸਕਦਾ ਹੈ ਤੇ ਇਹ ਫੈਸਲਾ ਕੋਰੋਨਾ ਦੇ ਚਲਦੇ ਲਿਆ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।